PUBG Mobile ਗੇਮ ਦੇ ਚੱਕਰ ’ਚ ਦਾਦੇ ਦੇ ਪੈਨਸ਼ਨ ਖਾਤੇ ’ਚੋਂ ਉਡਾਏ 2 ਲੱਖ ਰੁਪਏ

07/06/2020 4:46:58 PM

ਗੈਜੇਟ ਡੈਸਕ– ਪਬਜੀ ਮੋਬਾਇਲ ਗੇਮ ਦਾ ਕ੍ਰੇਜ਼ ਨੌਜਵਾਨਾਂ ’ਚ ਹੀ ਨਹੀਂ ਬੱਚਿਆਂ ’ਚ ਵੀ ਵਧਦਾ ਹੀ ਜਾ ਰਿਹਾ ਹੈ। ਪਬਜੀ ਗੇਮ ਖੇਡਣ ਨਾਲ ਬਚਿਆਂ ਦੀ ਮਾਨਸਿਕ ਹਾਲਤ ਹੁਣ ਖ਼ਰਾਬ ਹੁੰਦੀ ਨਜ਼ਰ ਆ ਰਹੀ ਹੈ। ਅੱਜ ਅਸੀਂ ਤੁਹਾਨੂੰ ਅਜਿਹੀ ਰਿਪੋਰਟ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਪੜ੍ਹ ਕੇ ਤੁਸੀਂ ਹੈਰਾਨ ਹੋ ਜਾਓਗੇ। ਪੰਜਾਬ ਦੇ ਮੋਹਾਲੀ ’ਚ ਰਹਿਣ ਵਾਲੇ ਇਕ 15 ਸਾਲ ਦੇ ਬੱਚੇ ਨੇ ਪਬਜੀ ਮੋਬਾਇਲ ਗੇਮ ਖੇਡਣ ਦੌਰਾਨ ਆਪਣੇ ਦਾਦੇ ਦੇ ਬੈਂਕ ਖਾਤੇ ’ਚੋਂ 2 ਲੱਖ ਰੁਪਏ ਖ਼ਰਚ ਕਰ ਦਿੱਤੇ। ਰਿਪੋਰਟ ਮੁਤਾਬਕ, ਬੱਚੇ ਨੇ ਆਪਣੇ ਦਾਦੇ ਦੀ ਪੈਨਸ਼ਨ ਦੇ ਪੈਸੇ ਖ਼ਰਚ ਕੀਤੇ ਹਨ। 

ਪਿਛਲੇ 2 ਮਹੀਨਿਆਂ ਤੋਂ ਕੀਤੀਆਂ ਗਈਆਂ 30 ਟਰਾਂਜੈਕਸ਼ਨਾਂ
NDTV ਗੈਜੇਟਸ 360 ਦੀ ਰਿਪੋਰਟ ਮੁਤਾਬਕ, ਮੋਹਾਲੀ ਦੇ ਰਹਿਣ ਵਾਲੇ ਇਸ ਬੱਚੇ ਨੇ ਪਬਜੀ ਗੇਮ ’ਚ ਅਣਨੋਨ ਕੈਸ਼ ਤਹਿਤ ਸਕਿਨ ਅਤੇ ਕ੍ਰੇਟਸ ਵਰਗੀਆਂ ਗੇਮਿੰਟ ਆਈਟਮਾਂ ਖ਼ਰੀਦਣ ਲਈ ਦਾਦੇ ਦੇ ਖਾਤੇ ’ਚੋਂ ਪੈਸੇ ਖ਼ਰਚ ਕੀਤੇ ਹਨ। ਪਿਛਲੇ ਦੋ ਮਹੀਨਿਆਂ ’ਚ ਉਸ ਨੇ ਕੁਲ 30 ਟਰਾਂਜੈਕਸ਼ਨਾਂ ਕੀਤੀਆਂ ਹਨ। ਉਹ ਪੇਟੀਐੱਮ ਰਾਹੀਂ ਗੇਮ ’ਚ ਭੁਗਤਾਨ ਕਰ ਰਿਹਾ ਸੀ। 

