12ਵੀਂ ਦੀ ਡੇਟਸ਼ੀਟ ''ਚ ਕੀਤੀ ਤਬਦੀਲੀ

01/17/2019 4:38:20 PM

ਮੋਹਾਲੀ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਜਮਾਤ ਦੀ ਜਾਰੀ ਡੇਟਸ਼ੀਟ ਅਨੁਸਾਰ ਗਣਿਤ ਵਿਸ਼ੇ ਦੀ ਪ੍ਰੀਖਿਆ 26 ਮਾਰਚ ਨੂੰ ਰੱਖੀ ਗਈ ਸੀ, ਹੁਣ ਇਸ ਵਿਚ ਤਬਦੀਲੀ ਕਰਦੇ ਹੋਏ ਗਣਿਤ ਵਿਸ਼ੇ ਦੀ ਪ੍ਰੀਖਿਆ 29 ਮਾਰਚ ਨੂੰ ਹੋਵੇਗੀ। ਡੇਟਸ਼ੀਟ ਅਤੇ ਹੋਰ ਵਧੇਰੇ ਜਾਣਕਾਰੀ ਬੋਰਡ ਦੀ ਵੈੱਬਸਾਈਟ 'ਤੇ ਉਪਲੱਬਧ ਹੈ।

ਦੱਸ ਦਈਏ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆ ਸਮੇਤ ਓਪਨ ਸਕੂਲ ਦੇ ਅਧੀਨ ਕੰਪਾਰਟਮੈਂਟ, ਰੀ ਅਪੀਅਰ, ਵਾਧੂ ਵਿਸ਼ਾ ਅਤੇ ਦਰਜਾ ਕਾਰਗੁਜ਼ਾਰੀ ਵਧਾਉਣ ਦੀ ਪੂਰੇ ਵਿਸ਼ਿਆਂ ਦੀ ਪ੍ਰਯੋਗੀ ਪ੍ਰੀਖਿਆ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਸੀ। ਆਨ ਦੀ ਜਾਬ ਟ੍ਰੇਨਿੰਗ 1 ਅਪ੍ਰੈਲ ਤੋਂ 30 ਜੂਨ ਤਕ ਕੇਵਲ ਤਿੰਨ ਮਹੀਨੇ ਲਈ ਕਰਵਾਈ ਜਾਵੇਗੀ ਜਦਕਿ ਪ੍ਰਯੋਗੀ ਵਿਸ਼ਿਆਂ ਦੀ ਪ੍ਰੀਖਿਆ ਸਵੇਰ ਅਤੇ ਸ਼ਾਮ ਦੇ ਸੈਸ਼ਨਾਂ 'ਚ ਕਰਵਾਈ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਬੋਰਡ ਦੇ ਸਕੱਤਰ ਪ੍ਰਸ਼ਾਂਤ ਕੁਮਾਰ ਗੋਇਲ ਆਈ. ਏ. ਐੱਸ. ਨੇ ਦੱਸਿਆ ਕਿ ਡਰਾਇੰਗ ਐਂਡ ਪੇਂਟਿੰਗ, ਵਪਾਰਕ ਕਲਾ, ਮਾਡਲਿੰਗ ਤੇ ਮੂਰਤੀ ਕਲਾ ਦੀ ਪ੍ਰਯੋਗੀ ਪ੍ਰੀਖਿਆ ਦਾ ਸਮਾਂ 8 ਘੰਟੇ, ਸਰੀਰਕ ਸਿੱਖਿਆ ਤੇ ਖੇਡਾਂ ਵਿਸ਼ੇ ਦੀ ਪ੍ਰੀਖਿਆ ਲਈ ਸਮਾਂ 4 ਘੰਟੇ, ਕਮਰਸ਼ੀਅਲ ਆਰਟ ਅਤੇ ਡਰਾਇੰਗ ਡਿਜ਼ਾਈਨ ਅਤੇ ਲੇਆਊਟ ਲਈ 5 ਘੰਟੇ, ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਅਤੇ ਜੀਵ ਵਿਗਿਆਨ ਲਈ ਢਾਈ ਘੰਟੇ, ਫੰਡਾਮੈਂਟਲ ਆਫ ਈ ਬਿਜ਼ਨੈੱਸ ਅਤੇ ਅਕਾਊਂਟੈਂਸੀ ਲਈ ਡੇਢ ਘੰਟਾ, ਸੰਗੀਤ, ਸਾਜ਼, ਆਵਾਜ਼, ਤਬਲਾ, ਗੁਰਮਤਿ ਸੰਗੀਤ, ਡਾਂਸ ਲਈ 20 ਮਿੰਟ, ਫਰੈਂਚ, ਜਰਮਨ, ਰਸ਼ੀਅਨ, ਕੋਰੀਅਨ ਲਈ 9 ਮਿੰਟ ਤੇ ਬਾਕੀ ਸਾਰੇ ਗਰੁੱਪਾਂ ਦੇ ਵਿਸ਼ਿਆਂ ਲਈ 3 ਘੰਟੇ ਦਾ ਸਮਾਂ ਹੋਵੇਗਾ। ਬੋਰਡ ਦੇ ਸਕੱਤਰ ਨੇ ਦੱਸਿਆ ਕਿ 11 ਅਪ੍ਰੈਲ ਤੋਂ 13 ਅਪ੍ਰੈਲ ਤਕ ਬਾਕੀ ਰਹਿੰਦੇ ਇਸ ਸਾਰੇ ਗਰੁੱਪਾਂ ਦੇ ਪ੍ਰਯੋਗੀ ਵਿਸ਼ਿਆਂ ਦੀ ਪ੍ਰਯੋਗੀ ਪ੍ਰੀਖਿਆ ਲਈ ਜਾਵੇਗੀ।

