PSIEC ਵਲੋਂ ਰਿਹਾਇਸ਼ੀ ਪਲਾਟਾਂ ਦੀ ਪਹਿਲੀ ਈ-ਨੀਲਾਮੀ ਦੀ ਸਫ਼ਲ ਸ਼ੁਰੂਆਤ

12/02/2019 9:12:53 AM

ਚੰਡੀਗਡ਼੍ਹ,(ਸ਼ਰਮਾ)- ਪੰਜਾਬ ਸਰਕਾਰ ਨੇ ਕੈ. ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਮਾਲ ਇੰਡਸਟਰੀਜ਼ ਅਤੇ ਐਕਸਪੋਰਟ ਕਾਰਪੋਰੇਸ਼ਨ (ਪੀ.ਐੱਸ.ਆਈ.ਈ.ਸੀ.) ਵਲੋਂ ਰਿਹਾਇਸ਼ੀ ਪਲਾਟਾਂ ਦੀ ਪਹਿਲੀ ਈ-ਨੀਲਾਮੀ ਸਫ਼ਲਤਾਪੂਰਵਕ ਨੇਪਰੇ ਚਾਡ਼੍ਹ ਕੇ ਸੂਬੇ ਭਰ ਦੇ ਫੋਕਲ ਪੁਆਇੰਟਾਂ ’ਚ ਸਥਿਤ ਰਿਹਾਇਸ਼ੀ ਪਲਾਟਾਂ ਦੀ ਅਲਾਟਮੈਂਟ ’ਚ ਪਾਰਦਰਸ਼ਤਾ ਦੇ ਇਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਹੈ। ਇਸ ਨੀਲਾਮੀ ’ਚ ਚਨਾਲੋਂ (ਕੁਰਾਲੀ), ਨਇਆ ਨੰਗਲ, ਲੁਧਿਆਣਾ, ਪਠਾਨਕੋਟ, ਪਟਿਆਲਾ ਅਤੇ ਬਠਿੰਡਾ ਜਿਹੇ ਉਦਯੋਗਿਕ ਫੋਕਲ ਪੁਆਇੰਟਾਂ ਲਈ ਭਰਵਾਂ ਹੁੰਗਾਰਾ ਵੇਖਣ ਨੂੰ ਮਿਲਿਆ। ਨਿਵੇਸ਼ਕਾਂ ਨੇ ਅੰਮ੍ਰਿਤਸਰ, ਟਾਂਡਾ ਅਤੇ ਗੋਇੰਦਵਾਲ ਸਾਹਿਬ ਜਿਹੇ ਹੋਰਨਾਂ ਸ਼ਹਿਰਾਂ ’ਚ ਵੀ ਵਿਸ਼ੇਸ਼ ਰੁਚੀ ਦਿਖਾਈ। ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋਡ਼ਾ ਨੇ ਕਿਹਾ ਕਿ ਪੀ.ਐੱਸ.ਆਈ.ਈ.ਸੀ. ਨੇ ਉਦਯੋਗਪਤੀਆਂ ਦੀ ਸਨਅਤੀ ਫੋਕਲ ਪੁਆਇੰਟਾਂ ’ਚ ਰਿਹਾਇਸ਼ੀ ਪਲਾਟ ਮੁਹੱਈਆ ਕਰਵਾਉਣ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਨ ਲਈ 15 ਸਾਲਾਂ ਦੇ ਸਮੇਂ ਬਾਅਦ ਵੱਖ-ਵੱਖ ਫੋਕਲ ਪੁਆਇੰਟਾਂ ’ਚ ਰਿਹਾਇਸ਼ੀ ਪਲਾਟਾਂ ਦੀ ਅਲਾਟਮੈਂਟ ਦੀ ਕਾਰਵਾਈ ਆਰੰਭੀ ਹੈ।

