ਪੰਜਾਬ ''ਚ ਲੋਹੜੀ ਦੀਆਂ ਰੌਣਕਾਂ (ਵੀਡੀਓ)

01/13/2019 12:55:46 PM

ਜਲੰਧਰ/ਪਠਾਨਕੋਟ/ਨਾਭਾ/ਹੁਸ਼ਿਆਰਪੁਰ (ਸੋਨੂੰ,ਦੀਪਕ,ਰਾਹੁਲ,ਅਮਰੀਕ) : ਲੋਹੜੀ ਦਾ ਤਿਉਹਾਰ ਪੰਜਾਬੀ ਸੱਭਿਆਚਾਰ 'ਚ ਬਹੁਤ ਮਹੱਤਵ ਰੱਖਦਾ ਹੈ। ਲੋਹੜੀ ਤਿੱਲ ਤੇ ਰਿਓੜੀ ਮੂਲ ਸ਼ਬਦਾਂ ਨੂੰ ਜੋੜ ਕੇ ਬਣਿਆ ਹੈ। ਪੋਹ ਦੇ ਮਹੀਨੇ ਦੀ ਆਖਰੀ ਰਾਤ ਨੂੰ ਲੋੜੀ ਬਾਲੀ ਜਾਂਦੀ ਹੈ। ਇਸ ਦੀ ਅਗਨੀ 'ਚ ਤਿਲ-ਰਿਓੜੀ ਤੇ ਮੂੰਗਫਲੀ ਪਾ ਕੇ 'ਈਸ਼ਰ ਆਏ, ਦਲਿਦਰ ਜਾਣੇ' ਦੀ ਮਨੋਕਾਮਨਾ ਕੀਤੀ ਜਾਂਦੀ ਹੈ। 

ਲੋਹੜੀ ਦੇ ਇਸ ਪਵਿੱਤਰ ਤਿਉਹਾਰ 'ਤੇ ਬਜ਼ਾਰਾਂ 'ਚ ਖੂਬ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਬਾਜ਼ਾਰਾਂ 'ਚ ਮੂੰਗਫਲੀ, ਤਿਲ, ਤਿਓੜੀਆਂ ਤੇ ਵੱਖ-ਵੱਖ ਤਰ੍ਹਾਂ ਦੀਆਂ ਮਿਠਾਈਆਂ ਵਿਕ ਰਹੀਆਂ ਹਨ ਤੇ ਲੋਕ ਸਰਬੱਤ ਦੇ ਭਲੇ ਦੀ ਅਰਦਾਸ ਦੇ ਨਾਲ ਲੋਹੜੀਆਂ ਦੀਆਂ ਖੁਸ਼ੀਆਂ ਮਨਾ ਰਹੇ ਹਨ। ਪਠਾਨਕੋਟ ਦੇ ਬਜ਼ਾਰਾਂ 'ਚ ਲੋਹੜੀ ਦਾ ਵੱਖਰਾ ਰੰਗ ਦੇਖਣ ਨੂੰ ਮਿਲ ਰਿਹਾ ਹੈ, ਇਥੇ ਨੇਤਾਵਾਂ ਦੀਆਂ ਤਸਵੀਰਾਂ ਵਾਲੀਆਂ ਪਤੰਗਾਂ ਵੇਚੀਆਂ ਜਾ ਰਹੀਆਂ ਹਨ। 

ਇਸ ਦਿਨ ਨਵਜੰਮੇ ਤੇ ਨਵੇਂ ਵਿਆਹੇ ਜੋੜਿਆਂ ਦੀ ਲੋਹੜੀ ਪਾਈ ਜਾਂਦੀ ਹੈ ਪਰ ਅਜੋਕੇ ਸਮੇਂ 'ਚ ਜਦੋਂ ਧੀਆਂ ਕਿਸੇ ਤੋਂ ਘੱਟ ਨਹੀਂ ਤਾਂ ਪੰਜਾਬ ਦੇ ਲੋਕ ਧੀਆਂ ਦੀ ਲੋਹੜੀ ਵੀ ਵਧ-ਚੜ੍ਹ ਕੇ ਪਾਉਂਦੇ ਹਨ। ਮਾਨਸਾ ਦੇ ਪ੍ਰਾਇਮਰੀ ਸਕੂਲ 'ਚ ਕੁੜੀਆਂ ਦੀ ਲੋਹੜੀ ਪਾਈ ਗਈ। ਇਸ ਮੌਕੇ ਛੋਟੀਆਂ ਬੱਚੀਆਂ ਨੇ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਉੱਧਰ ਮਹਿਲਾ ਤੇ ਬਾਲ ਵਿਕਾਸ ਵਲੋਂ ਹੁਸ਼ਿਆਰਪੁਰ ਦੇ ਗੁਰੂ ਹਰਿ ਰਾਏਸਾਹਿਬ ਕਾਲਜ ਫਾਰ ਗਰਲਜ਼, ਚੱਬੇਵਾਲ 'ਚ 51 ਕੁੜੀਆਂ ਦੀ ਲੋਹੜੀ ਪਾਈ ਗਈ। ਇਸ ਜ਼ਿਲਾ ਪੱਧਰੀ ਪ੍ਰੋਗਰਾਮ 'ਚ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਮੁੱਖ ਤੌਰ 'ਚੇ ਪਹੁੰਚੀ। 

ਜਲੰਧਰ ਤੋਂ ਸਾਂਸਦ ਸੰਤੋਖ ਚੌਧਰੀ ਨੇ ਨਵੀਂ ਪਹਿਲ ਕਰਦੇ ਹੋਏ ਇਸ ਵਾਰ ਲੋਹੜੀ ਸਿਵਲ ਹਸਪਤਾਲ 'ਚ ਮਨਾਈ। ਸੰਤੋਖ ਚੌਧਰੀ ਨੇ ਜਲੰਧਰ ਦੇ ਸਿਵਲ ਹਸਪਤਾਲ 'ਚ ਜੱਚਾ-ਬੱਚਾ ਵਾਰਡ 'ਚ ਨਵਜੰਮੀਆਂ ਬੱਚੀਆਂ ਦੇ ਪਰਿਵਾਰਾਂ ਨਾਲ ਲੋਹੜੀ ਮਨਾਈ ਤੇ ਬੱਚੀਆਂ ਦੇ ਪਰਿਵਾਰਾਂ ਨੂੰ ਤੋਹਫੇ ਵੰਡੇ। 

ਕੁਲ ਮਿਲਾ ਕੇ ਪੰਜਾਬ 'ਚ ਲੋਹੜੀ ਦੇ ਤਿਉਹਾਰ ਦੀਆਂ ਰੌਣਕਾਂ ਲੱਗੀਆਂ ਹੋਈਆਂ ਹਨ। ਧੀਆਂ ਦੀ ਲੋਹੜੀ ਪਾ ਕੇ ਲੋਕ ਨਵੀਂਆਂ ਪੈੜਾਂ ਪਾ ਰਹੇ ਹਨ ਤੇ ਬਰਾਬਰੀ ਦਾ ਸੰਦੇਸ਼ ਦੇ ਰਹੇ ਹਨ। 

Baljeet Kaur

This news is Content Editor Baljeet Kaur