ਪੰਜਾਬ ''ਚ ਦਿਸਿਆ ਬੰਦ ਦਾ ਅਸਰ, ਆਨਲਾਈਨ ਦਵਾਈ ਵਿਕਰੀ ''ਤੇ ਜਤਾਇਆ ਜਾ ਰਿਹਾ ਵਿਰੋਧ

05/30/2017 2:37:30 PM

ਜਲੰਧਰ/ਜਲਾਲਾਬਾਦ (ਸੇਤੀਆ)— ਆਨਲਾਈਨ ਦਵਾਈਆਂ ਦੀ ਵਿਕਰੀ, ਰਿਟੇਲਰ ਲਈ ਮਾਰਜਨ ਘੱਟ ਕੀਤੇ ਜਾਣ ਅਤੇ ਈ-ਪੋਰਟਲ 'ਤੇ ਦਵਾਈਆਂ ਦੀ ਵਿਕਰੀ ਦੀ ਡਿਟੇਲ ਅਪਲੋਡ ਕਰਨ ਦੇ ਵਿਰੋਧ 'ਚ ਦਿੱਲੀ ਸਮੇਤ ਪੂਰੇ ਦੇਸ਼ 'ਚ ਮੰਗਲਵਾਰ ਨੂੰ ਦਵਾਈ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਦੇਸ਼ ਭਰ 'ਚ 9 ਲੱਖ ਤੋਂ ਜ਼ਿਆਦਾ ਦਵਾਈ ਵਿਕਰੇਤਾ ਆਪਣੀ ਦੁਕਾਨਾਂ ਨੂੰ ਬੰਦ ਰੱਖਣਗੇ। ਉਂਝ, ਇਸ ਦੌਰਾਨ ਐਮਰਜੰਸੀ ਸਰਵਿਸਿਜ਼ 'ਤੇ ਕੋਈ ਅਸਰ ਨਹੀਂ ਹੋਵੇਗਾ। ਬੰਦ ਦੀ ਅਪੀਲ ਕਰਨ ਵਾਲੀ ਸੰਸਥਾ ਨੇ ਹਸਪਤਾਲਾਂ ਦੇ ਬਾਹਰ ਦੁਕਾਨਾਂ ਖੁੱਲ੍ਹੀਆਂ ਰੱਖਣ ਦਾ ਭਰੋਸਾ ਦਿੱਤਾ ਹੈ। ਐਮਸ, ਸਫਦਰਗੰਜ, ਆਰ. ਐਮ. ਐਲ., ਐਲ. ਐਨ. ਜੇ. ਪੀ. ਤਰ੍ਹਾਂ ਦੇ ਹਸਪਤਾਲ ਦੇ ਬਾਹਰ ਦਵਾਈ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ। ਉਥੇ ਹੀ ਪੰਜਾਬ 'ਚ ਬੰਦ ਦਾ ਅਸਰ ਦੇਖਣ ਨੂੰ ਮਿਲਿਆ। ਸਾਰੇ ਜ਼ਿਲਿਆਂ 'ਚ ਦੁਕਾਨਾਂ ਬੰਦ ਰੱਖ ਕੇ ਵਿਰੋਧ ਜਤਾਇਆ। ਇਸ ਨਾਲ ਮਰੀਜ਼ਾਂ ਦੇ ਰਿਸ਼ਤੇਦਾਰ ਦਵਾਈ ਖਰੀਦਣ ਲਈ ਇੱਧਰ-ਊਧਰ ਭਟਕ ਰਹੇ ਹਨ। ਹਾਲਾਂਕਿ ਵੱਡੇ ਹਸਪਤਾਲਾਂ 'ਚ ਸਥਿਤ ਕੈਮਿਸਟ ਸ਼ਾਪ ਖੁੱਲ੍ਹੀਆਂ ਹੋਈਆਂ ਹਨ। ਇਸ ਨਾਲ ਮਰੀਜ਼ਾਂ ਨੂੰ ਥੋੜੀ ਰਾਹਤ ਹੈ। ਜਲੰਧਰ 'ਚ ਹੋਲਸੇਲ ਕੈਮਿਸਟ ਹੜਤਾਲ 'ਤੇ ਹਨ, ਜਦੋਂ ਕਿ ਰਿਟੇਲਰਜ਼ ਕੈਮਿਸਟਾਂ ਦੀਆਂ ਦੁਕਾਨਾਂ ਖੁੱਲ੍ਹੀਆਂ ਹੋਈਆਂ ਹਨ।

ਉਥੇ ਹੀ ਜਲਾਲਾਬਾਦ 'ਚ ਮੈਡੀਕਲ ਸਟੋਲ ਸੰਚਾਲਕਾਂ ਵਲੋਂ ਐਸ. ਡੀ. ਐਮ. ਦਫਤਰ ਪਹੁੰਚ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਸਿਹਤ ਮੰਤਰੀ ਜੇ. ਪੀ. ਨੱਡਾ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਮੰਗ ਪੱਤਰ ਜਾਰੀ ਕੀਤਾ ਅਤੇ ਮੰਗ ਕੀਤੀ ਗਈ। ਦੂਜੇ ਪਾਸੇ ਸ਼ਹਿਰ 'ਚ ਮੈਡੀਕਲ ਦੀਆਂ ਦੁਕਾਨਾਂ ਬੰਦ ਰਹਿਣ ਕਾਰਨ ਵੱਖ-ਵੱਖ ਪਿੰਡਾਂ ਅਤੇ ਹੋਰ ਜ਼ਰੂਰਤਮੰਦਾਂ ਨੂੰ ਦਵਾਈਆਂ ਲਈ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸਥਾਨਕ ਰੇਲਵੇ ਰੋਡ 'ਤੇ ਸਥਿਤ ਮੁਟਨੇਜਾ ਮੈਡੀਕਲ ਸਟੋਰ ਦੇ ਸੰਚਾਲਕ ਨੇ ਸਰਕਾਰ ਦੀਆਂ ਨੀਤੀਆਂ ਦਾ ਸਮਰਥਨ ਕੀਤਾ ਅਤੇ ਆਪਣੀ ਮੈਡੀਕਲ ਦੀ ਦੁਕਾਨ ਨੂੰ ਖੋਲ ਕੇ ਰੱਖਿਆ।

ਇਸ ਸਬੰਧੀ ਜਦੋਂ ਮੁਟਨੇਜਾ ਮੈਡੀਕਲ ਹਾਲ ਦੇ ਸੰਚਾਲਕ ਗੋਰਾ ਮੁਟਨੇਜਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਡੀਕਲ ਸਟੋਰ ਆਮ ਲੋਕਾਂ ਦੀ ਜ਼ਿੰਦਗੀ ਦੀ ਰੱਖਿਆ ਲਈ ਹੁੰਦੇ ਹਨ, ਜਿਸ ਨਾਲ ਐਮਰਜੰਸੀ 'ਚ ਕਿਸੇ ਵੀ ਮਰੀਜ਼ ਨੂੰ ਦਵਾਈ ਦੀ ਜ਼ਰੂਰਤ ਹੋਵੇ ਤਾਂ ਉਸ ਨੂੰ ਦਵਾਈ ਮਿਲ ਸਕੇ। ਉਨ੍ਹਾਂ ਕਿਹਾ ਕਿ ਜੇਕਰ ਮੈਡੀਕਲ ਐਸੋਸੀਏਸ਼ਨ ਨੂੰ ਸਰਕਾਰ ਦੀਆਂ ਨੀਤੀਆਂ ਸਹੀ ਨਹੀਂ ਲੱਗ ਰਹੀਆਂ ਤਾਂ ਇਸ ਦੇ ਵਿਰੋਧ 'ਚ ਧਰਨੇ ਲਗਾਉਣੇ ਚਾਹੀਦੇ ਹਨ।