ਨੋਟਬੰਦੀ ਤੇ ਜੀ. ਐੱਸ. ਟੀ. ਨਾਲ ਜਨਤਾ ''ਚ ਨਾਰਾਜ਼ਗੀ, ਇਸ ਲਈ ਮੋਦੀ ਚੋਣਾਂ ''ਚ ਵਹਾ ਰਹੇ ਪਸੀਨਾ : ਅਮਰਿੰਦਰ

11/07/2017 3:41:37 AM

ਜਲੰਧਰ/ਹਿਮਾਚਲ  (ਧਵਨ) - ਨੋਟਬੰਦੀ ਦੀ ਪਹਿਲੀ ਵਰ੍ਹੇਗੰਢ 8 ਨਵੰਬਰ ਨੂੰ ਨੇੜੇ ਆ ਰਹੀ ਹੈ, ਜਿਸ ਨੂੰ ਦੇਖਦੇ ਹੋਏ ਕਾਂਗਰਸ ਨੇ ਕੇਂਦਰ ਦੀ ਭਾਜਪਾ ਸਰਕਾਰ 'ਤੇ ਤਿੱਖਾ ਹਮਲਾ ਕਰ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਖੇਤਰ 'ਚ ਕਈ ਚੋਣ ਰੈਲੀਆਂ 'ਚ ਹਿੱਸਾ ਲੈਂਦੇ ਹੋਏ ਐਲਾਨ ਕੀਤਾ ਕਿ ਨੋਟਬੰਦੀ ਅਤੇ ਜੀ. ਐੱਸ. ਟੀ. ਤੋਂ ਜਨਤਾ ਖੁਸ਼ ਨਹੀਂ ਹੈ, ਜਿਸ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੁਣਾਵੀ ਰਾਜਾਂ ਹਿਮਾਚਲ ਪ੍ਰਦੇਸ਼ ਤੇ ਗੁਜਰਾਤ 'ਚ ਪਸੀਨਾ ਵਹਾਉਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਕੇਂਦਰ ਸਰਕਾਰ ਨੇ ਬਿਨਾਂ ਸੋਚੇ ਨੋਟਬੰਦੀ ਨੂੰ ਲਾਗੂ ਕਰ ਦਿੱਤਾ, ਜਿਸ ਤੋਂ ਬਾਅਦ ਦੇਸ਼ 'ਚ ਕਈ ਮੌਤਾਂ ਹੋਈਆਂ ਪਰ ਫਿਰ ਵੀ ਭਾਜਪਾ ਸਰਕਾਰ ਨੂੰ ਇਸ ਦੀ ਚਿੰਤਾ ਨਹੀਂ।
ਉੁਨ੍ਹਾਂ ਕਿਹਾ ਕਿ ਨੋਟਬੰਦੀ ਤੋਂ ਬਾਅਦ ਲੋਕਾਂ ਨੂੰ ਆਪਣਾ ਪੈਸਾ ਬੈਂਕਾਂ ਤੋਂ ਲੈਣ ਲਈ ਲਾਈਨਾਂ 'ਚ ਖੜ੍ਹਾ ਹੋਣਾ ਪਿਆ। ਅਜਿਹਾ ਕਿਸੇ ਵੀ ਦੇਸ਼ 'ਚ ਉਨ੍ਹਾਂ ਨੇ ਨਹੀਂ ਦੇਖਿਆ। ਜਦੋਂ ਲੋਕ ਆਪਣੇ ਹੀ ਪੈਸੇ ਲਈ ਮੁਥਾਜ ਹੋ ਗਏ। ਮੁੱਖ ਮੰਤਰੀ ਨੇ ਕਿਹਾ ਕਿ ਉਸ ਤੋਂ ਬਾਅਦ ਕੇਂਦਰ ਨੇ ਇਕ ਹੋਰ ਨਾਸਮਝੀ ਵਾਲਾ ਫੈਸਲਾ ਕਰਦੇ ਹੋਏ ਜੀ. ਐੈੱਸ. ਟੀ. ਨੂੰ ਲਾਗੂ ਕਰਕੇ ਰਾਜਾਂ ਨੂੰ ਉਨ੍ਹਾਂ ਦੀ ਆਮਦਨੀ ਤੋਂ ਵਾਂਝਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕੇਂਦਰ ਫੈਸਲੇ ਲੈਣ ਤੋਂ ਪਹਿਲਾਂ ਸੋਚਦੀ ਨਹੀਂ ਹੈ। ਜੇਕਰ ਕੇਂਦਰ ਨੇ ਸਹੀ ਫੈਸਲੇ ਕੀਤੇ ਹੁੰਦੇ ਤਾਂ ਮੋਦੀ ਨੂੰ ਦਰ-ਦਰ ਵੋਟਾਂ ਲਈ ਭਟਕਣਾ ਨਾ ਪੈਂਦਾ।