ਸਾਇੰਸ ਤੇ ਕਾਮਰਸ ਗਰੁੱਪ ਦੀ ਡੇਟਸ਼ੀਟ: ਭੌਤਿਕ ਵਿਗਿਆਨ ਦੀ ਪ੍ਰਯੋਗੀ ਪ੍ਰੀਖਿਆ 5 ਤੋਂ 9 ਅਪ੍ਰੈਲ ਤਕ, ਜੀਵ ਵਿਗਿਆਨ ਦੀ 5 ਅਤੇ 6 ਅਪ੍ਰੈਲ, ਰਸਾਇਣਿਕ ਵਿਗਿਆਨ ਦੀ 6 ਤੋਂ 10 ਅਪ੍ਰੈਲ ਤਕ ਅਤੇ ਅਕਾਊਂਟੈਂਸੀ ਦੀ 9 ਅਪ੍ਰੈਲ ਜਦਕਿ ਫੰਡਾਮੈਂਟਲ ਆਫ ਈ ਬਿਜ਼ਨੈੱਸ ਦੀ ਪ੍ਰਯੋਗੀ ਪ੍ਰੀਖਿਆ 10 ਅਪ੍ਰੈਲ ਨੂੰ ਹੋਵੇਗੀ। ਹਿਊਮੈਨਟੀਜ਼ ਗਰੁੱਪ ਵਿਚ ਗ੍ਰਹਿ ਵਿਗਿਆਨ ਦੀ ਪ੍ਰਯੋਗੀ ਪ੍ਰੀਖਿਆ 9 ਅਤੇ 10 ਅਪ੍ਰੈਲ ਨੂੰ ਹੋਵੇਗੀ। ਕੇਂਦਰ ਕੰਟਰੋਲਰ ਜਾਂ ਸੁਪਰਡੈਂਟ ਪ੍ਰਯੋਗੀ ਪ੍ਰੀਖਿਆ ਦੇਣ ਵਾਲੇ ਪ੍ਰੀਖਿਆਰਥੀਆਂ ਲਈ ਪ੍ਰਯੋਗੀ ਪ੍ਰੀਖਿਆ ਦੀ ਮਿਤੀ, ਸਮਾਂ ਤੇ ਕੇਂਦਰ ਨੋਟ ਕਰਵਾਉਣ ਉਪਰੰਤ ਵਿਦਿਆਰਥੀਆਂ ਦੇ ਦਸਤਖਤ ਪ੍ਰੀਖਿਆ ਵਾਲੇ ਹਸਤਾਖ਼ਰ ਚਾਰਟ 'ਤੇ ਕਰਵਾਉਣਗੇ ਅਤੇ ਇਹ ਗੱਲ ਯਕੀਨੀ ਬਣਾਉਣਗੇ ਕਿ ਕੋਈ ਵੀ ਪ੍ਰੀਖਿਆਰਥੀ ਪ੍ਰਯੋਗੀ ਪ੍ਰੀਖਿਆ ਦੀ ਮਿਤੀ ਨੋਟ ਕਰਨ ਤੋਂ ਵਾਂਝਾ ਨਾ ਰਹਿ ਜਾਵੇ।

Anuradha

This news is Content Editor Anuradha