ਅਰੋਡ਼ਾ ਨੇ ਕਿਹਾ ਕਿ ਈ-ਨੀਲਾਮੀ ਨਾਲ ਆਮਦਨ ਅਤੇ ਕੁਸ਼ਲਤਾ ’ਚ ਵਾਧਾ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਈ-ਨੀਲਾਮੀ ਨੇ ਸੂਬੇ ’ਚ ਰਿਹਾਇਸ਼ੀ ਪਲਾਟਾਂ ਦੀ ਅਲਾਟਮੈਂਟ ’ਚ ਸਾਰਿਆਂ ਨੂੰ ਨਿਰਪੱਖ ਅਤੇ ਬਰਾਬਰ ਮੌਕੇ ਮੁਹੱਈਆ ਕਰਵਾਏ ਹਨ। ਪੰਜਾਬ ਦੇ ਉਦਯੋਗ ਅਤੇ ਵਣਜ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਨੇ ਦੱਸਿਆ ਕਿ ਪੀ.ਐੱਸ.ਆਈ.ਈ.ਸੀ. ਵਲੋਂ ਰਿਹਾਇਸ਼ੀ ਪਲਾਟਾਂ ਦੀ ਪਹਿਲੀ ਈ-ਨੀਲਾਮੀ ਪੁੱਡਾ ਪੋਰਟਲ ’ਤੇ 1 ਨਵੰਬਰ ਤੋਂ 29 ਨਵੰਬਰ ਤੱਕ ਕੀਤੀ ਗਈ। ਨੀਲਾਮੀ ’ਚ ਅੰਮ੍ਰਿਤਸਰ, ਬਠਿੰਡਾ, ਚਨਾਲੋਂ (ਕੁਰਾਲੀ), ਗੋਇੰਦਵਾਲ ਸਾਹਿਬ, ਮਲੋਟ, ਨਿਆ ਨੰਗਲ, ਪਟਿਆਲਾ, ਪਠਾਨਕੋਟ ਅਤੇ ਟਾਂਡਾ ’ਚ ਸਥਿਤ ਫੋਕਲ ਪੁਆਇੰਟਾਂ ’ਚ 150 ਰਿਹਾਇਸ਼ੀ ਪਲਾਟਾਂ ਲਈ 320 ਬੋਲੀਕਾਰਾਂ ਵਲੋਂ ਦਰਖਾਸਤਾਂ ਦਿੱਤੀਆਂ ਗਈਆਂ। ਪਹਿਲੀ ਨੀਲਾਮੀ ਦੀ ਸਮਾਪਤੀ ’ਤੇ ਸਭ ਤੋਂ ਵੱਧ ਬੋਲੀ ਲਾਉਣ ਵਾਲਿਆਂ ਨੂੰ 70 ਪਲਾਟ ਅਲਾਟ ਕੀਤੇ ਜਾਣਗੇ। ਇਸ ਨਾਲ ਸੂਬੇ ਨੂੰ ਕਰੀਬ 1,200 ਲੱਖ ਦਾ ਮਾਲੀਆ ਮਿਲੇਗਾ। ਸਾਰੇ ਸਫ਼ਲ ਬੋਲੀਕਾਰਾਂ ਨੂੰ ਆਪਣੀ ਬੋਲੀ ਦੀ ਪ੍ਰਵਾਨਗੀ ਸਬੰਧੀ ਐੱਸ.ਐੱਮ.ਐੱਸ./ਈ-ਮੇਲ ਰਾਹੀਂ ਸੂਚਿਤ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ 3 ਦਿਨ ਦੇ ਅੰਦਰ ਬੋਲੀ ਦੀ ਰਕਮ ਦਾ 10 ਫੀਸਦੀ (ਨਾਲ 2 ਫੀਸਦੀ ਕੈਂਸਰ ਸੈੱਸ) ਜਮ੍ਹਾ ਕਰਨਾ ਹੋਵੇਗਾ। ਸਫ਼ਲ ਬੋਲੀਕਾਰਾਂ ਨੂੰ ਬੋਲੀ ਦੀ ਰਕਮ ਦਾ 10 ਫੀਸਦੀ (ਨਾਲ 2 ਫੀਸਦੀ ਕੈਂਸਰ ਸੈੱਸ) ਜਮ੍ਹਾ ਕਰਵਾਉਣ ਤੋਂ ਬਾਅਦ ਅਲਾਟਮੈਂਟ ਪੱਤਰ ਜਾਰੀ ਕੀਤੇ ਜਾਣਗੇ। ਅਲਾਟਮੈਂਟ ਪੱਤਰ ਜਾਰੀ ਹੋਣ ਦੇ 30 ਦਿਨਾਂ ਦੇ ਅੰਦਰ ਪਲਾਟ ਦੀ ਲਾਗਤ ਦੀ 30 ਫੀਸਦੀ ਰਾਸ਼ੀ ਦੀ ਡਾਊਨ ਪੇਮੈਂਟ ਭੁਗਤਾਨਯੋਗ ਹੋਵੇਗੀ।