ਬੈਂਕ ਦੇ ਗੇਟ ਅੱਗੇ ਮੈਨੇਜਰ ਖ਼ਿਲਾਫ਼ ਧਰਨਾ ਲਾ ਕੇ ਕੀਤੀ ਨਾਅਰੇਬਾਜ਼ੀ

05/26/2020 5:27:30 PM

ਤਪਾ ਮੰਡੀ(ਸ਼ਾਮ,ਗਰਗ) - ਪਿੰਡ ਢਿੱਲਵਾਂ ਦੀ ਮਾਲਵਾ ਗ੍ਰਾਮੀਣ ਬੈਂਕ ਦੇ ਗੇਟ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਬੈਂਕ ਮੈਨੇਜਰ ਖਿਲਾਫ ਧਰਨਾ ਲਾ ਕੇ ਜੰਮਕੇ ਨਾਅਰੇਬਾਜ਼ੀ ਕੀਤੀ ਗਈ। ਭਾਕਿਯੂ(ਸਿਧੂਪੁਰ) ਦੇ ਜ਼ਿਲ੍ਹਾ ਪ੍ਰਧਾਨ ਰੂਪ ਸਿੰਘ ਢਿਲਵਾਂ,ਬੂਟਾ ਸਿੰਘ ਸੀਨੀਅਰ ਮੀਤ ਪਰਧਾਨ,ਬਲੌਰ ਸਿੰਘ ਬਲਾਕ ਪ੍ਰਧਾਨ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੈਂਕ ਮੈਨੇਜਰ ਦੀਆਂ ਨਾਲਾਇਕੀਆਂ ਕਾਰਨ ਹੀ ਕਿਸਾਨਾਂ ਨੂੰ ਅਜੇ ਤੱਕ ਕਣਕ ਦੀ ਫਸਲ ਦੀ ਪੇਮੈਂਟ ਨਹੀਂ ਮਿਲ ਸਕੀਂ। ਰੋਜ਼-ਰੋਜ਼ ਗੇੜੇ ਮਾਰ ਕੇ ਕਿਸਾਨ ਅੱਕ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਆਖਿਆ ਕਿ ਪੈਨਸ਼ਨਾਂ ਲੈਣ ਵਾਲੀਆਂ ਬਜ਼ੁਰਗ ਔਰਤਾਂ ਹਰ ਰੋਜ਼ ਬੈਂਕ ਦੇ ਗੇਟ ਅੱਗੇ ਲੰਬੀਆਂ-ਲੰਬੀਆਂ ਲਾਈਨਾਂ ਲਾ ਕੇ ਬੈਠੀਆਂ ਰਹਿੰਦੀਆਂ ਹਨ। ਪਰ ਸਬੰਧਤ ਬੈਂਕ ਦੇ ਮੈਨੇਜਰ ਵੱਲੋਂ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਕੀਤੀ ਜਾ ਰਹੀ।

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ 80 ਸਾਲਾਂ ਬਜ਼ੁਰਗ ਬੈਂਕ ਅੰਦਰ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਬੈਂਕ ਦੇ ਗੰਨਮੈਨ ਵੱਲੋਂ ਉਸ ਨੂੰ ਬਾਹਰ ਹੀ ਰੋਕਿਆ ਗਿਆ। ਬਜ਼ੁਰਗ ਦੇ ਵਾਰ-ਵਾਰ ਇਹ ਕਹਿਣ ਤੇ ਕਿ ਬਾਹਰ ਕੜਾਕੇ ਦੀ ਗਰਮੀ ਜਿਸ ਕਾਰਨ ਉਸ ਤੋਂ ਬਾਹਰ ਬੈਠਿਆ ਨਹੀਂ ਜਾ ਰਿਹਾ ਉਸ ਨੂੰ ਅੰਦਰ ਲੰਘਾ ਲਿਆ ਜਾਵੇ। ਪਰ ਉਨ੍ਹਾਂ ਵੱਲੋਂ ਉਸ ਦੀ ਇੱਕ ਨਾ ਸੁਣੀ ਗਈ।  ਜਿਸ ਤੋਂ ਗੁੱਸੇ 'ਚ ਆਏ  ਯੂਨੀਅਨ ਦੇ ਆਗੂਆਂ ਵੱਲੋਂ ਧਰਨਾ ਲਾ ਦਿੱਤਾ ਗਿਆ।

