ਪੰਜਾਬ ਸਰਕਾਰ ਵੱਲੋਂ ਰੀਅਲ ਐਸਟੇਟ ਲਈ ਅਥਾਰਟੀ ਦਾ ਗਠਨ : ਵਿੰਨੀ ਮਹਾਜਨ

08/03/2017 12:15:49 PM

ਰੂਪਨਗਰ - ਪੰਜਾਬ ਸਰਕਾਰ ਨੇ ਸੂਬੇ 'ਚ ਬਿਲਡਰਾਂ, ਪ੍ਰਾਪਰਟੀ ਡੀਲਰਾਂ ਤੇ ਆਮ ਲੋਕਾਂ ਲਈ ਰੀਅਲ ਐਸਟੇਟ ਰੈਗੂਲੇਟਰੀ ਅਥਾਰਟੀ (ਰੇਰਾ) ਦਾ ਗਠਨ ਕੀਤਾ ਹੈ। ਵਧੀਕ ਮੁੱਖ ਸਕੱਤਰ ਹਾਊਸਿੰਗ ਤੇ ਅਰਬਨ ਡਿਵੈਲਪਮੈਂਟ ਵਿੰਨੀ ਮਹਾਜਨ ਨੇ ਦੱਸਿਆ ਕਿ ਪਹਿਲਾਂ ਇਕ ਸੇਵਾ ਮੁਕਤ ਆਈ. ਏ. ਐੱਸ. ਅਧਿਕਾਰੀ ਐੱਨ. ਐੱਸ. ਕੰਗ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ। ਹੁਣ ਮੁੱੱਖ ਮੰਤਰੀ ਨੇ ਸੰਜੀਵ ਗੁਪਤਾ ਸੇਵਾ ਮੁਕਤ ਆਈ. ਪੀ. ਐੱਸ. ਅਧਿਕਾਰੀ ਤੇ ਸੇਵਾ ਮੁਕਤ ਜੱਜ ਖੁਸ਼ਦਿਲ ਨੂੰ ਇਸ ਅਥਾਰਟੀ ਦਾ ਮੈਂਬਰ ਨਾਮਜ਼ਦ ਕਰ ਦਿੱਤਾ ਹੈ ਤੇ ਹੁਣ ਇਸ ਅਥਾਰਟੀ ਦੇ ਤਿੰਨ ਮੈਂਬਰ ਹੋ ਜਾਣਗੇ।
ਇਹ ਨਵਾਂ ਐਕਟ ਪੰਜਾਬ 'ਚ ਲਾਗੂ ਕੀਤਾ ਹੈ ਤਾਂ ਕਿ ਰੀਅਲ ਐਸਟੇਟ ਕਾਰੋਬਾਰ ਨੂੰ ਪੰਜਾਬ 'ਚ ਸਹੀ ਢੰਗ ਨਾਲ ਚਲਾਇਆ ਜਾ ਸਕੇ। ਇਸ ਤਹਿਤ ਬਿਲਡਰ ਵੱਲੋਂ ਸਹੀ ਸ਼ਰਤਾਂ 'ਤੇ ਮਿੱਥੇ ਸਮੇਂ 'ਚ ਗਾਹਕ ਨੂੰ ਪਲਾਟ, ਫਲੈਟ, ਭਵਨ ਆਦਿ ਦਿੱਤੇ ਜਾਣਗੇ। ਜੇਕਰ ਕਿਸੇ ਵਿਅਕਤੀ ਨੂੰ ਬਿਲਡਰ ਜਾਂ ਰੀਅਲ ਐਸਟੇਟ ਏਜੰਟ ਦੇ ਸਬੰਧ 'ਚ ਕੋਈ ਵੀ ਸ਼ਿਕਾਇਤ ਹੋਵੇਗੀ ਤਾਂ ਉਹ ਇਸ ਅਥਾਰਟੀ ਕੋਲ ਜਾ ਸਕਦਾ ਹੈ, ਜਿਸ ਨੂੰ ਅਧਿਕਾਰ ਦਿੱਤੇ ਗਏ ਹਨ ਕਿ ਉਹ ਸਬੰਧਤ ਵਿਅਕਤੀ ਵਿਰੁੱਧ ਕਾਰਵਾਈ ਕਰ ਸਕਦੀ ਹੈ ਤੇ ਗਾਹਕ ਨੂੰ ਇਨਸਾਫ ਦਿਵਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਇਸ ਐਕਟ ਦੇ ਲਾਗੂ ਹੋਣ ਨਾਲ ਪੰਜਾਬ 'ਚ ਰੀਅਲ ਐਸਟੇਟ ਕਾਰੋਬਾਰ ਨੂੰ ਬੜ੍ਹਾਵਾ ਮਿਲੇਗਾ ਤੇ ਲੋਕਾਂ ਨਾਲ ਧੋਖਾ ਵੀ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ 'ਚ ਰੀਅਲ ਐਸਟੇਟ ਕਾਰੋਬਾਰ ਨਾਲ ਜੁੜੇ ਸੈਂਕੜੇ ਲੋਕਾਂ ਨੇ ਸਰਕਾਰ ਕੋਲ ਆਪਣੀ ਰਜਿਸਟ੍ਰੇਸ਼ਨ ਕਰਵਾ ਦਿੱਤੀ ਹੈ।