ਸਪੀਕਰ ਵੱਲੋਂ ''ਆਪ'' ਵਿਧਾਇਕਾਂ ਨੂੰ ਵਿਧਾਨ ਸਭਾ ਤੋਂ ਬਾਹਰ ਨਿਕਲਣ ਦੇ ਹੁਕਮ, ਪਗੜੀ ਉਤਰਣ ਤੋਂ ਬਾਅਦ ਹੰਗਾਮਾ (ਵੀਡੀਓ)

06/23/2017 12:35:01 AM

ਚੰਡੀਗੜ੍ਹ(ਸ਼ਰਮਾ)— ਵਿਧਾਨ ਸਭਾ ਇਕ ਲੜਾਈ ਦਾ ਅਖਾੜਾ ਬਣ ਕੇ ਰਹਿ ਗਈ ਹੈ। ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਕੁਝ ਨਾ ਕੁਝ ਨਵਾਂ ਕਰਕੇ ਸੁਰਖੀਆਂ ਬਟੋਰਨ 'ਚ ਲੱਗੇ ਹੋਏ ਹਨ। ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਰੋਜ਼ਾਨਾ ਹੰਗਾਮਾ ਸ਼ੁਰੂ ਹੋ ਜਾਂਦਾ ਹੈ ਅਤੇ ਨੇਤਾ ਇਕ ਦੂਜੇ ਨਾਲ ਉਲਝਦੇ ਨਜ਼ਰ ਆਉਂਦੇ ਹਨ। ਵਿਧਾਨ ਸਭਾ ਸੈਸ਼ਨ ਦੇ 7ਵੇਂ ਦਿਨ ਵੀ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਸਪੀਕਰ ਕੇ. ਪੀ. ਰਾਣਾ ਨੇ 'ਆਪ' ਨੇਤਾ ਸੁਖਪਾਲ ਖਹਿਰਾ ਅਤੇ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਬੈਂਸ ਨੂੰ ਵਿਧਾਨ ਸਭਾ ਦੇ ਅੰਦਰ ਆਉਣ ਦੀ ਮਨਾਹੀ ਕਰ ਦਿੱਤੀ। ਦਰਅਸਲ ਇਨ੍ਹਾਂ ਦੋਵੇਂ ਵਿਧਾਇਕਾਂ 'ਤੇ ਲੱਗੀ ਪਾਬੰਦੀ ਦਾ ਕਾਰਨ ਸੁਖਪਾਲ ਖਹਿਰਾ ਵੱਲੋਂ ਸਦਨ ਦੀ ਵੀਡੀਓ ਬਣਾਉਣਾ ਅਤੇ ਸਿਮਰਨਜੀਤ ਸਿੰਘ ਬੈਂਸ ਵੱਲੋਂ ਬਹਿਸ ਦੌਰਾਨ ਸਪੀਕਰ 'ਤੇ ਪੇਪਰ ਸੁੱਟਣ ਦੇ ਦੋਸ਼ ਲਗਾਏ ਗਏ ਸਨ। ਉਨ੍ਹਾਂ ਨੇ ਮਾਰਸ਼ਲ ਨੂੰ ਆਦੇਸ਼ ਦਿੱਤੇ ਕਿ ਦੋਹਾਂ ਨੂੰ ਅੰਦਰ ਨਾ ਆਉਣ ਦਿੱਤਾ ਜਾਵੇ। ਰਾਣਾ ਦੀ ਇਸ ਗੱਲ ਦਾ ਇਤਰਾਜ਼ ਜਤਾਉਂਦੇ ਹੋਏ ਦੋਵੇਂ ਨੇਤਾ ਵਿਧਾਨ ਸਭਾ ਦੀ ਬਿਲਡਿੰਗ ਦੇ ਬਾਹਰ ਧਰਨੇ 'ਤੇ ਬੈਠ ਗਏ। 

