ਪਨਬੱਸ ਮੁਲਾਜ਼ਮਾਂ ਨੇ ਕੀਤਾ ਬੱਸਾਂ ਦਾ ਚੱਕਾ ਜਾਮ

07/17/2018 1:52:53 AM

ਹੁਸ਼ਿਆਰਪੁਰ, (ਘੁੰਮਣ)- ਪਨਬੱਸ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੁਰੂ ਕੀਤੀ ਤਿੰਨ ਰੋਜ਼ਾ ਹਡ਼ਤਾਲ ਦੇ ਪਹਿਲੇ ਦਿਨ ਅੱਜ ਬੱਸ ਸਟੈਂਡ ਸਾਹਮਣੇ ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ ਦਾ ਪੁਤਲਾ ਫੂਕ ਕੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਅਤੇ ਪਨਬੱਸ ਦੀਆਂ ਬੱਸਾਂ ਦਾ ਚੱਕਾ ਜਾਮ ਰੱਖਿਆ। 
ਭਾਵੇਂ ਪਨਬੱਸ ਦੀਆਂ ਬੱਸਾਂ ਨਹੀਂ ਚੱਲੀਆਂ  ਪਰ ਬਾਕੀ ਬੱਸਾਂ ਚੱਲਣ ਦੇ ਬਾਵਜੂਦ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਚੱਕਾ ਜਾਮ ਦੌਰਾਨ ਰੋਡਵੇਜ਼ ਨੂੰ ਲੱਖਾਂ ਦਾ ਨੁਕਸਾਨ ਉਠਾਉਣਾ ਪਿਆ। ਸਰਕਾਰ ਖਿਲਾਫ਼ ਜੰਮ ਕੇ ਕੀਤੀ ਨਾਅਰੇਬਾਜ਼ੀ 
ਇਸ ਮੌਕੇ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਦੇ ਜ਼ਿਲਾ ਪ੍ਰਧਾਨ ਲਖਵਿੰਦਰ ਸਿੰਘ, ਜਨਰਲ  ਸਕੱਤਰ ਸੁਨੀਲ  ਕੁਮਾਰ, ਉਪ ਪ੍ਰਧਾਨ ਦਵਿੰਦਰ ਸਿੰਘ ਮੰਝਪੁਰ, ਬਲਜੀਤ ਸਿੰਘ, ਨਰਿੰਦਰ ਸਿੰਘ, ਸੀਟੂ ਯੂਨੀਅਨ ਦੇ ਪ੍ਰਧਾਨ ਕਾ. ਕਮਲਜੀਤ ਸਿੰਘ ਰਾਜਪੁਰ ਭਾਈਆਂ, ਜੱਸਾ ਸਿੰਘ ਜੱਲੋਵਾਲ, ਕੁਲਵੀਰ ਸਿੰਘ ਦੇ ਨਾਲ ਸਾਰੇ ਪਨਬੱਸ   ਮੁਲਾਜ਼ਮਾਂ ਨੇ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।  ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਸਰਕਾਰੀ ਟਰਾਂਸਪੋਰਟ ਨੂੰ ਖ਼ਤਮ ਕਰ ਕੇ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਲਾਭ ਪਹੁੰਚਾਉਣ ਦਾ ਕੰਮ ਕਰ ਰਹੀ ਹੈ। ਪਿਛਲੀ ਬਾਦਲ ਸਰਕਾਰ ਵਾਂਗ ਅਜੇ ਵੀ ਪ੍ਰਾਈਵੇਟ ਕੰਪਨੀਆਂ ਦੀਆਂ ਬੱਸਾਂ ਦਾ ਬੋਲਬਾਲਾ ਹੈ। ਆਗੂਆਂ ਨੇ ਕਿਹਾ ਕਿ ਮੁਲਾਜ਼ਮਾਂ ਨੂੰ 8 ਤੋਂ 10 ਹਜ਼ਾਰ ਰੁਪਏ ਵਿਚ ਪਰਿਵਾਰ ਚਲਾਉਣੇ ਮੁਸ਼ਕਲ ਹੋਏ ਪਏ ਹਨ ਅਤੇ ਉਨ੍ਹਾਂ ਦਾ ਆਰਥਿਕ ਤੇ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ 17 ਜੁਲਾਈ ਨੂੰ ਟਰਾਂਸਪੋਰਟ ਮੰਤਰੀ ਦਾ ਘਿਰਾਓ ਕੀਤਾ ਜਾਵੇਗਾ ਅਤੇ 18 ਜੁਲਾਈ ਨੂੰ ਹੁਸ਼ਿਆਰਪੁਰ ਸ਼ਹਿਰ ਦੇ ਮੁੱਖ ਚੌਕਾਂ ’ਚ ਚੱਕਾ ਜਾਮ ਕੀਤਾ ਜਾਵੇਗਾ।