12ਵੀਂ ਦੇ ਨਤੀਜੇ 'ਚ ਜਲੰਧਰ ਜ਼ਿਲ੍ਹੇ 'ਚ ਅੱਵਲ ਰਹੀ ਟਰੱਕ ਡਰਾਈਵਰ ਦੀ ਧੀ, ਮਾਪਿਆਂ 'ਚ ਖ਼ੁਸ਼ੀ ਦੀ ਲਹਿਰ

06/29/2022 1:39:15 PM

ਜਲੰਧਰ (ਸੁਮਿਤ)– ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈਆਂ ਗਈਆਂ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦਾ ਨਤੀਜਾ ਮੰਗਲਵਾਰ ਐਲਾਨ ਦਿੱਤਾ ਗਿਆ। ਨਤੀਜਾ ਐਲਾਨਣ ਦੀ ਸੂਚਨਾ ਮਿਲਦੇ ਹੀ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ। ਹਾਲਾਂਕਿ ਇਹ ਨਤੀਜੇ ਬੋਰਡ ਦੀ ਵੈੱਬਸਾਈਟ ’ਤੇ ਬੱਚੇ ਬੁੱਧਵਾਰ ਵੇਖ ਸਕਣਗੇ ਪਰ ਹਰ ਕੋਈ ਮੈਰਿਟ ਸੂਚੀ ਬਾਰੇ ਜਾਣਨ ਲਈ ਉਤਸ਼ਾਹਤ ਸੀ। ਜੇਕਰ ਜਲੰਧਰ ਜ਼ਿਲ੍ਹੇ ਦੇ ਨਤੀਜੇ ਦੀ ਗੱਲ ਕਰੀਏ ਤਾਂ ਜ਼ਿਲ੍ਹੇ ਦੇ ਕੁੱਲ 21,697 ਵਿਦਿਆਰਥੀਆਂ ਨੇ ਪ੍ਰੀਖਿਆ ਵਿਚ ਹਿੱਸਾ ਲਿਆ, ਜਿਨ੍ਹਾਂ ਵਿਚ 21,121 ਵਿਦਿਆਰਥੀ ਪਾਸ ਹੋਏ। ਇਸ ਤਰ੍ਹਾਂ ਜਲੰਧਰ ਜ਼ਿਲ੍ਹੇ ਦਾ ਨਤੀਜਾ 97.35 ਫ਼ੀਸਦੀ ਰਿਹਾ। ਇਸ ਨਤੀਜੇ ਵਿਚ ਹੈਰਾਨੀ ਵਾਲਾ ਤੱਥ ਇਹ ਰਿਹਾ ਕਿ ਜ਼ਿਲ੍ਹੇ ਭਰ ਵਿਚ 21000 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਪਰ ਮੈਰਿਟ ਸੂਚੀ ਵਿਚ ਸਿਰਫ਼ 2 ਵਿਦਿਆਰਥੀ ਹੀ ਥਾਂ ਬਣਾ ਸਕੇ, ਜਦਕਿ ਲੁਧਿਆਣਾ, ਹੁਸ਼ਿਆਰਪੁਰ, ਪਟਿਆਲਾ, ਅੰਮ੍ਰਿਤਸਰ ਵਰਗੇ ਕਈ ਹੋਰ ਜ਼ਿਲ੍ਹਿਆਂ ਦੇ ਕਈ ਵਿਦਿਆਰਥੀ ਮੈਰਿਟ ਲਿਸਟ ਵਿਚ ਨਾਂ ਦਰਜ ਕਰਵਾਉਣ ਵਿਚ ਸਫ਼ਲ ਰਹੇ।