ਇਹ ਹੀ ਨਹੀਂ 'ਆਪ' ਵਿਧਾਇਕਾਂ ਵੱਲੋਂ ਕੀਤੇ ਗਏ ਵਿਰੋਧ ਤੋਂ ਬਾਅਦ ਉਨ੍ਹਾਂ ਫੜ ਕੇ ਪੂਰੇ ਦਿਨ ਲਈ ਸਦਨ ਤੋਂ ਮਾਰਸ਼ਲਾਂ ਨੇ ਜਬਰੀ ਚੁੱਕ ਕੇ ਬਾਹਰ ਸੁੱਟਿਆ। ਇਸ ਤੋਂ ਬਾਅਦ ਅਕਾਲੀ ਦਲ ਨੇ ਵੀ ਵਾਕਆਊਟ ਕੀਤਾ। ਇਸ ਤੋਂ ਬਾਅਦ ਫਿਰ 'ਆਪ' ਅਤੇ ਅਕਾਲੀ ਦਲ ਦੇ ਮੈਂਬਰ ਮਿਲ ਕੇ ਮਾਰਸ਼ਲਾਂ ਦਾ ਘੇਰਾ ਤੋੜ ਕੇ ਸਦਨ 'ਚ ਜਬਰੀ ਦਾਖਲ ਹੋਣ ਦੀ ਕੋਸ਼ਿਸ਼ ਕਰਨ ਲੱਗੇ, ਜਿਸ ਦੌਰਾਨ ਧੱਕਾ-ਮੁੱਕੀ ਹੋਈ ਅਤੇ ਵਿਧਾਇਕ ਦੀ ਪਗੜੀ ਉਤਰ ਗਈ। ਇਸ ਦੌਰਾਨ ਵਿਧਾਇਕਾਂ ਨੇ ਮਾਰਸ਼ਲਾਂ ਵੱਲੋਂ ਪਗੜੀ ਉਤਾਰਣ ਅਤੇ ਕਕਾਰਾਂ ਦੀ ਬੇਅਦਬੀ ਦਾ ਦੋਸ਼ ਲਗਾਇਆ। ਇਸ ਦੌਰਾਨ ਹੋਈਆਂ ਝੜਪਾਂ ਦੇ ਚਲਦਿਆਂ ਆਪ' ਮਹਿਲਾ ਵਿਧਾਇਕਾ ਸਰਬਜੀਤ ਸਿੰਘ ਮਾਣੂੰਕੇ ਬੇਹੋਸ਼ ਹੋ ਗਈ। 


ਇਸ ਤੋਂ ਬਾਅਦ ਅਕਾਲੀ ਦਲ ਦੇ ਵਿਧਾਇਕਾਂ ਨੇ ਵੀ ਸਦਨ ਦਾ ਬਾਇਕਾਟ ਕਰਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ਵਿਰੋਧੀ ਧਿਰ ਦੇ ਪ੍ਰਤੀ ਸੱਤਾ ਪੱਖ ਦੇ ਰਵੱਈਏ ਦਾ ਵਿਰੋਧ ਕੀਤਾ ਅਤੇ ਸਦਨ ਤੋਂ ਵਾਕਆਊਟ ਕੀਤਾ। ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਐੱਮ. ਐੱਲ. ਏ. ਨੂੰ ਆਪਣਾ ਵਿਰੋਧ ਜਤਾਉਣ ਦਾ ਅਧਿਕਾਰ ਹੈ। ਅਜਿਹੇ 'ਚ ਇਸ ਤਰ੍ਹਾਂ ਦਾ ਸਲੂਕ ਸਹੀ ਨਹੀਂ ਹੈ। ਸਪੀਕਰ ਡਿਕਟੇਟਰ ਦੀ ਤਰ੍ਹਾਂ ਵਿਵਹਾਰ ਕਰ ਰਹੇ ਹਨ। ਸੁਖਬੀਰ ਨੇ ਇਹ ਵੀ ਕਿਹਾ ਕਿ ਇਹ ਕਿੱਥੋਂ ਦੀ ਸੱਭਿਅਤਾ ਹੈ ਕਿ ਸਿੱਖ ਦੀ ਪਗੜੀ ਉਛਾਲੀ ਜਾਵੇ ਅਤੇ ਮਹਿਲਾ ਮੈਂਬਰਾਂ ਦੀਆਂ ਚੁੰਨੀਆਂ ਖਿੱਚੀਆਂ ਜਾਣ। ਹੰਗਾਮੇ ਤੋਂ ਬਾਅਦ ਵਿਧਾਨ ਸਭਾ ਸੈਸ਼ਨ ਅੱਧੇ ਘੰਟੇ ਲਈ ਮੁਲਤਵੀ ਕੀਤਾ ਗਿਆ। ਪੰਜਾਬ ਵਿਧਾਨ ਸਭਾ ਨੇ ਅਕਾਲੀ ਵਿਧਾਇਕ ਪਵਨ ਕੁਮਾਰ ਟੀਨੂੰ ਖਿਲਾਫ 21 ਜੂਨ ਨੂੰ ਪ੍ਰਸ਼ਨਕਾਲ ਦੌਰਾਨ ਰੁਕਾਵਟ ਪਾਉਣ ਲਈ ਨਿੰਦਾ ਪ੍ਰਸਤਾਵ ਪਾਸ ਕੀਤਾ। ਫੇਸਬੁੱਕ ਪੇਜ਼ 'ਤੇ ਵੀਡੀਓ ਅਪਲੋਡ ਕਰਕੇ ਖਹਿਰਾ ਨੇ ਦੋਸ਼ ਲਗਾਇਆ ਕਿ ਸਪੀਕਰ ਨੇ ਓਰਲ ਆਦੇਸ਼ ਦੇ ਕੇ ਸਾਨੂੰ ਅੰਦਰ ਨਾ ਆਉਣ ਦੇ ਆਦੇਸ਼ ਦਿੱਤੇ ਜੋ ਬਿਲਕੁਲ ਗਲਤ ਹਨ।