ਪੰਜਾਬ ਦੀ ਪਹਿਲੀ ''ਆਕਸੀਜਨ ਐਕਸਪ੍ਰੈੱਸ'' ਬੋਕਾਰੋ ਲਈ ਰਵਾਨਾ, 80 ਮੀਟ੍ਰਿਕ ਟਨ ਆਕਸੀਜਨ ਲੈ ਕੇ ਪਰਤੇਗੀ

05/15/2021 5:07:43 PM

ਚੰਡੀਗੜ੍ਹ : ਪੰਜਾਬ ਦੀ ਪਹਿਲੀ ਆਕਸੀਜਨ ਐਕਸਪ੍ਰੈੱਸ ਅੱਜ ਸਵੇਰੇ ਬੋਕਾਰੋ ਲਈ ਰਵਾਨਾ ਹੋਈ ਹੈ। ਇਸ ਨਾਲ ਸੂਬਾ ਜਲਦ ਹੀ ਆਪਣੇ 80 ਮੀਟ੍ਰਿਕ ਟਨ ਕੋਟੇ ਦੀ ਆਕਸੀਜਨ ਚੁੱਕਣ ਦੀ ਸਥਿਤੀ ਵਿੱਚ ਹੋਵੇਗਾ, ਜਿਸ ਨਾਲ ਸੂਬੇ ਦੀ ਜੀਵਨ ਰੱਖਿਅਕ ਮੈਡੀਕਲ ਸਮੱਗਰੀ ਦੇ ਸਟਾਕ ਨੂੰ ਹੋਰ ਮਜ਼ਬੂਤੀ ਮਿਲੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਕਸੀਜਨ ਕੰਟਰੋਲ ਰੂਮ ਦੀ ਨਿਗਰਾਨੀ ਕਰ ਰਹੇ ਸੀਨੀਅਰ ਆਈ. ਏ. ਐਸ. ਅਧਿਕਾਰੀ ਰਾਹੁਲ ਤਿਵਾੜੀ ਨੇ ਦੱਸਿਆ ਕਿ ਵਿਭਾਗ ਨੇ ਟੈਂਕਰ ਦੀਆਂ ਉਚਾਈਆਂ ਅਤੇ ਸਪਲਾਈ ਲਿਜਾਣ ਲਈ ਏਜੰਸੀਆਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਘੱਟ ਕੀਤਾ ਹੈ, ਜੋ ਕਿ ਇਸ ਮਾਰੂ ਵਾਇਰਸ ਖ਼ਿਲਾਫ਼ ਸੂਬੇ ਦੀ ਲੜਾਈ ਦਾ ਜ਼ਰੂਰੀ ਹਿੱਸਾ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਨਾਭਾ ਜੇਲ੍ਹ 'ਚ ਗੈਂਗਸਟਰ ਵੱਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼, ਪਤਨੀ ਦੇ ਨਾਜਾਇਜ਼ ਸਬੰਧਾਂ ਨੂੰ ਦੱਸਿਆ ਕਾਰਨ

ਉਨ੍ਹਾਂ ਦੱਸਿਆ ਕਿ ਅਸੀਂ ਦੋ ਆਈ. ਐਸ. ਓ. ਕੰਟੇਨਰ ਖਰੀਦਣ ਅਤੇ ਇਨ੍ਹਾਂ ਨੂੰ ਵਰਤੋਂ ਵਿੱਚ ਲਿਆਉਣ ਦੇ ਯੋਗ ਹੋ ਗਏ ਹਾਂ, ਜੋ ਰੇਲਵੇ ਦੀਆਂ ਐਚ. ਬੀ. ਐਲ. ਲੋੜਾਂ ਅਨੁਸਾਰ ਢੁੱਕਦੇ ਹਨ ਅਤੇ ਅਸੀਂ ਆਕਸੀਜਨ ਖਰੀਦ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਅਤੇ ਸੁਚਾਰੂ ਖ਼ਰੀਦ ਲਈ ਪੰਜਾਬ ਦੀ ਭਰੋਸੇਮੰਦ ਸੰਸਥਾ ਮਾਰਕਫੈੱਡ ਦੀਆਂ ਸੇਵਾਵਾਂ ਲੈ ਰਹੇ ਹਾਂ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸੂਬੇ ਵਿੱਚ ਕਿਤੇ ਵੀ ਆਕਸੀਜਨ ਦੀ ਕਮੀ ਨਾ ਰਹੇ।

ਇਹ ਵੀ ਪੜ੍ਹੋ : 'ਕੋਰੋਨਾ' ਦਾ ਘਰਾਂ 'ਚ ਇਲਾਜ ਕਰਵਾ ਰਹੇ ਮਰੀਜ਼ਾਂ ਲਈ ਵੱਡੀ ਖ਼ਬਰ, ਕੀਤਾ ਗਿਆ ਅਹਿਮ ਐਲਾਨ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਰੀਜ਼ਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਤਿਵਾੜੀ ਨੇ ਕਿਹਾ ਕਿ ਸੂਬੇ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਆਕਸੀਜਨ ਦੀ ਲੋੜ ਦਾ ਅਨੁਮਾਨ ਲਾਉਣ ਲਈ ਯੋਜਨਾ ਬਣਾਈ ਜਾ ਰਹੀ ਹੈ ਅਤੇ ਸੂਬੇ ਵੱਲੋਂ ਟੈਂਕਰਾਂ ਦਾ ਕੋਟਾ ਵਧਾਉਣ ਲਈ ਕੇਂਦਰ ਸਰਕਾਰ `ਤੇ ਦਬਾਅ ਪਾਇਆ ਜਾ ਰਿਹਾ ਹੈ ਤਾਂ ਜੋ ਅਲਾਟ ਕੀਤੀ ਗਈ ਸਾਰੀ ਆਕਸੀਜਨ ਨੂੰ ਸਮੇਂ ਸਿਰ ਅਤੇ ਸੁਚਾਰੂ ਢੰਗ ਨਾਲ ਲਿਜਾਇਆ ਜਾ ਸਕੇ। ਰੇਲ ਐਕਸਪ੍ਰੈੱਸ ਤੁਰੰਤ ਬੋਕਾਰੋ ਲਈ ਰਵਾਨਾ ਹੋ ਗਈ ਹੈ, ਜਿਸ ਬਾਰੇ ਮੁੱਖ ਸਕੱਤਰ ਵਿਨੀ ਮਹਾਜਨ ਨੇ ਵੀ ਟਵੀਟ ਕੀਤਾ ਹੈ ਅਤੇ ਆਕਸੀਜਨ ਕੰਟਰੋਲ ਰੂਮ ਦੇ ਅਧਿਕਾਰੀਆਂ ਅਤੇ ਮਾਰਕਫੈੱਡ ਦੇ ਠੋਸ ਯਤਨਾਂ ਦੀ ਸ਼ਲਾਘਾ ਕੀਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 

Babita

This news is Content Editor Babita