''ਸਾਡੀ ਨਜ਼ਰ ਨਾਲ ਦੇਖੋ, ਪੰਜਾਬ ਵੱਡੇ ਦਿਲ ਵਾਲਿਆਂ ਦਾ ਹੈ''

11/29/2017 3:39:03 AM

ਬਠਿੰਡਾ(ਬਲਵਿੰਦਰ)-'ਸਾਨੂੰ ਨਹੀਂ ਲੱਗਦਾ ਕਿ ਪੰਜਾਬ 'ਚ ਜ਼ਿਆਦਾ ਨਸ਼ੇ, ਜੁਰਮ ਜਾਂ ਇੱਜ਼ਤਾਂ ਦੇ ਲੁਟੇਰੇ ਹਨ। ਬਾਬੂ ਜੀ, ਸਾਡੀ ਨਜ਼ਰ ਨਾਲ ਦੇਖੋ, ਪੰਜਾਬ ਵੱਡੇ ਦਿਲ ਵਾਲਿਆਂ ਦਾ ਪ੍ਰਦੇਸ਼ ਹੈ, ਜਿੱਥੇ ਨਾ ਸਿਰਫ ਉਨ੍ਹਾਂ ਦਾ ਢਿੱਡ ਭਰਦਾ ਹੈ, ਬਲਕਿ ਉਨ੍ਹਾਂ ਦੀ ਜਾਨ ਤੇ ਇੱਜ਼ਤ ਵੀ ਸੁਰੱਖਿਅਤ ਹੈ।' ਇਹ ਸ਼ਬਦ ਹਨ ਕੁਝ ਗਰੀਬ ਆਦਿ ਵਾਸੀ ਔਰਤਾਂ ਦੇ, ਜਿਨ੍ਹਾਂ ਨੂੰ ਢਿੱਡ ਦੀ ਅੱਗ ਹਮੇਸ਼ਾ ਵਾਂਗ ਇਸ ਸਾਲ ਵੀ ਪੰਜਾਬ 'ਚ ਧੂਹ ਲਿਆਈ ਹੈ। ਇਹ ਵੀ ਪੱਤਝੜ ਮੌਸਮ 'ਚ ਪ੍ਰਵਾਸੀ ਪੰਛੀਆਂ ਵਾਂਗ ਹਰੇਕ ਸਾਲ ਪੰਜਾਬ 'ਚ ਆ ਜਾਂਦੇ ਹਨ ਤੇ ਠੰਡ ਖਤਮ ਹੁੰਦਿਆਂ ਹੀ ਪਰਤ ਜਾਂਦੇ ਹਨ। ਅੱਜ-ਕੱਲ ਦਰਜਨ ਭਰ ਪਰਿਵਾਰ ਬਠਿੰਡਾ ਸ਼ਹਿਰ ਦੀ ਜੀ. ਟੀ. ਰੋਡ ਦੇ ਫੁੱਟਪਾਥ 'ਤੇ ਡੇਰੇ ਲਾਈ ਬੈਠੇ ਹਨ, ਜੋ ਕਿ ਅਜਮੇਰ ਸ਼ਹਿਰ ਨੇੜਲੇ ਆਦਿ ਵਾਸੀ ਪਿੰਡ 'ਚੋਂ ਆਏ ਹਨ।
ਕੌਣ ਹਨ ਇਹ ਗਰੀਬ ਪਰਿਵਾਰ 
ਸਦੀਆਂ ਪਹਿਲਾਂ ਰਾਜਸਥਾਨੀ ਜੰਗਲਾਂ 'ਚ ਆਦਿ ਵਾਸੀ ਰਹਿੰਦੇ ਸਨ, ਜਿਨ੍ਹਾਂ ਦੀ ਜਾਤੀ 'ਗੌਡ ਆਦਿ ਵਾਸੀ' ਕਹਾਉਂਦੀ ਹੈ। ਇਹ ਜਾਤੀ ਪਹਿਲਾਂ ਜੰਗਲਾਂ 'ਚ ਰਹਿੰਦੀ ਸੀ ਪਰ ਜੰਗਲਾਂ ਦੇ ਉਜਾੜੇ ਨਾਲ ਇਹ ਲੋਕ ਵੀ ਉਜੜਦੇ ਰਹੇ। ਇਹ ਲੋਕ ਉਜੜੇ ਜ਼ਰੂਰ ਪਰ ਵੱਖ ਨਹੀਂ ਹੋਏ, ਜਿਸ ਵਿਚ ਸ਼ਾਇਦ ਰਾਜਸਥਾਨ ਸਰਕਾਰ ਦਾ ਯੋਗਦਾਨ ਵੀ ਸੀ, ਜਿਸ ਨੇ ਜੰਗਲਾਂ ਦੇ ਨੇੜਲੇ ਸ਼ਹਿਰਾਂ ਨੇੜੇ ਇਨ੍ਹਾਂ ਨੂੰ ਪਲਾਟ ਦੇ ਕੇ ਘਰ ਬਣਵਾ ਦਿੱਤੇ। ਇਹ ਆਦਿ ਵਾਸੀ ਪਿੰਡਾਂ ਦੇ ਨਾਗਰਿਕ ਬਣ ਗਏ ਤੇ ਆਮ ਦੁਨੀਆ 'ਚ ਘੁਲ-ਮਿਲ ਗਏ। ਇਸ ਦੇ ਬਾਵਜੂਦ ਇਹ ਲੋਕ ਆਮ ਨਹੀਂ ਹੋ ਸਕੇ, ਕਿਉਂਕਿ ਸਰਕਾਰ ਨੇ ਇਨ੍ਹਾਂ 'ਚ ਵਿੱਦਿਆ ਦਾ ਬੂਟਾ ਨਹੀਂ ਲਾਇਆ। ਇਸ ਲਈ ਇਨ੍ਹਾਂ ਗਰੀਬਾਂ 'ਚ ਕੋਈ ਵੀ ਪੜ੍ਹਿਆ-ਲਿਖਿਆ ਨਹੀਂ ਹੁੰਦਾ।
ਕਿਉਂ ਆਉਂਦੇ ਹਨ ਇਹ ਹਰ ਸਾਲ ਪੰਜਾਬ 
ਆਦਿ ਵਾਸੀ ਪਰਿਵਾਰ ਦੀ ਮੁਖੀਆ ਗੰਗਾ (45) ਦਾ ਕਹਿਣਾ ਸੀ ਕਿ ਉਹ ਇੰਨੇ ਕੁ ਗਰੀਬ ਹਨ ਕਿ ਉਨ੍ਹਾਂ ਨੂੰ ਰਾਜਸਥਾਨ 'ਚ ਕੋਈ ਕੰਮ ਵੀ ਨਹੀਂ ਦਿੰਦਾ। ਇਸ ਲਈ ਉਨ੍ਹਾਂ ਦੇ ਬਜ਼ੁਰਗ ਜਾਂ ਬੱਚੇ ਭੀਖ ਮੰਗਣ ਲਈ ਮਜਬੂਰ ਹੋ ਜਾਂਦੇ ਹਨ, ਜਦ ਕਿ ਪਰਿਵਾਰ ਦੇ ਮਰਦ ਜਾਂ ਜਵਾਨ ਲੜਕੇ ਦਿਹਾੜੀ, ਚੂਰਨ ਜਾਂ ਕੁਝ ਹੋਰ ਰਾਜਸਥਾਨੀ ਵਸਤਾਂ ਵੇਚ ਕੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਦੇ ਹਨ। ਗਰਮੀਆਂ ਦੇ ਮੌਸਮ 'ਚ ਰਾਜਸਥਾਨ ਵਿਚ ਦਿਹਾੜੀ ਆਦਿ ਦਾ ਕੰਮ ਮਿਲ ਜਾਂਦਾ ਹੈ, ਜਿਸ ਨਾਲ ਪਾਲਣ-ਪੋਸ਼ਣ ਹੁੰਦਾ ਰਹਿੰਦਾ ਹੈ। ਪਰ ਸਰਦੀ ਦੇ ਮੌਸਮ ਕਾਰਨ ਰਾਜਸਥਾਨ ਵਿਚ ਢਿੱਡ ਭਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ। ਇਸ ਲਈ ਅਜਮੇਰ, ਜੈਪੁਰ ਆਦਿ ਸ਼ਹਿਰਾਂ ਨੇੜਲੇ ਆਦਿ ਵਾਸੀ ਪਿੰਡਾਂ ਦੇ ਸੈਂਕੜੇ ਪਰਿਵਾਰ ਪੰਜਾਬ 'ਚ ਆ ਜਾਂਦੇ ਹਨ। ਜੋ ਕਿ ਮਾਰਚ-ਅਪ੍ਰੈਲ ਤੱਕ ਇੱਥੇ ਰਹਿ ਕੇ ਵਾਪਸ ਪਰਤ ਜਾਂਦੇ ਹਨ। ਉਹ ਵੀ ਕਈ ਸਾਲਾਂ ਤੋਂ ਬਠਿੰਡਾ ਸ਼ਹਿਰ ਵਿਚ ਆ ਰਹੇ ਹਨ। ਇਕ ਹੋਰ ਪਰਿਵਾਰ ਦੀ ਮੁਖੀਆ ਸੁਨੀਤਾ (44) ਨੇ ਕਿਹਾ ਕਿ ਪੰਜਾਬ 'ਚ ਉਹ ਖੁਦ ਨੂੰ ਸੁਰੱਖਿਅਤ ਮੰਨਦੇ ਹਨ ਕਿਉਂਕਿ ਨਾ ਸਿਰਫ ਉਨ੍ਹਾਂ ਨੂੰ ਥੋੜ੍ਹਾ-ਬਹੁਤ ਕੰਮ ਮਿਲ ਜਾਂਦਾ ਹੈ, ਬਲਕਿ ਇੱਧਰੋਂ-ਉਧਰੋਂ ਖਾਣ-ਪੀਣ ਦਾ ਇੰਤਜ਼ਾਮ ਵੀ ਆਸਾਨੀ ਨਾਲ ਹੋ ਜਾਂਦਾ ਹੈ। ਉਨ੍ਹਾਂ ਦੀਆਂ ਜਵਾਨ ਔਰਤਾਂ 'ਤੇ ਮੈਲੀ ਨਜ਼ਰ ਰੱਖਣ ਵਾਲੇ ਅਕਸਰ ਪਹੁੰਚ ਜਾਂਦੇ ਹਨ, ਜਿਨ੍ਹਾਂ ਨੂੰ ਉਹ ਮੂੰਹ-ਤੋੜ ਜਵਾਬ ਦਿੰਦੇ ਹਨ ਪਰ ਇਨ੍ਹਾਂ ਮੈਲੀ ਅੱਖ ਵਾਲਿਆਂ 'ਚ ਕਦੇ ਕੋਈ ਪੰਜਾਬੀ ਖਾਸਕਰ ਸਿੱਖ ਨਹੀਂ ਹੁੰਦਾ। ਕਈ ਵਾਰ ਅਜਿਹਾ ਜ਼ਰੂਰ ਹੋਇਆ ਹੈ ਕਿ ਅਜਿਹਾ ਮਾਮਲਾ ਹੋਣ 'ਤੇ ਇਕੱਲਾ ਪੰਜਾਬੀ ਬੰਦਾ ਕਈਆਂ ਖਿਲਾਫ ਉਨ੍ਹਾਂ ਦੇ ਹੱਕ 'ਚ ਡਟ ਜਾਂਦਾ ਹੈ।