ਪੰਜਾਬ ਸਮੇਤ ਕਈ ਸੂਬਿਆਂ ''ਚ ਅੱਤਵਾਦੀ ਹਮਲਿਆਂ ਦਾ ਅਲਰਟ, ਸੁਰੱਖਿਆ ਵਧਾਈ

06/14/2017 12:50:40 PM

ਨਵੀਂ ਦਿੱਲੀ— ਸਰਹੱਦ 'ਤੇ ਤਣਾਅ ਦੇ ਬਾਅਦ ਭਾਰਤ 'ਚ ਅੱਤਵਾਦੀ ਹਮਲੇ ਦੇ ਅਲਰਟ ਨਾਲ ਹੜਕੰਪ ਮਚ ਗਿਆ ਹੈ। ਇੰਟੈਲੀਜੈਂਸ ਏਜੰਸੀਆਂ ਨੇ ਉਤਰ ਪ੍ਰਦੇਸ਼, ਹਰਿਆਣਾ, ਦਿੱਲੀ, ਪੰਜਾਬ ਅਤੇ ਗੁਜਰਾਤ 'ਚ ਅੱਤਵਾਦੀ ਹਮਲਿਆਂ ਦਾ ਅਲਰਟ ਜਾਰੀ ਕੀਤਾ ਹੈ। 
ਵੱਡੇ ਸ਼ਹਿਰਾਂ ਨੂੰ ਬਣਾ ਸਕਦੇ ਹਨ ਨਿਸ਼ਾਨਾ
ਸੂਤਰਾਂ ਮੁਤਾਬਕ ਅਲਰਟ 'ਚ ਸਾਫ ਕਿਹਾ ਗਿਆ ਹੈ ਕਿ ਕਸ਼ਮੀਰ 'ਚ ਸੁਰੱਖਿਆ ਫੋਰਸਾਂ ਦੀ ਸਖਤ ਕਾਰਵਾਈ ਦੇ ਬਾਅਦ ਅੱਤਵਾਦੀ ਸੰਗਠਨ ਬੌਖਲਾਏ ਹੋਏ ਹਨ। ਅੱਤਵਾਦੀ ਯੂ. ਪੀ ਸਮੇਤ ਕਈ ਸੂਬਿਆਂ ਦੇ ਵੱਡੇ ਸ਼ਹਿਰਾਂ ਨੂੰ ਆਪਣਾ ਨਿਸ਼ਾਨਾ ਬਣਾ ਸਕਦੇ ਹਨ। ਅਲਰਟ ਮੁਤਾਬਕ ਅੱਤਵਾਦੀਆਂ ਦੇ ਦਸਤੇ 'ਚ ਆਤਮਘਾਤੀ ਔਰਤਾਂ ਅਤੇ ਮਰਦ ਦੋਵੇਂ ਸ਼ਾਮਲ ਹਨ। ਇੰਟੈਲੀਜੈਂਸ ਇਨਪੁਟ ਦੇ ਬਾਅਦ ਯੂ. ਪੀ ਪੁਲਸ ਦੇ ਸੀਨੀਅਰ ਅਧਿਕਾਰੀਆਂ ਨੂੰ ਚੌਕਸੀ ਵਰਤਨ ਦੀ ਹਿਦਾਇਤ ਦਿੱਤੀ ਗਈ ਹੈ। 
4 ਅੱਤਵਾਦੀਆਂ ਦੇ ਦਾਖਲ ਹੋਣ ਦੀ ਸੂਚਨਾ
ਅਸਲ 'ਚ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਦੇ ਮੌਕੇ 'ਤੇ ਪੀ. ਐਸ. ਮੋਦੀ ਦੇ ਲਖਨਊ 'ਚ ਰਹਿਣ ਦੀ ਉਮੀਦ ਜਤਾਈ ਜਾ ਰਹੀ ਹੈ। ਇਹੀ ਕਾਰਨ ਹੈ ਕਿ ਯੂ. ਪੀ ਪੁਲਸ ਕਿਸੇ ਵੀ ਤਰ੍ਹਾਂ ਦੇ ਖਤਰੇ ਨੂੰ ਨਜ਼ਰਅੰਦਾਜ ਨਹੀਂ ਕਰਨਾ ਚਾਹੁੰਦੀ। ਲਿਹਾਜਾ ਭਾਰੀ ਗਿਣਤੀ 'ਚ ਪੁਲਸ ਫੋਰਸ ਦੀ ਤਾਇਨਾਤੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ 3 ਦਿਨ ਪਹਿਲਾਂ ਇੰਟੈਲੀਜੈਂਸ ਏਜੰਸੀਆਂ ਨੇ ਸਰਹੱਦ ਪਾਰ ਤੋਂ ਪੰਜਾਬ ਦੇ ਬਮਿਆਲ ਸੈਕਟਰ ਦੇ ਰਸਤੇ ਭਾਰਤ 4 ਅੱਤਵਾਦੀਆਂ ਦੇ ਦਾਖਲ ਹੋਣ ਦੀ ਸੂਚਨਾ 'ਤੇ ਅਲਰਟ ਜਾਰੀ ਕੀਤਾ ਸੀ। ਇੰਟੈਲੀਜੈਂਸ ਨੇ ਇਸ ਦੇ ਪਿੱਛੇ ਪਾਕਿਸਤਾਨੀ ਖੁਫੀਆ ਏਜੰਸੀ ਆਈ. ਐਸ. ਆਈ ਦਾ ਹੱਥ ਦੱਸਿਆ ਸੀ।