ਤਨਖਾਹ ਨਾ ਮਿਲਣ ਕਾਰਨ ਸਫਾਈ ਸੇਵਕ ਹੜਤਾਲ ’ਤੇ

07/12/2018 7:36:12 AM

ਚੀਮਾ ਮੰਡੀ(ਗੋਇਲ) – ਨਗਰ ਪੰਚਾਇਤ ਦੇ ਸਫਾਈ ਸੇਵਕ  ਲੰਮੇ ਸਮੇਂ ਤੋਂ ਤਨਖਾਹ ਨਾ ਮਿਲਣ ਕਾਰਨ  ਅਣਮਿੱਥੇ ਸਮੇਂ ਲਈ ਹਡ਼ਤਾਲ ’ਤੇ ਚਲੇ ਗਏ ਹਨ, ਜਿਸ ਕਾਰਨ ਕਸਬੇ ’ਚ ‘ਸਵੱਛ  ਭਾਰਤ’ ਮੁਹਿੰਮ ਨੂੰ ਬਰੇਕਾਂ ਲੱਗਣ ਜਾ ਰਹੀਆਂ ਹਨ।  ਨਗਰ ਪੰਚਾਇਤ ਚੀਮਾ ਦੇ ਦਫਤਰ ਅੱਗੇ ਧਰਨਾ ਮਾਰ ਕੇ ਬੈਠੇ ਸਫਾਈ ਸੇਵਕਾਂ ਦੀ ਅਗਵਾਈ ਕਰਦਿਆਂ ਨਗਰ ਪੰਚਾਇਤ ਦੀ ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਰਾਜਾ ਰਾਮ ਨੇ ਪੰਜਾਬ ਸਰਕਾਰ ਖਿਲਾਫ  ਨਾਅਰੇਬਾਜ਼ੀ ਕੀਤੀ ਤੇ ਦੱਸਿਆ ਕਿ  ਅਪ੍ਰੈਲ ਮਹੀਨੇ ਤੋਂ ਤਨਖਾਹ ਅਤੇ  ਲੰਮੇ ਸਮੇਂ ਤੋਂ ਬਣਦਾ ਸੀ. ਪੀ. ਐੱਫ. ਨਾ ਮਿਲਣ ਕਾਰਨ ਉਨ੍ਹਾਂ ਨੇ ਇਹ ਅਣਮਿੱਥੇ ਸਮੇਂ ਲਈ ਹਡ਼ਤਾਲ ’ਤੇ ਜਾਣ ਦਾ ਫੈਸਲਾ ਲਿਆ ਹੈ। ਇਸ  ਹਡ਼ਤਾਲ ਸਬੰਧੀ ਉਨ੍ਹਾਂ ਨੇ ਨਗਰ ਪੰਚਾਇਤ ਚੀਮਾ ਦੇ ਪ੍ਰਧਾਨ ਦੇ ਨਾਂ ਪਿਛਲੀ 5 ਜੁਲਾਈ ਨੂੰ ਨੋਟਿਸ ਦੇ ਦਿੱਤਾ ਸੀ। ਸਫਾਈ ਸੇਵਕਾਂ ਨੇ ਦੱਸਿਆ ਕਿ ਤਨਖਾਹ ਨਾ ਮਿਲਣ ਕਾਰਨ ਉਨ੍ਹਾਂ ਨੂੰ ਆਪਣੇ ਘਰ ਦਾ ਗੁਜ਼ਾਰਾ ਚਲਾਉਣਾ ਮੁਸ਼ਕਲ ਹੋ ਚੁੱਕਾ ਹੈ। ਇਸ ਮੌਕੇ ਨਗਰ ਪੰਚਾਇਤ ਸਫਾਈ ਕਰਮਚਾਰੀ ਯੂਨੀਅਨ ਚੀਮਾ ਦੇ ਉਪ ਪ੍ਰਧਾਨ ਸੁਰੇਸ਼ ਕੁਮਾਰ, ਸਕੱਤਰ ਰਣਜੀਤ ਸਿੰਘ, ਰਜਿੰਦਰ ਸਿੰਘ, ਸੁਰਿੰਦਰ ਸਿੰਘ, ਸਤਵੀਰ ਸਿੰਘ ਆਦਿ ਮੁਲਾਜ਼ਮ ਹਾਜ਼ਰ ਸਨ।
ਦੂਜੇ ਪਾਸੇ  ਨਗਰ  ਪੰਚਾਇਤ ਦੇ ਸਫਾਈ ਮੁਲਾਜ਼ਮਾਂ ਵੱਲੋਂ ਕੀਤੀ ਹਡ਼ਤਾਲ ਕਾਰਨ ਬਾਜ਼ਾਰ ’ਚੋਂ ਕੂਡ਼ਾ ਨਾ ਚੁੱਕੇ ਜਾਣ ਕਾਰਨ  ਗੰਦਗੀ  ਫੈਲੀ ਹੋਈ ਹੈ।