ਪੀ. ਆਰ. ਟੀ. ਸੀ. ਬਣੀ ਸੂਬਾ ਵਾਸੀਆਂ ਲਈ ਵਰਦਾਨ

07/09/2018 11:40:16 AM

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਅਤੇ ਦਿਸ਼ਾ ਨਿਰਦੇਸ਼ਾਂ ਹੇਠ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ. ਆਰ. ਟੀ. ਸੀ.) ਜਿੱਥੇ ਘਾਟੇ ਤੋਂ ਵੱਧ ਵੱਲ ਚੱਲ ਰਹੀ ਹੈ, ਉਥੇ ਨਵੀਆਂ ਬੱਸਾਂ ਦੀ ਫਲੀਟ ਅਤੇ ਨਵੇਂ ਰੂਟ ਦੇ ਚੱਲਣ ਨਾਲ ਸੂਬਾਂ ਵਾਸੀਆਂ ਲਈ ਵਰਦਾਨ ਸਾਬਤ ਹੋ ਰਹੀ ਹੈ। ਪੀ. ਆਰ. ਟੀ. ਸੀ. ਵੱਲੋਂ ਪਰਵਾਸੀਆਂ ਪੰਜਾਬੀਆਂ ਦੀ ਸਹੂਲਤ ਨੂੰ ਧਿਆਨ 'ਚਰੱਖਦਿਆਂ ਪੰਜਾਬ ਦੇ ਪੰਜ ਵੱਡੇ ਸ਼ਹਿਰਾਂ ਤੋਂ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਵੱਲ ਆਉਣ-ਜਾਣ ਲਈ 7 ਵੋਲਵੋ ਬੱਸਾਂ ਚਲਾਈਆਂ ਗਈਆਂ ਹਨ, ਜਿਸ ਨੂੰ ਜ਼ਬਰਦਸਤ ਹੁੰਗਾਰਾ ਮਿਲਿਆ ਹੈ। ਇਹ ਖੁਲਾਸਾ ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ ਨੇ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਕੀਤਾ।
ਅਰੁਣਾ ਚੌਧਰੀ ਨੇ ਕਿਹਾ ਕਿ ਪੰਜਾਬ ਤੋਂ ਵੱਡੀ ਗਿਣਤੀ 'ਚ ਪਰਵਾਸੀ ਭਾਰਤੀ ਵੱਖ-ਵੱਖ ਦੇਸ਼ਾਂ ਦੀ ਉਡਾਣ ਫੜ੍ਹਨ ਲਈ ਨਵੀਂ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਜਾਂਦੇ ਹਨ। ਇਸ ਤੋਂ ਪਹਿਲਾਂ ਪੀ. ਆਰ. ਟੀ. ਸੀ. ਦੀ ਵੋਲਵੋ ਬੱਸ ਸਿਰਫ ਸਵਾਰੀਆਂ ਨੂੰ ਹਵਾਈ ਅੱਡੇ 'ਤੇ ਛੱਡ ਕੇ ਆਉਂਦੀ ਸੀ, ਉਥੋਂ ਸਵਾਰੀਆਂ ਨੂੰ ਲਿਆਉਣ ਦੀ ਆਗਿਆ ਨਹੀਂ ਸੀ। ਪੀ. ਆਰ. ਟੀ. ਸੀ. ਵੱਲੋਂ ਹੁਣ ਸੱਤ ਵੋਲਵੋ ਬੱਸਾਂ ਚਲਾਈਆਂ ਗਈਆਂ ਹਨ, ਜਿਹੜੀਆਂ ਪਟਿਆਲਾ, ਜਲੰਧਰ, ਅੰਮ੍ਰਿਤਸਰ, ਲੁਧਿਆਣਾ ਤੇ ਹੁਸ਼ਿਆਰਪੁਰ ਤੋਂ ਹਵਾਈ ਅੱਡੇ ਨੂੰ ਜਾਂਦੀਆਂ ਹਨ ਅਤੇ ਉਥੋਂ ਸਵਾਰੀਆਂ ਲੈ ਕੇ ਵਾਪਸ ਆਉਂਦੀਆਂ ਹਨ। ਇਹ ਸੇਵਾ ਪਹਿਲੀ ਜੁਲਾਈ ਤੋਂ ਸ਼ੁਰੂ ਕੀਤੀ ਗਈ ਹੈ, ਜਿਸ ਨੂੰ ਵਧੀਆ ਹੁੰਗਾਰਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਹਵਾਈ ਅੱਡੇ ਜਾਣ ਵਾਲੇ ਪੰਜਾਬੀਆਂ ਨੂੰ ਸੌਖਾ ਵੀ ਹੋਇਆ ਅਤੇ ਨਿੱਜੀ ਵਾਹਨਾਂ 'ਤੇ ਜਾਣ ਦਾ ਖਰਚਾ ਵੀ ਘਟਿਆ ਹੈ। ਇਨ੍ਹਾਂ ਵੋਲਵੋ 'ਤੇ ਸਫਰ ਕਰਨ ਦੇ ਇਛੁੱਕ ਟਿਕਟਾਂ ਦੀ ਆਨਲਾਈਨ ਬੁਕਿੰਗ ਕਰ ਸਕਦੇ ਹਨ।
ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਅਗਵਾਈ ਹੇਠ ਜਨਤਕ ਬੱਸ ਸੇਵਾ ਨੂੰ ਪ੍ਰਫੁੱਲਤ ਕਰਨ ਦੇ ਇਰਾਦੇ ਤਹਿਤ ਪੀ. ਆਰ. ਟੀ. ਸੀ. ਵੱਲੋਂ ਨਿਵੇਕਲੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਛੇ ਮਹੀਨਿਆਂ ਵਿੱਚ 250 ਬੱਸਾਂ ਫਲੀਟ 'ਚ ਸ਼ਾਮਲ ਕੀਤੀਆਂ ਗਈਆਂ ਹਨ, ਜਿਨ੍ਹਾਂ 'ਚੋਂ 150 ਕਿਲੋਮੀਟਰ ਸਕੀਮ ਅਤੇ 100 ਪੀ. ਆਰ. ਟੀ. ਸੀ. ਦੀਆਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਆਉਂਦੇ ਸਮੇਂ 'ਚ 100 ਹੋਰ ਨਵੀਆਂ ਬੱਸਾਂ ਪੀ. ਆਰ. ਟੀ. ਸੀ. ਦੀ ਫਲੀਟ 'ਚ ਸ਼ਾਮਲ ਕੀਤੇ ਜਾਣ ਦੀ ਤਜਵੀਜ਼ ਹੈ। ਇਸ ਤੋਂ ਇਲਾਵਾ ਸੱਤ ਵਾਤਾਨਕੂਲ (ਐਚ.ਵੀ.ਏ.ਸੀ.) ਬੱਸਾਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਨੂੰ ਚਲਾਈਆਂ ਜਾਣਗੀਆਂ। ਅਰੁਣਾ ਚੌਧਰੀ ਨੇ ਕਿਹਾ ਕਿ ਟਰਾਂਸਪੋਰਟ ਵਿਭਾਗ ਨੂੰ ਨਵੀਆਂ ਪਹਿਲ ਕਦਮੀਆਂ ਸ਼ੁਰੂ ਕੀਤੀਆਂ ਹਨ ਅਤੇ ਨਵੇਂ ਰੂਟਾਂ ਨੂੰ ਸ਼ਾਮਲ ਕਰਨ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ ਤਾਂ ਜੋ ਪੰਜਾਬ ਦਾ ਕੋਈ ਵੀ ਪਿੰਡ, ਕਸਬਾ ਜਾਂ ਸ਼ਹਿਰ ਬੱਸ ਸੇਵਾ ਤੋਂ ਵਾਂਝਾ ਨਾ ਰਹਿ ਸਕੇ।