ਪਰਿਵਾਰ ਵਾਲਿਆਂ ਨੂੰ ਇੰਝ ਲੱਗਾ ਪਤਾ
ਬੱਚੇ ਦੇ ਇਸ ਕਾਰਨਾਮੇ ਬਾਰੇ ਪਰਿਵਾਰ ਵਾਲਿਆਂ ਨੂੰ ਉਦੋਂ ਪਤਾ ਲੱਗਾ ਜਦੋਂ ਉਹ ਬੈਂਕ ’ਚ ਪਾਸਬੁੱਕ ਅਪਡੇਟ ਕਰਵਾਉਣ ਗਏ। ਜਦੋਂ ਬੱਚੇ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਹ ਮੰਨ ਗਿਆ ਕਿ ਗੇਮ ’ਚ ਉਸ ਨੇ ਹੀ ਪੈਸੇ ਖ਼ਰਚ ਕੀਤੇ ਹਨ। ਇਸ ਤੋਂ ਬਾਅਦ ਬੱਚੇ ਦੇ ਸਕੂਲ ਦੇ ਇਕ ਸੀਨੀਅਰ ਖ਼ਿਲਾਫ ਸ਼ਿਕਾਇਤ ਦਰਜ ਕੀਤੀ ਗਈ ਹੈ, ਜਿਸ ਨੇ ਉਸ ਬੱਚੇ ਨੂੰ ਆਪਣੇ ਦਾਦੇ ਦੇ ਖਾਤੇ ’ਚੋਂ ਭੁਗਤਾਨ ਕਰਨ ਲਈ ਉਕਸਾਇਆ ਸੀ। ਇਹ ਭੁਗਤਾਨ ਇਨ੍ਹਾਂ ਦੋਵਾਂ ਦੇ ਪਬਜੀ ਅਕਾਊਂਟ ’ਚ ਹੋਏ ਸਨ। 

ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਹੀ ਪੰਜਾਬ ’ਚ ਇਕ ਹੋਰ 17 ਸਾਲ ਦੇ ਬੱਚੇ ਨੇ ਪਬਜੀ ਗੇਮ ਦੇ ਚੱਕਰ ’ਚ ਆਪਣੇ ਮਾਪਿਆਂ ਦੇ ਬੈਂਕ ਖਾਤਿਆਂ ’ਚੋਂ 16 ਲੱਖ ਰੁਪਏ ਉਡਾਏ ਸਨ। 17 ਸਾਲਾਂ ਦੇ ਇਸ ਨਾਬਾਲਗ ਨੂੰ ਆਪਣੇ ਮਾਪਿਆਂ ਦੇ ਤਿੰਨ ਬੈਂਕ ਖਾਤਿਆਂ ਦੇ ਅਕਾਊਂਟ ਨੰਬਰ ਪਤਾ ਸੀ। ਪਬਜੀ ਮੋਬਾਇਲ ਗੇਮ ਦੇ ਆਦੀ ਬਣ ਚੁੱਕੇ ਇਸ ਮੁੰਡੇ ਨੇ ਗੇਮ ਦੌਰਾਨ ’ਚ ਪੈਸੇ ਖ਼ਰਚ ਕਰਨ ਲਈ ਇਨ੍ਹਾਂ ਖਾਤਿਆਂ ਦੀ ਵਰਤੋਂ ਕੀਤੀ। ਨਾਬਾਲਗ ਨੇ ਆਪਣੇ ਮਾਪਿਆਂ ਨੂੰ ਦੱਸਿਆ ਸੀ ਕਿ ਉਹ ਆਪਣੀ ਪੜ੍ਹਾਈ ਲਈ ਦੇਰ ਤਕ ਮੋਬਾਇਲ ਦੀ ਵਰਤੋਂ ਕਰਦਾ ਹੈ ਜਦਕਿ ਪੜ੍ਹਾਈ ਦੀ ਥਾਂ ਉਹ ਕਈ ਘੰਟਿਆਂ ਤਕ ਪਬਜੀ ਮੋਬਾਇਲ ਗੇਮ ਖੇਡਦਾ ਸੀ। ਇਨ-ਐਪ ਸ਼ਾਪਿੰਗ ਤੋਂ ਇਲਾਵਾ ਗੇਮ ਖੇਡਣ ਦੌਰਾਨ ਉਹ ਆਪਣੇ ਟੀਮ ਦੇ ਮੈਂਬਰਾਂ ਲਈ ਵੀ ਅਪਗ੍ਰੇਡ ਖ਼ਰੀਦ ਰਿਹਾ ਸੀ। ਪੂਰੀ ਖ਼ਬਰ ਲਈ ਇਥੇ ਕਲਿੱਕ ਕਰੋ।

 

Rakesh

This news is Content Editor Rakesh