ਚੰਡੀਗੜ੍ਹ ''ਚ ''ਜਨਤਕ ਪਖਾਨਿਆਂ'' ਦੀ ਹਾਲਤ ਖਸਤਾ, ਸਾਂਭ-ਸੰਭਾਲ ਲਈ ਲਿਆ ਗਿਆ ਅਹਿਮ ਫੈਸਲਾ

09/26/2017 9:53:05 AM

ਚੰਡੀਗੜ੍ਹ (ਰਾਏ) : ਨਗਰ ਨਿਗਮ ਨੇ ਜਨਤਕ ਪਖਾਨਿਆਂ ਦੀ ਸਾਂਭ-ਸੰਭਾਲ ਦੇ ਕੰਮ ਲਈ ਟੈਂਡਰ ਕੱਢ ਦਿੱਤਾ ਹੈ। ਨਿਗਮ ਹੁਣ ਇਕ ਹੀ ਕੰਪਨੀ ਨੂੰ ਇਹ ਪਖਾਨੇ ਦੇਵੇਗਾ। 300 ਦੇ ਲਗਭਗ ਪਖਾਨਿਆਂ ਦੀ ਅਲਾਟਮੈਂਟ ਹੁਣ ਇਕੱਠੇ ਹੀ 15 ਸਾਲ ਲਈ ਕੀਤੀ ਜਾਵੇਗੀ। ਸ਼ਹਿਰ ਦੇ ਜਨਤਕ ਪਖਾਨਿਆਂ ਦੀ ਸਾਂਭ-ਸੰਭਾਲ ਸਹੀ ਰੂਪ ਨਾਲ ਨਾ ਹੋਣ ਦੇ ਕਾਰਨ ਇਨ੍ਹਾਂ ਦੀ ਹਾਲਤ ਖਸਤਾ ਹੁੰਦੀ ਜਾ ਰਹੀ ਹੈ। ਨਿਗਮ ਇਨ੍ਹਾਂ ਦੀ ਸਾਂਭ-ਸੰਭਾਲ ਦਾ ਕੰਮ ਥੋੜ੍ਹੇ ਸਮੇਂ ਲਈ ਵੱਖ-ਵੱਖ ਠੇਕੇਦਾਰਾਂ ਨੂੰ ਦਿੰਦਾ ਤਾਂ ਹੈ ਪਰ ਇਸ ਨਾਲ ਸਹੀ ਰੂਪ ਨਾਲ ਸਾਂਭ-ਸੰਭਾਲ ਨਹੀਂ ਹੋ ਰਹੀ ਹੈ ਤੇ ਲੋਕਾਂ ਦੀਆਂ ਇਸ ਸੰਬੰਧੀ ਸ਼ਿਕਾਇਤਾਂ ਵਧਦੀਆਂ ਜਾ ਰਹੀਆਂ ਹਨ। 
ਨਿਗਮ ਸ਼ਹਿਰ ਦੀ ਰਜਿਸਟਰ ਰੈਜ਼ੀਡੈਂਟ ਵੈੱਲਫੇਅਰ ਤੇ ਮਾਰਕੀਟ ਐਸੋਸੀਏਸ਼ਨ ਨੂੰ ਇਨ੍ਹਾਂ ਦੀ ਸਾਂਭ-ਸੰਭਾਲ ਦਾ ਕੰਮ ਦੇ ਰਿਹਾ ਹੈ ਪਰ ਸਮੱਸਿਆ ਹੈ ਕਿ ਜ਼ਿਆਦਾਤਰ ਐਸੋਸੀਏਸ਼ਨਾਂ ਇਨ੍ਹਾਂ ਦੀ ਸਾਂਭ-ਸੰਭਾਲ ਦਾ ਕੰਮ ਲੈਣ ਲਈ ਅੱਗੇ ਨਹੀਂ ਆ ਰਹੀਆਂ ਹਨ। ਜਿਨ੍ਹਾਂ ਐਸੋਸੀਏਸ਼ਨਾਂ ਨੇ ਇਨ੍ਹਾਂ ਦੀ ਸੰਭਾਲ ਦਾ ਕੰਮ ਲਿਆ ਹੋਇਆ ਹੈ, ਨਿਗਮ ਸਮੇਂ 'ਤੇ ਉੁਨ੍ਹਾਂ ਨੂੰ ਪੈਸੇ ਦੀ ਅਦਾਇਗੀ ਨਹੀਂ ਕਰ ਰਿਹਾ ਹੈ, ਜਦੋਂ ਕਿ ਠੇਕੇਦਾਰ ਨੂੰ ਇਨ੍ਹਾਂ ਦੀ ਸਾਂਭ-ਸੰਭਾਲ ਦਾ ਕੰਮ 6 ਮਹੀਨੇ ਤੋਂ ਲੈ ਕੇ 2 ਸਾਲ ਤੱਕ ਦਿੱਤਾ ਜਾਂਦਾ ਹੈ। ਇਕ ਤਾਂ ਸਮਾਂ ਘੱਟ ਹੋਣ ਕਾਰਨ ਨਿਗਮ ਨੂੰ ਵਾਰ-ਵਾਰ ਇਨ੍ਹਾਂ ਦਾ ਕੰਮ ਅਲਾਟ ਕਰਨ ਲਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਉਥੇ ਲੋਕਾਂ ਦੇ ਪਖਾਨਿਆਂ ਦੀ ਖਸਤਾ ਹਾਲਤ ਹੋਣ ਦੇ ਸੰਬੰਧ 'ਚ ਸ਼ਿਕਾਇਤਾਂ ਆਉਂਦੀਆਂ ਰਹਿੰਦੀਆਂ ਹਨ। 
ਫਿਲਹਾਲ ਸ਼ਹਿਰ 'ਚ 240 ਪਖਾਨਿਆਂ ਦੀ ਸਾਂਭ-ਸੰਭਾਲ ਦਾ ਕੰਮ ਨਿੱਜੀ ਠੇਕੇਦਾਰ ਦੇਖ ਰਹੇ ਹਨ ਤੇ 60 ਪਖਾਨਿਆਂ ਦਾ ਕੰਮ ਮਾਰਕੀਟ ਐਸੋਸੀਏਸ਼ਨਾਂ ਨੇ ਲਿਆ ਹੋਇਆ ਹੈ। ਨਿੱਜੀ ਠੇਕੇਦਾਰਾਂ ਨੂੰ ਨਿਗਮ ਹਰ ਮਹੀਨੇ ਹਰ ਪਖਾਨੇ ਲਈ 18500 ਰੁਪਏ ਦਾ ਭੁਗਤਾਨ ਕਰ ਰਿਹਾ ਹੈ, ਜਦੋਂ ਕਿ ਮਾਰਕੀਟ ਐਸੋਸੀਏਸ਼ਨਾਂ ਨੂੰ 12500 ਰੁਪਏ ਦਿੱਤੇ ਜਾ ਰਹੇ ਹਨ। ਸ਼ਹਿਰ ਦੇ ਹਾਲੇ ਫਿਲਹਾਲ ਇਨ੍ਹਾਂ ਸਾਰੇ ਪਖਾਨਿਆਂ ਦੀ ਹਾਲਤ ਅਜਿਹੀ ਹੈ ਕਿ ਇਥੇ ਟੂਟੀਆਂ ਤੇ ਸ਼ੀਸ਼ੇ ਟੁੱਟੇ ਹਨ। ਸਫਾਈ ਵਿਵਸਥਾ ਸਹੀ ਰੂਪ ਨਾਲ ਨਹੀਂ ਹੋ ਰਹੀ ਹੈ। ਕਈ ਪਖਾਨਿਆਂ 'ਚ ਲੋਕਾਂ ਨੇ ਨਾਜਾਇਜ਼ ਕਬਜ਼ੇ ਕਰ ਰੱਖੇ ਹਨ, ਜਿਸ ਦੇ ਸੁਧਾਰ ਲਈ ਨਿਗਮ ਕੋਈ ਯਤਨ ਨਹੀਂ ਕਰ ਰਿਹਾ ਹੈ। ਨਿਗਮ ਇਨ੍ਹਾਂ ਪਖਾਨਿਆਂ 'ਤੇ ਵਿਗਿਆਪਨ ਫੀਸ ਚਾਰਜ ਨਹੀਂ ਕਰੇਗਾ। ਇਸ ਬਾਰੇ ਪ੍ਰਸ਼ਾਸਨ ਤੋਂ ਨਿਗਮ ਨੂੰ ਆਗਿਆ ਮਿਲੀ ਹੈ, ਜਿਸ 'ਚ ਕਿਹਾ ਗਿਆ ਹੈ ਕਿ ਇਹ ਪਬਲਿਕ ਹਿੱਸੇਦਾਰੀ ਪ੍ਰਾਜੈਕਟ ਹੈ, ਇਸ ਲਈ ਇਸ 'ਤੇ ਵਿਗਿਆਪਨ ਫੀਸ ਲਾਗੂ ਨਹੀਂ ਹੁੰਦੀ ਹੈ। ਇਸ ਲਈ ਸੰਬੰਧਿਤ ਕੰਪਨੀ ਬਿਨਾਂ ਕਿਸੇ ਫੀਸ ਦੇ ਪਖਾਨਿਆਂ ਦੀ ਕੰਧ 'ਤੇ ਆਪਣਾ ਵਿਗਿਆਪਨ ਲਾ ਸਕੇਗੀ।