ਇਸ ਸਬੰਧੀ ਜਦੋਂ ਬੈਂਕ ਮੈਨੇਜਰ ਦਾ ਪੱਖ ਜਾਣਿਆ ਤਾਂ ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਜਾਣ ਬੁੱਝ ਕੇ ਕਿਸੇ ਨੂੰ ਵੀ ਹੈਰਾਨ-ਪ੍ਰੇਸ਼ਾਨ ਨਹੀਂ ਕੀਤਾ ਜਾ ਰਿਹਾ ਹੈ। ਤਾਲਾਬੰਦੀ ਕਾਰਨ ਪੇਮੈਂਟ  ਘਟ ਆ ਰਹੀਆਂ ਹਨ ਜਿੰਨੀ ਪੇਮੈਂਟ ਆਉਂਦੀ ਹੈ ਉਹ ਕਿਸਾਨਾਂ ਨੂੰ ਵੰਡ ਦਿੱਤੀ ਹੈ।  ਉਨ੍ਹਾਂ ਪੈਨਸ਼ਨਾਂ ਬਾਰੇ ਗੱਲਬਾਤ ਕਰਦੇ ਕਿਹਾ ਕਿ ਉਨ੍ਹਾਂ ਦੇ ਬੈਂਕ ਅੰਦਰ ਲਾਭਪਾਤਰੀਆਂ ਦੀਆਂ 1700 ਕਾਪੀਆਂ ਹਨ। ਜਿਨ੍ਹਾਂ ਵਿਚ ਉਨ੍ਹਾਂ ਵੱਲੋਂ ਸਰਪੰਚਾਂ ਨੂੰ ਕਿਹਾ ਗਿਆ ਹੈ ਕਿ ਉਹ 50 ਕਾਪੀਆਂ ਹਰ ਰੋਜ਼ ਭੇਜ ਕੇ ਪੈਨਸ਼ਨਾਂ ਦੇ ਪੈਸੇ ਲੈ ਜਾਇਆ ਕਰਨ ਪਰ ਲੋਕ ਕਿਸ ਗੱਲ ਨੂੰ ਨਹੀਂ ਸਮਝ ਰਹੇ ਅਤੇ ਇਕੱਠ ਕਰ ਲੈਂਦੇ ਹਨ। ਸਾਡੇ ਕੋਲ ਬੈਂਕ ਦੇ ਅੰਦਰ ਬੈਠਣ ਵਾਲੀਆਂ ਸਿਰਫ਼ ਪੰਜ ਸੀਟਾਂ ਹਨ। ਜਿਸ ਤੋਂ ਵੱਧ ਇਕੱਠ ਅੰਦਰ ਉਹ ਨਹੀਂ ਕਰ ਸਕਦੇ, ਕਿਉਂਕਿ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਸੋਸ਼ਲ ਡਿਸਟੈਸ ਦੀ ਪਾਲਣਾ ਕਰਨਾ ਵੀ ਜ਼ਰੂਰੀ ਹੈ। ਧਰਨੇ ਦਾ ਪਤਾ ਲੱਗਦੈ ਹੀ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਦੀ ਅਗਵਾਈ 'ਚ ਪੁਲਸ ਪਾਰਟੀ ਪਹੁੰਚ ਗਈ ਸੀ। ਖਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ। ਦੋਸ਼ ਝੂਠੇ ਅਤੇ ਬੇਬੁਨਿਆਦ ਹਨ। ਇਸ ਮੌਕੇ ਨਛੱਤਰ ਸਿੰਘ ਬਲਾਕ ਪ੍ਰਧਾਨ,ਨੈਬ ਸਿੰਘ ਕੈਸ਼ੀਅਰ,ਬੂਟਾ ਸਿੰਘ ਸਕੱਤਰ,ਕਰਨੈਲ ਸਿੰਘ,ਨਾਜਰ ਸਿੰਘ,ਬੂਟਾ ਸਿੰਘ,ਬਹਾਦੁਰ ਸਿੰਘ,ਛੋਟਾ ਸਿੰਘ,ਬਿਕਰ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਸਨ।

 

 

Harinder Kaur

This news is Content Editor Harinder Kaur