ਪੰਜਾਬ ''ਚ ਚੱਲੇਗੀ ਸੀਤ ਲਹਿਰ

12/06/2019 11:42:53 PM

ਚੰਡੀਗੜ੍ਹ, (ਯੂ. ਐੱਨ. ਆਈ.): ਪੰਜਾਬ ਦੇ ਕੁਝ ਇਲਾਕਿਆਂ 'ਚ ਤਾਪਮਾਨ ਤੇਜ਼ੀ ਨਾਲ ਡਿੱਗਣ ਕਾਰਣ ਪਾਰਾ 3 ਡਿਗਰੀ ਤੱਕ ਪਹੁੰਚ ਗਿਆ ਹੈ ਅਤੇ ਖੇਤਰ 'ਚ ਕਿਤੇ-ਕਿਤੇ ਅਗਲੇ 48 ਘੰਟਿਆਂ 'ਚ ਸੀਤ ਲਹਿਰ ਦੇ ਨਾਲ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਮੌਸਮ ਕੇਂਦਰ ਅਨੁਸਾਰ ਇਥੇ ਅਗਲੇ 5 ਦਿਨ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਹਰਿਆਣਾ 'ਚ ਅਗਲੇ 2 ਦਿਨ ਕੁਝ ਸਥਾਨਾਂ 'ਤੇ ਸੰਘਣੀ ਧੁੰਦ ਪੈਣ ਦੇ ਆਸਾਰ ਹਨ। ਧੁੰਦ ਕਾਰਣ ਸੜਕ ਆਵਾਜਾਈ ਪ੍ਰਭਾਵਿਤ ਰਹੀ। ਦੁਪਹਿਰ ਤੱਕ ਚੰਗੀ ਧੁੱਪ ਨਿਕਲਣ ਨਾਲ ਧੁੰਦ ਹਟ ਗਈ। ਧੁੰਦ ਕਾਰਣ ਲੰਬੀ ਤੇ ਘੱਟ ਦੂਰੀ ਦੀਆਂ ਟਰੇਨਾਂ ਦੇਰੀ ਨਾਲ ਪਹੁੰਚੀਆਂ। ਖੇਤਰ 'ਚ ਹਿਸਾਰ, ਅੰਮ੍ਰਿਤਸਰ, ਆਦਮਪੁਰ ਤੇ ਨਾਰਨੌਲ ਸਭ ਤੋਂ ਠੰਡੇ ਸਥਾਨ ਦਰਜ ਕੀਤੇ ਗਏ। ਹਿਸਾਰ ਤੇ ਅੰਮ੍ਰਿਤਸਰ ਦਾ ਪਾਰਾ 4 ਡਿਗਰੀ, ਜਦਕਿ ਨਾਰਨੌਲ ਤੇ ਆਦਮਪੁਰ ਦਾ 5 ਡਿਗਰੀ ਰਿਹਾ। ਓਧਰ ਸ਼੍ਰੀਨਗਰ ਦਾ ਪਾਰਾ ਸਿਫਰ ਤੋਂ 3 ਡਿਗਰੀ ਹੇਠਾਂ ਰਿਹਾ। ਹਿਮਾਚਲ ਪ੍ਰਦੇਸ਼ ਵੀ ਕੜਾਕੇ ਦੀ ਠੰਡ ਦੀ ਲਪੇਟ 'ਚ ਹੈ ਤੇ ਇਨ੍ਹਾਂ ਇਲਾਕਿਆਂ 'ਚ ਬਰਫਬਾਰੀ ਤੋਂ ਬਾਅਦ ਬੰਦ ਪਈਆਂ ਸੜਕਾਂ ਤੋਂ ਬਰਫ ਹਟਾਉਣ ਦਾ ਕੰਮ ਜਾਰੀ ਹੈ।