ਪੰਜਾਬ ''ਚ 1 ਸਾਲ ਦੌਰਾਨ ਹੋਈ 549 ਗਰਭਵਤੀ ਔਰਤਾਂ ਦੀ ਮੌਤ

09/06/2018 12:01:11 PM

ਪਟਿਆਲਾ(ਬਿਊਰੋ)— ਸਿਹਤ ਵਿਭਾਗ ਵਲੋਂ ਗਰਭਵਤੀ ਔਰਤਾਂ ਦੀ ਮੌਤ ਦਰ ਘਟਾਉਣ ਲਈ ਉਪਰਾਲੇ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਪੰਜਾਬ ਵਿਚ ਇਕ ਸਾਲ ਦੌਰਾਨ 549 ਗਰਭਵਤੀ ਔਰਤਾਂ ਦੀ ਮੌਤ ਹੋਈ ਹੈ। ਇਹ ਅੰਕੜੇ 1 ਅਪ੍ਰੈਲ 2017 ਤੋਂ 31 ਮਾਰਚ 2018 ਤੱਕ ਦੇ ਹਨ, ਜੋ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਤੋਂ ਪ੍ਰਾਪਤ ਕੀਤੇ ਹਨ। ਇਸ ਦੌਰਾਨ ਜ਼ਿਲਾ ਅੰਮ੍ਰਿਤਸਰ ਵਿਚ ਪੰਜਾਬ ਭਰ 'ਚੋਂ ਸਭ ਤੋਂ ਵਧ 76 ਔਰਤਾਂ ਮੌਤ ਦੇ ਮੂੰਹ ਵਿਚ ਚਲੀਆਂ ਗਈਆਂ। ਇਸ ਤੋਂ ਬਾਅਦ 48 ਮੌਤਾਂ ਕਪੂਰਥਲਾਂ ਜ਼ਿਲੇ ਵਿਚ ਹੋਈਆਂ ਹਨ, ਜਦੋਂ ਕਿ ਤੀਜੇ ਨੰਬਰ 'ਤੇ ਜ਼ਿਲਾ ਗੁਰਦਾਸਪੁਰ ਵਿਚ 42 ਮੌਤਾਂ ਹੋਈਆਂ ਹਨ। ਇਸ ਪੱਖੋਂ ਚੌਥਾ ਨੰਬਰ ਜ਼ਿਲਾ ਫਿਰੋਜ਼ਪੁਰ ਦਾ ਆਉਂਦਾ ਹੈ, ਜਿੱਥੇ ਇਕ ਸਾਲ ਵਿਚ 37 ਗਰਭਵਤੀ ਔਰਤਾਂ ਦੀ ਮੌਤ ਹੋਈ, ਜਦੋਂ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਦੇ ਆਪਣੇ ਜ਼ਿਲੇ ਪਟਿਆਲਾ ਵਿਚ 30 ਗਰਭਵਤੀ ਔਰਤਾਂ ਦੀ ਮੌਤ ਹੋਈ।

ਇੱਥੇ ਸਰਕਾਰੀ ਰਾਜਿੰਦਰਾ ਹਸਪਤਾਲ ਅਤੇ ਮਾਤਾ ਕੁਸ਼ੱਲਿਆ ਸਰਕਾਰੀ ਹਸਪਤਾਲ ਸਮੇਤ ਕੁੱਝ ਪ੍ਰਾਈਵੇਟ ਹਸਪਤਾਲ ਵਿਚ ਹੋਈਆਂ ਮੌਤਾਂ ਦੀ ਗਿਣਤੀ ਤਾਂ ਭਾਵੇਂ 90 ਹੈ ਪਰ ਇਨ੍ਹਾਂ ਵਿਚੋਂ 60 ਔਰਤਾਂ ਗੁਆਂਢੀ ਜ਼ਿਲਿਆਂ ਤੋਂ ਰੈਫਰ ਹੋ ਕੇ ਆਈਆਂ ਸਨ। ਬਾਕੀ ਜ਼ਿਲਿਆਂ ਵਿਚੋਂ ਜਲੰਧਰ ਵਿਚ 30, ਬਠਿੰਡਾ, ਹੁਸ਼ਿਆਰਪੁਰ ਅਤੇ ਮੋਗਾ ਵਿਚ 23-23 ਮੌਤਾਂ ਹੋਈਆਂ ਹਨ। ਤਰਨਤਾਰਨ ਅਤੇ ਫਾਜ਼ਿਲਕਾ ਵਿਚ 22-22, ਸੰਗਰੂਰ ਵਿਚ 20, ਸ੍ਰੀ ਮੁਕਤਸਰ ਸਾਹਿਰ ਅਤੇ ਫਰੀਦਕੋਟ ਵਿਚ 19-19, ਮੁਹਾਲੀ ਵਿਚ 15, ਮਾਨਸਾ ਵਿਚ 12, ਨਵਾਂ ਸ਼ਹਿਰ ਵਿਚ 11, ਰੋਪੜ ਤੇ ਫਤਿਹਗੜ੍ਹ ਸਾਹਿਬ ਵਿਚ 10-10 ਗਰਭਵਤੀ ਔਰਤਾਂ ਦੀ ਮੌਤ ਹੋਈ।