ਗੁਰੂ ਨਾਨਕ ਕਾਲਜ ਦੇ ਵਿਦਿਆਰਥੀਆਂ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ

07/20/2017 7:12:53 AM

ਬਾਘਾਪੁਰਾਣਾ  (ਚਟਾਨੀ, ਮੁਨੀਸ਼, ਰਾਕੇਸ਼) - ਮਾਲਵਾ ਜ਼ੋਨ ਦੇ ਸੱਦੇ 'ਤੇ ਅੱਜ ਸਰਕਾਰੀ ਗੁਰੂ ਨਾਨਕ ਕਾਲਜ ਦੇ ਸਮੂਹ ਵਿਦਿਆਰਥੀਆਂ ਨੇ ਜੈਤੋ ਦੇ ਪ੍ਰਿੰਸੀਪਲ ਇੰਦਰਜੀਤ ਕੌਰ ਦਿਓਲ ਅਤੇ ਮੈਨੇਜਮੈਂਟ ਸਟਾਫ ਵੱਲੋਂ ਬੋਲੇ ਜਾਤੀ ਸੂਚਕ ਸ਼ਬਦ ਦੇ ਵਿਰੋਧ 'ਚ ਪੁਤਲਾ ਫੂਕਣ ਦੇ ਨਾਲ-ਨਾਲ ਕਾਲਜ ਦੀ ਮੈਨੇਜਮੈਂਟ ਖਿਲਾਫ ਵੀ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਸੰਬੋਧਨ ਕਰਦਿਆਂ ਵਿਦਿਆਰਥੀ ਜ਼ਿਲਾ ਆਗੂ ਬ੍ਰਿਜ ਲਾਲ, ਹਿੰਦੂ ਰਾਜੇਆਣਾ, ਗੁਰਮੁਖ ਸਿੰਘ, ਗੁਰਪ੍ਰੀਤ ਸਿੰਘ ਮੱਲਕੇ, ਇੰਦਰਜੀਤ ਸਮਾਲਸਰ ਆਗੂਆਂ ਨੇ ਕਿਹਾ ਕਿ ਜਿੰਨਾ ਸਮਾਂ ਕਾਲਜ ਪ੍ਰਿੰਸੀਪਲ ਅਤੇ ਸਬੰਧਿਤ ਮੈਨੇਜਮੈਂਟ ਖਿਲਾਫ ਕਾਨੂੰਨੀ ਕਰਵਾਈ ਕਰਨ ਦੇ ਨਾਲ-ਨਾਲ ਵਿਦਿਆਰਥੀ ਨੂੰ ਦਾਖਲਾ ਨਹੀਂ ਦਿੱਤਾ ਜਾਂਦਾ, ਉਹ ਉਨਾ ਸਮਾਂ ਸ਼ਾਂਤ ਨਹੀਂ ਬੈਠਣਗੇ।
ਕੀ ਹੈ ਸਾਰਾ ਮਾਮਲਾ
ਇਸ ਮੌਕੇ ਕਾਲਜ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਥਿੰਦ ਨੇ ਕਿਹਾ ਕਿ ਪ੍ਰਵੀਨ ਕੁਮਾਰ ਵਿਦਿਆਰਥੀ, ਜੋ ਕਿ ਸਰਕਾਰੀ ਯੂਨੀਵਰਸਿਟੀ ਕਾਲਜ ਬੀ. ਏ. ਭਾਗ ਦੂਜਾ 'ਚ ਦਾਖਲਾ ਲੈਣਾ ਚਾਹੁੰਦਾ ਸੀ ਪਰ ਉੱਥੋਂ ਦੀ ਪ੍ਰਿੰਸੀਪਲ ਅਤੇ ਮੈਨੇਜਮੈਂਟ ਸਟਾਫ ਨੇ ਉਸ ਨੂੰ ਦਾਖਲਾ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ, ਜਦੋਂ ਵਿਦਿਆਰਥੀ ਨੇ ਦਾਖਲਾ ਨਾ ਦੇਣ ਦਾ ਕਾਰਨ ਪੁੱਛਿਆ ਤਾਂ ਕਾਲਜ ਸਟਾਫ ਨੇ ਵਿਦਿਆਰਥੀ ਨੂੰ ਜਾਤੀ ਸੂਚਿਤ ਸ਼ਬਦ ਕਹੇ, ਜੋ ਕਿ ਬਿਲਕੁਲ ਗਲਤ ਹੈ। ਅਜਿਹਾ ਕਰ ਕੇ ਪ੍ਰਿੰਸੀਪਲ ਅਤੇ ਕਾਲਜ ਦੇ ਸਟਾਫ ਨੇ ਵਿਦਿਆਰਥੀ ਨੂੰ ਨੀਚਾ ਦਿਖਾਇਆ ਹੈ, ਜਿਸ ਨਾਲ ਪੂਰੇ ਦਲਿਤ ਵਰਗ ਨੂੰ ਸੱਟ ਲੱਗੀ ਹੈ ਕਿਉਂਕਿ ਦਲਿਤ ਵਰਗ ਪਹਿਲਾਂ ਹੀ ਸਮਾਜ 'ਚ ਪਛੜਿਆ ਹੋਇਆ ਹੈ।