ਅੰਡਰ-ਗਰਾਊਂਡ ਗਾਰਬੇਜ ਸਿਸਟਮ ਸ਼ੁਰੂ ਕਰੇਗਾ ਪੁੱਡਾ!

11/08/2017 2:34:41 AM

ਪਟਿਆਲਾ, (ਪ੍ਰਤਿਭਾ)- ਨਗਰ ਨਿਗਮ ਦੀ ਤਰਜ਼ 'ਤੇ ਹੁਣ ਪੁੱਡਾ (ਪੀ. ਡੀ. ਏ.) ਵੀ ਅੰਡਰ-ਗਰਾਊਂਡ ਗਾਰਬੇਜ ਸਿਸਟਮ ਸ਼ੁਰੂ ਕਰ ਸਕਦਾ ਹੈ। ਇਸ ਨੂੰ ਲੈ ਕੇ ਖੁਦ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਪੀ. ਡੀ. ਏ. ਦੇ ਸੀ. ਏ. ਹਰਪ੍ਰੀਤ ਸਿੰਘ ਸੂਦਨ ਨਾਲ ਮੀਟਿੰਗ ਦੌਰਾਨ ਗੱਲ ਕੀਤੀ ਹੈ। ਨਾਲ ਹੀ ਇਸ ਸਿਸਟਮ ਨੂੰ ਲੈ ਕੇ ਜਗ੍ਹਾ ਦੀ ਚੋਣ ਕਰਨ ਲਈ ਵੀ ਕਿਹਾ ਹੈ ਤਾਂ ਕਿ ਅਰਬਨ ਅਸਟੇਟ ਦੇ ਤਿੰਨੇ ਫੇਜ਼ ਦੇ ਘਰਾਂ ਤੋਂ ਜੋ ਵੀ ਕੂੜਾ-ਕਰਕਟ ਲਿਆਂਦਾ ਜਾ ਰਿਹਾ ਹੈ, ਉਸ ਨੂੰ ਇਧਰ-ਉਧਰ ਸੁੱਟਣ ਦੀ ਬਜਾਏ ਇਕ ਹੀ ਜਗ੍ਹਾ 'ਤੇ ਇਕੱਠਾ ਕੀਤਾ ਜਾਵੇ। ਇਸ ਲਈ ਪੀ. ਡੀ. ਏ. ਨਗਰ ਨਿਗਮ ਦੀ ਮਦਦ ਵੀ ਲੈ ਸਕਦਾ ਹੈ। ਉਂਝ ਵੀ ਸ਼ਾਹੀ ਸ਼ਹਿਰ ਨੂੰ ਗ੍ਰੀਨ ਅਤੇ ਕਲੀਨ ਸਿਟੀ ਮੰਨਿਆ ਗਿਆ ਹੈ। ਉਸ ਨੂੰ ਹੋਰ ਜ਼ਿਆਦਾ ਸਾਫ ਕਰਨ ਲਈ ਇਸ ਤਰ੍ਹਾਂ ਦੇ ਪ੍ਰਾਜੈਕਟ 'ਤੇ ਸਰਕਾਰ ਜ਼ੋਰ ਦੇ ਰਹੀ ਹੈ।
ਖੁੱਲ੍ਹੇ 'ਚ ਕੂੜਾ ਨਾ ਸੁੱਟਿਆ ਜਾਵੇ
ਵਰਨਣਯੋਗ ਹੈ ਕਿ ਅਰਬਨ ਅਸਟੇਟ ਵਿਚ 6 ਹਜ਼ਾਰ ਤੋਂ ਜ਼ਿਆਦਾ ਮਕਾਨ ਹਨ। ਹਰ ਰੋਜ਼ ਇਥੋਂ ਕੂੜਾ-ਕਰਕਟ ਇਕੱਠਾ ਕੀਤਾ ਜਾਂਦਾ ਹੈ। ਇਹ ਕਿੱਥੇ ਲਿਜਾ ਕੇ ਸੁੱਟਿਆ ਜਾ ਰਿਹਾ ਹੈ? ਇਸ ਬਾਰੇ ਖੁਦ ਪੁੱਡਾ ਦੇ ਅਫਸਰਾਂ ਨੂੰ ਵੀ ਨਹੀਂ ਪਤਾ। ਪਤਾ ਲੱਗਾ ਹੈ ਕਿ ਕਈ ਵਾਰ ਕੂੜੇ ਨੂੰ ਖੁੱਲ੍ਹੇ ਵਿਚ ਸੁੱਟਿਆ ਜਾਂਦਾ ਹੈ। ਅਜਿਹੇ ਵਿਚ ਡਿੱਗ ਰਹੇ ਕੂੜੇ ਨਾਲ ਨਿਪਟਣ ਲਈ ਹੁਣ ਪੀ. ਡੀ. ਏ. ਵੀ ਅੰਡਰ-ਗਰਾਊਂਡ ਗਾਰਬੇਜ ਸਿਸਟਮ ਤਿਆਰ ਕਰਨ ਦੀ ਸੋਚ ਰਿਹਾ ਹੈ। ਇਸ ਬਾਰੇ ਹੁਣ ਤੱਕ ਕੁੱਝ ਵੀ ਕਾਗਜ਼ਾਂ ਵਿਚ ਨਹੀਂ ਆਇਆ। ਮੁੱਖ ਮੰਤਰੀ ਨਾਲ ਮੀਟਿੰਗ ਦੌਰਾਨ ਇਸ ਪ੍ਰਾਜੈਕਟ 'ਤੇ ਵਿਸਥਾਰ ਨਾਲ ਗੱਲ ਹੋਈ ਹੈ। 
ਪਹਿਲਾਂ ਹੀ ਬਣਿਆ ਹੋਇਐ ਨਗਰ ਨਿਗਮ ਦਾ ਪ੍ਰਾਜੈਕਟ 
ਦੱਸਣਯੋਗ ਹੈ ਕਿ ਇਕ ਪ੍ਰਾਜੈਕਟ ਨਗਰ ਨਿਗਮ ਨੇ ਵੀ ਬਣਾਇਆ ਹੈ। ਇਸ ਵਿਚ ਇਕ ਜਗ੍ਹਾ ਤੈਅ ਕਰ ਕੇ ਉਥੇ ਬਹੁਤ ਵੱਡਾ ਖੱਡਾ ਤਿਆਰ ਕਰ ਦਿੱਤਾ ਗਿਆ ਹੈ। ਇਸ ਵਿਚ 30 ਤੋਂ 40 ਕੁਇੰਟਲ ਕੂੜਾ ਹਾਈਡ੍ਰਾਲਿਕ ਸਿਸਟਮ ਨਾਲ ਟਰੱਕਾਂ ਵਿਚ ਲੋਡ ਕਰ ਕੇ ਡੰਪ ਤੱਕ ਭੇਜਿਆ ਜਾਵੇਗਾ। ਨਿਗਮ ਦਾ ਇਹ ਪ੍ਰਾਜੈਕਟ ਸਫਲ ਹੋਣ ਤੋਂ ਬਾਅਦ ਸ਼ਹਿਰ ਦੇ ਅਲੱਗ-ਅਲੱਗ ਇਲਾਕਿਆਂ ਵਿਚ 12 ਸਾਈਟਾਂ ਫਾਈਨਲ ਕੀਤੀਆਂ ਹਨ। ਇਕ ਅੰਡਰ-ਗਰਾਊਂਡ ਗਾਰਬੇਜ ਸਿਸਟਮ 'ਤੇ ਲਗਭਗ 8 ਲੱਖ ਰੁਪਏ ਦਾ ਖਰਚਾ ਆਉਣਾ ਹੈ। 
ਮੀਟਿੰਗ 'ਚ ਹੋਈ ਨਗਰ ਨਿਗਮ ਦੇ ਪ੍ਰਾਜੈਕਟ ਦੀ ਗੱਲ
ਮੁੱਖ ਮੰਤਰੀ ਜਦੋਂ ਅਫਸਰਾਂ ਨਾਲ ਮੀਟਿੰਗ ਕਰ ਰਹੇ ਸਨ ਅਤੇ ਪੀ. ਡੀ. ਏ. ਦੇ ਡਿਵੈਲਪਮੈਂਟ ਕੰਮਾਂ ਦੀ ਗੱਲ ਹੋ ਰਹੀ ਸੀ, ਉਸੇ ਦੌਰਾਨ ਨਿਗਮ ਦੇ ਇਸ ਅੰਡਰ-ਗਰਾਊਂਡ ਗਾਰਬੇਜ ਸਿਸਟਮ ਦੀ ਗੱਲ ਹੋਈ ਸੀ। ਇਸ ਮਾਮਲੇ ਵਿਚ ਚਰਚਾ ਹੋਈ ਕਿ ਪੀ. ਡੀ. ਏ. ਵੀ ਇਸ ਤਰ੍ਹਾਂ ਦਾ ਇਕ ਪ੍ਰਾਜੈਕਟ ਬਣਾ ਸਕਦਾ ਹੈ। ਉਸ ਲਈ ਨਿਗਮ ਦੇ ਪ੍ਰਾਜੈਕਟ ਦਾ ਸੈਂਪਲ ਵੀ ਲਿਆ ਜਾ ਸਕਦਾ ਹੈ। ਪੀ. ਡੀ. ਏ. ਅਥਾਰਟੀ ਨੇ ਵੀ ਇਸ ਪ੍ਰਾਜੈਕਟ 'ਤੇ ਹਾਮੀ ਭਰੀ ਸੀ। ਇਸ ਬਾਰੇ ਯੋਜਨਾ ਤਿਆਰ ਕੀਤੀ ਜਾ ਸਕਦੀ ਹੈ। ਅਜਿਹੇ ਵਿਚ ਅਥਾਰਟੀ ਭਵਿੱਖ 'ਚ ਇਸ ਬਾਰੇ ਸੋਚ ਸਕਦੀ ਹੈ।