ਪੰਜਾਬ ਨੂੰ ਅਲਵਿਦਾ ਕਹਿਣ ਲੱਗੇ ਪੰਜਾਬੀ, ਜਲੰਧਰੀਏ ਸਭ ਤੋਂ ਮੂਹਰੇ

06/14/2019 6:31:22 PM

ਜਲੰਧਰ : ਰੋਜ਼ਗਾਰ ਦੀ ਭਾਲ 'ਚ ਵਿਦੇਸ਼ ਜਾਣ ਦਾ ਰੁਝਾਨ ਲਗਾਤਾਰ ਤੇਜ਼ੀ ਨਾਲ ਵੱਧ ਰਿਹਾ ਹੈ। 2017 ਦੇ ਮੁਕਾਬਲੇ 2018 'ਚ ਜਲੰਧਰ ਤੋਂ ਵੀਜ਼ਾ ਅਪਲਾਈ ਕਰਨ ਵਾਲੀਆਂ ਅਰਜ਼ੀਆਂ ਵਿਚ 66 ਫੀਸਦੀ ਵਾਧਾ ਹੋਇਆ ਹੈ ਜਦਕਿ ਚੰਡੀਗੜ੍ਹ ਦੇ ਦਫਤਰ 'ਚ ਇਹ ਵਾਧਾ 54 ਫੀਸਦੀ ਦਰਜ ਕੀਤਾ ਗਿਆ ਹੈ। ਵੀ. ਐੱਫ. ਐੱਸ. ਗਲੋਬਲ ਕੰਪਨੀ ਦੇ ਰਿਜ਼ਨਲ ਗਰੁੱਪ ਚੀਫ ਆਪਰੇਟਿੰਗ ਅਫਸਰ ਵਿਨੇ ਮਲਹੋਤਰਾ ਨੇ ਦੱਸਿਆ ਕਿ ਉਹ 48 ਦੇਸ਼ਾਂ ਲਈ ਵੀਜ਼ੇ ਲਈ ਅਰਜ਼ੀਆਂ ਲੈਂਦੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਭਾਰਤ ਵਿਚੋਂ 52 ਲੱਖ 80 ਹਜ਼ਾਰ ਦੂਜੇ ਦੇਸ਼ਾਂ ਨੂੰ ਜਾਣ ਲਈ ਅਰਜ਼ੀਆਂ ਆਈਆਂ ਸਨ। ਪੰਜਾਬ ਵਿਚ ਸਭ ਤੋਂ ਵੱਧ ਦਰ ਜਲੰਧਰ ਜ਼ਿਲੇ ਦੀ ਸਾਹਮਣੇ ਆਈ, ਇਸ ਵਿਚ ਪਿਛਲੇ ਸਾਲ ਨਾਲੋਂ 66 ਫੀਸਦੀ ਵਾਧਾ ਪਾਇਆ ਗਿਆ। ਜਲੰਧਰ ਤੋਂ ਬਾਅਦ ਸਭ ਤੋਂ ਵੱਧ ਅਰਜ਼ੀਆਂ ਵਿਚ ਵਾਧੇ ਦੀ ਦਰ ਗੋਆ ਵਿਚ 45 ਫੀਸਦੀ ਤੇ ਪੁਡੂਚੇਰੀ 'ਚ 43 ਫੀਸਦੀ ਨੋਟ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵੀ. ਐੱਫ. ਐੱਸ. ਗਲੋਬਲ ਦੇ ਦੋ ਦਫਤਰ ਹਨ। ਇਕ ਜਲੰਧਰ ਵਿਚ ਹੈ ਅਤੇ ਦੂਜਾ ਚੰਡੀਗੜ੍ਹ ਵਿਚ ਹੈ।

ਲੋਕਾਂ ਦਾ ਰੁਝਾਨ ਕੈਨੇਡਾ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ ਪਰ ਇਸ ਦੇ ਬਾਵਜੂਦ ਬਹੁਤ ਸਾਰੇ ਲੋਕ ਜਾਪਾਨ, ਟਰਕੀ, ਚੈੱਕ ਰਿਪਬਲਿਕ ਤੇ ਹੋਰ ਦੇਸ਼ਾਂ ਨੂੰ ਵੀ ਜਾਣ ਲੱਗ ਪਏ ਹਨ। ਵੀ. ਐੱਫ. ਐੱਸ. ਗਲੋਬਲ ਕੰਪਨੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੁਨੀਆਂ ਭਰ ਵਿਚ ਵੀਜ਼ਾ ਅਰਜ਼ੀਆਂ ਵਿਚ 16 ਫੀਸਦੀ ਵਾਧਾ ਹੋਇਆ ਹੈ। ਜਦਕਿ ਭਾਰਤ ਵਿਚ ਪਿਛਲੇ ਸਾਲ ਇਹ ਵਾਧਾ 13 ਫੀਸਦੀ ਨੋਟ ਕੀਤਾ ਗਿਆ।

ਰੋਜ਼ਾਨਾ ਆਉਂਦੀਆਂ ਨੇ ਦੋ-ਤਿੰਨ ਹਜ਼ਾਰ ਅਰਜ਼ੀਆਂ : ਸੈਮੁਅਲ
ਉੱਤਰੀ ਤੇ ਪੂਰਬੀ ਭਾਰਤ ਦੀ ਮੁਖੀ ਐਲਿਜ਼ਾਬੈਥ ਸੈਮੁਅਲ ਨੇ ਦੱਸਿਆ ਕਿ ਜਲੰਧਰ ਦੇ ਦਫਤਰ ਵਿਚ ਰੋਜ਼ਾਨਾ ਦੋ ਤੋਂ ਲੈ ਕੇ ਤਿੰਨ ਹਜ਼ਾਰ ਤੱਕ ਵੀਜ਼ਾ ਅਰਜ਼ੀਆਂ ਆਉਂਦੀਆਂ ਹਨ। ਉਨ੍ਹਾਂ ਦੱਸਿਆ ਕਿ ਜਲੰਧਰ ਦੇ ਦਫਤਰ 'ਚ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਸਮੇਤ 44 ਹੋਰ ਦੇਸ਼ਾਂ ਲਈ ਵੀਜ਼ਾ ਅਰਜ਼ੀਆਂ ਲਈਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਮਾਰਚ ਤੋਂ ਜੂਨ ਮਹੀਨੇ ਤੱਕ ਟੂਰਿਸਟ ਵੀਜ਼ੇ ਵਾਲਿਆਂ ਦੀ ਭੀੜ ਜ਼ਿਆਦਾ ਹੁੰਦੀ ਹੈ ਅਤੇ ਜੁਲਾਈ ਤੋਂ ਸਤੰਬਰ ਤੱਕ ਸਟੱਡੀ ਵੀਜ਼ੇ ਵਾਲਿਆਂ ਦੀ ਭੀੜ ਜ਼ਿਆਦਾ ਹੁੰਦੀ ਹੈ। ਹਾਲਾਂਕਿ ਉਨ੍ਹਾਂ ਇਹ ਅੰਕੜੇ ਦੱਸਣ ਤੋਂ ਨਾਂਹ ਕਰ ਦਿੱਤੀ ਕਿ ਕਿਹੜੇ ਦੇਸ਼ ਨੂੰ ਲੋਕ ਜ਼ਿਆਦਾ ਜਾਣਾ ਪਸੰਦ ਕਰਦੇ ਹਨ।

Gurminder Singh

This news is Content Editor Gurminder Singh