ਜਲੰਧਰ ਦੇ ਜਿਹੜੇ 2 ਵਿਦਿਆਰਥੀਆਂ ਨੇ 302 ਵਿਦਿਆਰਥੀਆਂ ਵਾਲੀ ਮੈਰਿਟ ਵਿਚ ਥਾਂ ਬਣਾਈ, ਉਨ੍ਹਾਂ ਵਿਚ ਦੋਵੇਂ ਲੜਕੀਆਂ ਹਰਲੀਨ ਕੌਰ (ਕਾਮਰਸ) ਗੁਰੂ ਨਾਨਕ ਪਬਲਿਕ ਸਕੂਲ ਪ੍ਰੀਤ ਨਗਰ ਅਤੇ ਵੰਸ਼ਿਤਾ ਮਹਿੰਦਰੂ (ਹਿਊਮੈਨਿਟੀਜ਼) ਐੱਚ. ਐੱਮ. ਵੀ. ਕਾਲਜੀਏਟ ਸਕੂਲ ਸ਼ਾਮਲ ਹਨ ਅਤੇ ਕੋਈ ਲੜਕਾ ਨਹੀਂ ਹੈ। ਨਤੀਜੇ ਬਾਰੇ ਜੇਕਰ ਸਿੱਖਿਆ ਮਾਹਿਰਾਂ ਦੀ ਸੁਣੀਏ ਤਾਂ ਉਨ੍ਹਾਂ ਵੀ ਜ਼ਿਲ੍ਹੇ ਭਰ ਵਿਚ ਸਿਰਫ਼ 2 ਮੈਰਿਟ ਆਉਣ ਨੂੰ ਚਿੰਤਾ ਦਾ ਵਿਸ਼ਾ ਦੱਸਿਆ ਹੈ ਪਰ ਓਵਰਆਲ 97 ਫ਼ੀਸਦੀ ਨਤੀਜਾ ਆਉਣ ’ਤੇ ਉਨ੍ਹਾਂ ਅਧਿਆਪਕਾਂ ਨੂੰ ਵਧਾਈ ਦਾ ਪਾਤਰ ਕਰਾਰ ਦਿੱਤਾ।

ਜ਼ਿਕਰਯੋਗ ਹੈ ਕਿ ਇਹ ਨਤੀਜਾ ਬੋਰਡ ਵੱਲੋਂ ਬੀਤੇ ਦਿਨੀਂ ਐਲਾਨਿਆ ਜਾਣਾ ਸੀ, ਜਿਸ ਦਾ ਐਲਾਨ ਵੀ ਬੋਰਡ ਵੱਲੋਂ ਕਰ ਦਿੱਤਾ ਗਿਆ ਸੀ ਪਰ ਐਨ ਮੌਕੇ ’ਤੇ ਤਕਨੀਕੀ ਕਾਰਨਾਂ ਦਾ ਹਵਾਲਾ ਦਿੰਦਿਆਂ ਇਹ ਨਤੀਜਾ ਪੋਸਟਪੋਨ ਕਰ ਦਿੱਤਾ ਗਿਆ ਸੀ, ਜਿਸ ਕਾਰਨ ਬੱਚਿਆਂ ਅਤੇ ਮਾਪਿਆਂ ਵਿਚ ਨਿਰਾਸ਼ਾ ਦਾ ਆਲਮ ਸੀ ਪਰ ਅਗਲੇ ਹੀ ਦਿਨ ਬੋਰਡ ਵੱਲੋਂ ਇਹ ਨਤੀਜਾ ਜਾਰੀ ਕਰ ਕੇ ਬੱਚਿਆਂ ਦਾ ਇੰਤਜ਼ਾਰ ਖ਼ਤਮ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ: ਬਲਾਚੌਰ ਵਿਖੇ ਬਿਸਤ ਦੋਆਬ ਨਹਿਰ ’ਚ ਰੁੜੀਆਂ 5 ਮਾਸੂਮ ਬੱਚੀਆਂ

ਜ਼ਿਲ੍ਹੇ ਵਿਚ ਅੱਵਲ ਰਹੀ ਟਰੱਕ ਡਰਾਈਵਰ ਦੀ ਧੀ, ਬੈਂਕਿੰਗ ’ਚ ਬਣਾਵੇਗੀ ਕਰੀਅਰ
ਪੰਜਾਬ ਬੋਰਡ 12ਵੀਂ ਦੀ ਟਰਮ-2 ਪ੍ਰੀਖਿਆਵਾਂ ਦੇ ਨਤੀਜੇ ਵਿਚ ਜ਼ਿਲ੍ਹੇ ਭਰ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਹਰਲੀਨ ਕੌਰ ਨੇ ਕਿਹਾ ਕਿ ਉਹ ਬੈਂਕਿੰਗ ਦੇ ਖ਼ੇਤਰ ਵਿਚ ਇਕ ਅਧਿਕਾਰੀ ਦੇ ਤੌਰ ’ਤੇ ਕਰੀਅਰ ਬਣਾਉਣਾ ਚਾਹੁੰਦੀ ਹੈ। ਇਸ ਦੇ ਲਈ ਉਸਨੇ ਦੋਆਬਾ ਕਾਲਜ ਵਿਖੇ ਬੀ. ਕਾਮ. ਆਨਰਜ਼ ਵਿਚ ਦਾਖਲਾ ਵੀ ਲੈ ਲਿਆ ਹੈ। ਹਰਲੀਨ ਪੂਰੀ ਤਰ੍ਹਾਂ ਸਾਧਾਰਨ ਪਰਿਵਾਰ ਤੋਂ ਹੈ ਅਤੇ ਉਸ ਦੇ ਪਿਤਾ ਮਨਮੋਹਨ ਸਿੰਘ ਦੁਬਈ ਵਿਚ ਟਰੱਕ ਚਲਾਉਂਦੇ ਹਨ। ਉਸ ਦੀ ਮਾਂ ਰਣਜੀਤ ਕੌਰ ਘਰੇਲੂ ਔਰਤ ਹੈ ਅਤੇ ਘਰ ਦਾ ਕੰਮਕਾਜ ਵੇਖਦੀ ਹੈ। ਹਰਲੀਨ ਨੇ 492/500 (98.40 ਫ਼ੀਸਦੀ) ਅੰਕ ਪ੍ਰਾਪਤ ਕੀਤੇ, ਜਿਸ ਦੇ ਲਈ ਉਸਦੇ ਮਾਤਾ-ਪਿਤਾ ਨੇ ਉਸ ਨੂੰ ਵਧਾਈ ਦੀ ਪਾਤਰ ਦੱਸਿਆ। ਹਰਲੀਨ ਨੇ ਕਿਹਾ ਕਿ ਉਹ ਅੱਗੇ ਵੀ ਇਸੇ ਤਰ੍ਹਾਂ ਮਿਹਨਤ ਜਾਰੀ ਰੱਖੇਗੀ ਅਤੇ ਇਕ ਵਧੀਆ ਮੁਕਾਮ ਹਾਸਲ ਕਰੇਗੀ। ਉਸ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਮਾਤਾ-ਪਿਤਾ ਅਤੇ ਅਧਿਆਪਕਾਂ ਨੂੰ ਦਿੱਤਾ।