ਮੁੱਖ ਮੰਤਰੀ ਕਿਹਾ ਕਿ ਭਾਜਪਾ ਨੂੰ ਇਹ ਵੀ ਚਿੰਤਾ ਨਹੀਂ ਹੈ ਕਿ ਜੀ. ਐੱਸ. ਟੀ. ਲਾਗੂ ਹੋਣ ਤੋਂ ਬਾਅਦ ਛੋਟੇ ਕਾਰੋਬਾਰੀ ਆਪਣਾ ਕਾਰੋਬਾਰ ਕਿਵੇਂ ਚਲਾਉਣਗੇ। ਛੋਟੇ ਕਾਰੋਬਾਰੀਆਂ 'ਤੇ ਇਕ ਤਰ੍ਹਾਂ ਬੋਝ ਪਾ ਦਿੱਤਾ ਗਿਆ ਹੈ। ਉਨ੍ਹਾਂ ਨੂੰ ਚਾਰਟਰਡ ਅਕਾਊਂਟੈਂਟ ਦੀਆਂ ਸੇਵਾਵਾਂ ਲੈਣ 'ਤੇ ਹਜ਼ਾਰਾਂ ਲੱਖਾਂ ਸਾਲਾਨਾ ਖਰਚ ਕਰਨੇ ਪੈਣਗੇ। ਉਨ੍ਹਾਂ ਕਿਹਾ ਕਿ ਨੋਟਬੰਦੀ ਤੋਂ ਨਾਰਾਜ਼ ਲੋਕਾਂ ਨੇ ਪੰਜਾਬ ਵਿਧਾਨ ਸਭਾ ਚੋਣਾਂ 'ਚ ਭਾਜਪਾ-ਅਕਾਲੀ ਗਠਜੋੜ ਨੂੰ ਕਰਾਰੀ ਹਾਰ ਦਿੰਦੇ ਹੋਏ ਕਾਂਗਰਸ ਨੂੰ 77 ਸੀਟਾਂ ਜਤਾਈਆਂ। ਉਨ੍ਹਾਂ ਕਿਹਾ ਕਿ ਗੁਰਦਾਸਪੁਰ 'ਚ ਵੀ ਸੁਨੀਲ ਜਾਖੜ ਨੂੰ ਲੋਕਾਂ ਨੇ ਜੀ. ਐੱਸ. ਟੀ. ਕਾਰਨ 1.93 ਲੱਖ ਵੋਟਾਂ ਦੇ ਫਰਕ ਨਾਲ ਜਿਤਾਇਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਿਮਾਚਲ ਦੇ ਮੁੱਖ ਮੰਤਰੀ ਵੀਰ ਭੱਦਰ ਸਿੰਘ ਦੀ ਇਹ ਆਖਰੀ ਚੋਣ ਹੈ। ਉਹ ਖੁਦ ਵੀ ਆਪਣੀ ਆਖਰੀ ਪਾਰੀ ਖੇਡ ਰਹੇ ਹਨ। ਉਨ੍ਹਾਂ ਕਿਹਾ ਕਿ ਰਾਜਾ ਵੀਰਭੱਦਰ ਸਿੰਘ ਆਪਣੀ ਆਖਰੀ ਪਾਰੀ 'ਚ ਆਪਣੇ ਅਧੂਰੇ ਕੰਮਾਂ ਨੂੰ ਪੂਰਾ ਕਰਨਾ ਚਾਹੁੰਦੇ ਹਨ। ਅੱਜ ਹਿਮਾਚਲ ਵਿਕਸਿਤ ਹੋਇਆ ਹੈ ਤਾਂ ਇਸ ਦਾ ਸਿਹਰਾ ਰਾਜਾ ਵੀਰਭੱਦਰ ਸਿੰਘ ਨੂੰ ਜਾਂਦਾ ਹੈ। ਇਸ ਲਈ ਹਿਮਾਚਲ ਦੀ ਜਨਤਾ ਨੂੰ ਰਾਜਾ ਵੀਰਭੱਦਰ ਸਿੰਘ ਨੂੰ ਰਿਟਾਇਰਮੈਂਟ ਤੋਂ ਪਹਿਲਾਂ ਜਿੱਤ ਦਾ ਤੋਹਫਾ ਦੇਣਾ ਚਾਹੀਦਾ।