ਪੰਜਾਬ ਦੇ ਪਟਵਾਰੀ 29 ਤੋਂ ਕੈਪਟਨ ਸਰਕਾਰ ਖਿਲਾਫ਼ ਛੇੜਨਗੇ ਅੰਦੋਲਨ

08/24/2019 9:43:09 AM

ਚੰਡੀਗੜ੍ਹ (ਭੁੱਲਰ)–ਪੰਜਾਬ ਦੇ ਪਟਵਾਰੀਆਂ ਨੇ ਅਲਟੀਮੇਟਮ ਦਾ ਸਮਾਂ ਖਤਮ ਹੋਣ ਤੋਂ ਬਾਅਦ ਕੈਪਟਨ ਸਰਕਾਰ ਖਿਲਾਫ਼ ਆਪਣੀਆਂ ਮੰਗਾਂ ਨੂੰ ਲੈ ਕੇ ਅੰਦੋਲਨ ਛੇੜਨ ਦਾ ਐਲਾਨ ਕਰ ਦਿੱਤਾ ਹੈ। ਇਸ ਅੰਦੋਲਨ ਦੀ ਸ਼ੁਰੂਆਤ 29 ਅਗਸਤ ਤੋਂ ਤਹਿਸੀਲ ਪੱਧਰੀ ਧਰਨਿਆਂ ਨਾਲ ਹੋਵੇਗੀ। ਰੈਵੇਨਿਊ ਪਟਵਾਰ ਯੂਨੀਅਨ ਦੇ ਸੂਬਾ ਪ੍ਰਧਾਨ ਮੋਹਨ ਸਿੰਘ ਭੇਡਪੁਰਾ ਨੇ ਕਿਹਾ ਕਿ ਮੰਗਾਂ ਦੇ ਸਬੰਧ 'ਚ ਪਹਿਲਾਂ ਵਿੱਤ ਕਮਿਸ਼ਨਰ ਮਾਲ ਵੱਲੋਂ 22 ਅਗਸਤ ਨੂੰ ਮੀਟਿੰਗ ਰੱਖੀ ਗਈ ਸੀ ਪਰ ਇਸ ਨੂੰ ਮੁਲਤਵੀ ਕਰਕੇ ਮੁੜ 23 ਅਗਸਤ ਤੈਅ ਕੀਤੀ ਗਈ, ਜੋ ਮੁੜ ਮੁਲਤਵੀ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਦੇ ਮੰਗਾਂ ਪ੍ਰਤੀ ਟਾਲ-ਮਟੋਲ ਵਾਲੇ ਰਵੱਈਏ ਨੂੰ ਦੇਖਦਿਆਂ ਅੰਦੋਲਨ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਯੂਨੀਅਨ ਆਗੂਆਂ ਅਨੁਸਾਰ ਮੰਗਾਂ ਬਾਰੇ ਮੁੱਖ ਮੰਤਰੀ ਤੋਂ ਇਲਾਵਾ ਮਾਲ ਮੰਤਰੀ ਨੂੰ ਪਹਿਲਾਂ ਹੀ ਜਾਣੂ ਕਰਵਾਇਆ ਜਾ ਚੁੱਕਾ ਹੈ।

ਉਨ੍ਹਾਂ ਦੱਸਿਆ ਕਿ ਪਟਵਾਰੀਆਂ ਦੀਆਂ ਮੁੱਖ ਮੰਗਾਂ 'ਚ 'ਬਰਾਬਰ ਕੰਮ-ਬਰਾਬਰ ਤਨਖਾਹ' ਦਾ ਨਿਯਮ ਲਾਗੂ ਕਰਨਾ, ਪਟਵਾਰੀਆਂ ਦੀ ਟ੍ਰੇਨਿੰਗ ਨੂੰ ਪ੍ਰੋਬੇਸ਼ਨ ਪੀਰੀਅਡ 'ਚ ਸ਼ਾਮਿਲ ਕਰਨ, ਪੇ ਕਮਿਸ਼ਨ ਦੀ ਰਿਪੋਰਟ ਜਾਰੀ ਕੀਤੇ ਜਾਣ, ਪਟਵਾਰੀਆਂ ਨੂੰ ਲੈਪਟਾਪ ਤੇ ਹੋਰ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਵੱਡੀ ਗਿਣਤੀ 'ਚ ਖਾਲੀ ਪਈਆਂ ਪੋਸਟਾਂ ਰੈਗੂਲਰ ਆਧਾਰ 'ਤੇ ਭਰਨ ਦੇ ਮਾਮਲੇ ਸ਼ਾਮਲ ਹਨ। ਇਸ ਤੋਂ ਇਲਾਵਾ ਯੂਨੀਅਨ ਰਿਟਾ. ਪਟਵਾਰੀਆਂ ਅਤੇ ਕਾਨੂੰਗੋਆਂ ਨੂੰ ਮੁੜ ਭਰਤੀ ਕਰਨ ਦਾ ਵੀ ਵਿਰੋਧ ਕਰ ਰਹੀ ਹੈ। ਯੂਨੀਅਨ ਦਾ ਕਹਿਣਾ ਹੈ ਕਿ ਨਵੀਂ ਭਰਤੀ ਕਰ ਕੇ ਪੜ੍ਹੇ-ਲਿਖੇ ਬੇਰੋਜ਼ਗਾਰ ਨੌਜਵਾਨਾਂ ਨੂੰ ਮੌਕੇ ਦਿੱਤੇ ਜਾਣੇ ਚਾਹੀਦੇ ਹਨ। ਯੂਨੀਅਨ ਦੀ ਮੀਟਿੰਗ 'ਚ ਸ਼ਾਮਲ ਪ੍ਰਮੁੱਖ ਆਗੂਆਂ 'ਚ ਸੂਬਾ ਪ੍ਰਧਾਨ ਤੋਂ ਇਲਾਵਾ ਵੱਖ-ਵੱਖ ਜ਼ਿਲਿਆਂ ਦੇ ਆਗੂ ਦੀਦਾਰ ਸਿੰਘ ਸੰਗਰੂਰ, ਬਿਕਰ ਸਿੰਘ ਫਰੀਦਕੋਟ, ਜਸਵੀਰ ਸਿੰਘ ਫਿਰੋਜ਼ਪੁਰ, ਜਗਦੀਸ਼ ਸਿੰਘ ਸੀਨੀਅਰ ਮੀਤ ਪ੍ਰਧਾਨ ਪੰਜਾਬ, ਜਸਪਾਲ ਸਿੰਘ, ਸਤਪਾਲ ਸਿੰਘ ਤੇ ਰਾਕੇਸ਼ ਕਪੂਰ ਦੇ ਨਾਮ ਜ਼ਿਕਰਯੋਗ ਹਨ।

Shyna

This news is Content Editor Shyna