ਫਿਰ ਪਿਛੜੇ ਸਰਕਾਰੀ ਸਕੂਲ
ਇਸ ਵਾਰ ਆਈ 12ਵੀਂ ਦੇ ਨਤੀਜੇ ਦੀ ਮੈਰਿਟ ਸੂਚੀ ਵਿਚ ਨਜ਼ਰ ਮਾਰੀ ਜਾਵੇ ਤਾਂ ਹਮੇਸ਼ਾ ਹੀ ਬਿਹਤਰ ਸਿੱਖਿਆ ਦੇਣ ਦੇ ਦਾਅਵੇ ਕਰਨ ਵਾਲੇ ਵੱਡੇ-ਵੱਡੇ ਸਰਕਾਰੀ ਸਕੂਲ ਜਿਹੜੇ ਹੁਣ ਸਮਾਰਟ ਸਕੂਲਾਂ ਵਿਚ ਤਬਦੀਲ ਹੋ ਚੁੱਕੇ ਹਨ, ਉਹ ਵੀ ਮੈਰਿਟ ਵਿਚ ਥਾਂ ਨਹੀਂ ਬਣਾ ਸਕੇ। ਜਲੰਧਰ ਜ਼ਿਲੇ ਦੀ ਜਿਹੜੀਆਂ 2 ਮੈਰਿਟ ਆਈਆਂ ਹਨ, ਉਹ ਦੋਵੇਂ ਪ੍ਰਾਈਵੇਟ ਸਕੂਲਾਂ ਦੇ ਨਾਂ ਰਹੀਆਂ ਤੇ ਸਰਕਾਰੀ ਸਕੂਲ ਮੈਰਿਟ ਸੂਚੀ ਵਿਚੋਂ ਪੂਰੀ ਤਰ੍ਹਾਂ ਗਾਇਬ ਦਿਸੇ।

ਇਹ ਵੀ ਪੜ੍ਹੋ: 123 ਦਿਨ ਬਾਅਦ ਵੀ ਸਿਮਰਜੀਤ ਸਿੰਘ ਬੈਂਸ ਫਰਾਰ, ਪੁਲਸ ਦੇ ਹੱਥ ਅਜੇ ਵੀ ਖ਼ਾਲੀ

ਪੰਜਾਬ ’ਚ 11ਵੇਂ ਸਥਾਨ ’ਤੇ ਰਿਹਾ ਜਲੰਧਰ
ਜਲੰਧਰ ਜ਼ਿਲ੍ਹੇ ਦਾ ਨਤੀਜਾ ਭਾਵੇਂ 97.35 ਫ਼ੀਸਦੀ ਰਿਹਾ ਪਰ ਓਵਰਆਲ ਪੰਜਾਬ ਦੀ ਗੱਲ ਕਰੀਏ ਤਾਂ ਸੂਬੇ ਵਿਚੋਂ ਜਲੰਧਰ 11ਵੇਂ ਸਥਾਨ ’ਤੇ ਰਿਹਾ। ਜਲੰਧਰ ਤੋਂ ਉਪਰ ਪਠਾਨਕੋਟ, ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ, ਫਰੀਦਕੋਟ, ਮਾਨਸਾ, ਸੰਗਰੂਰ, ਮਾਲੇਰਕੋਟਲਾ ਤੇ ਬਠਿੰਡਾ ਜ਼ਿਲ੍ਹੇ ਰਹੇ, ਜਿਨ੍ਹਾਂ ਮੈਰਿਟ ਵਿਚ ਵੀ ਵਧੀਆ ਪ੍ਰਦਰਸ਼ਨ ਕੀਤਾ।

ਵਿਦੇਸ਼ ’ਚ ਜਾ ਕੇ ਵਕਾਲਤ ਕਰੇਗੀ ਵੰਸ਼ਿਕਾ
ਜ਼ਿਲ੍ਹੇ ਭਰ ਵਿਚ ਦੂਜੇ ਸਥਾਨ ’ਤੇ ਰਹੀ ਵੰਸ਼ਿਕਾ ਮਹਿੰਦਰੂ ਨੇ ਹਿਊਮੈਨਿਟੀਜ਼ ਗਰੁੱਪ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਉਸ ਨੇ 489/500 (97.80 ਫ਼ੀਸਦੀ) ਅੰਕ ਪ੍ਰਾਪਤ ਕੀਤੇ। ਪਿਤਾ ਰਾਜੇਸ਼ ਮਹਿੰਦਰੂ ਅਤੇ ਮਾਤਾ ਪ੍ਰੀਤੀ ਮਹਿੰਦਰੂ ਦੀ ਇਕਲੌਤੀ ਸੰਤਾਨ ਵੰਸ਼ਿਤਾ ਨੇ ਫੈਸਲਾ ਕੀਤਾ ਹੈ ਕਿ ਉਹ ਵਿਦੇਸ਼ ਵਿਚ ਜਾ ਕੇ ਵਕਾਲਤ ਦੀ ਪੜ੍ਹਾਈ ਕਰੇਗੀ। ਉਸ ਦੇ ਪਿਤਾ ਜਿਹੜੇ ਕਿ ਕਨਫੈਕਸ਼ਨਰੀ ਆਈਟਮਜ਼ ਦੀ ਸਪਲਾਈ ਕਰਦੇ ਹਨ ਅਤੇ ਹਿਮਾਚਲ ਵਿਚ ਟੂਰ ’ਤੇ ਗਏ ਹੋਏ ਹਨ, ਉਨ੍ਹਾਂ ਨੂੰ ਇਹ ਖਬਰ ਵੰਸ਼ਿਤਾ ਨੇ ਫੋਨ ’ਤੇ ਸੁਣਾਈ ਤਾਂ ਉਹ ਵੀ ਖੁਸ਼ ਹੋ ਗਏ। ਪ੍ਰੀਤੀ ਮਹਿੰਦਰੂ ਨੇ ਦੱਸਿਆ ਕਿ ਉਸ ਦੀ ਧੀ ਇਸ ਤੋਂ ਪਹਿਲਾਂ 10ਵੀਂ ਵਿਚ ਵੀ 96 ਫੀਸਦੀ ਅੰਕਾਂ ਨਾਲ ਟਾਪ ’ਤੇ ਰਹੀ। 11ਵੀਂ ਵਿਚ 96.8 ਫ਼ੀਸਦੀ ਅੰਕ ਪ੍ਰਾਪਤ ਕਰਕੇ ਟਾਪ ’ਤੇ ਰਹੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਧੀ ਅੱਗੇ ਜਿੰਨਾ ਪੜ੍ਹੇਗੀ, ਉਹ ਪੜ੍ਹਾਉਣਗੇ ਅਤੇ ਉਸ ਨੂੰ ਕਾਮਯਾਬ ਕਰਨਗੇ। ਵੰਸ਼ਿਤਾ ਨੇ ਆਪਣੀ ਸਫ਼ਲਤਾ ਦਾ ਸਿਹਰਾ ਆਪਣੇ ਮਾਤਾ-ਪਿਤਾ ਅਤੇ ਸਟਾਫ਼ ਨੂੰ ਦਿੱਤਾ।

ਇਹ ਵੀ ਪੜ੍ਹੋ: ਰਿਸ਼ਤੇ ਸ਼ਰਮਸਾਰ: ਫਗਵਾੜਾ 'ਚ 14 ਸਾਲਾ ਧੀ ਨਾਲ ਪਿਓ ਨੇ ਕਈ ਵਾਰ ਕੀਤਾ ਜਬਰ-ਜ਼ਿਨਾਹ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri