ਮਹਿੰਗਾਈ ਦੇ ਖ਼ਿਲਾਫ਼ ਅਕਾਲੀ ਦਲ ਬਾਦਲ ਵਲੋਂ ਵੱਖ-ਵੱਖ ਥਾਂਈ ਦਿੱਤੇ ਧਰਨੇ

03/08/2021 3:54:46 PM

ਡੇਰਾ ਬਾਬਾ ਨਾਨਕ /ਕਲਾਨੌਰ (ਵਤਨ) : ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੱਦੇ ’ਤੇ ਐਲਾਨੇ ਧਰਨਿਆਂ ਦੇ ਸਬੰਧ ’ਚ ਕਸਬਾ ਡੇਰਾ ਬਾਬਾ ਨਾਨਕ ਅਤੇ ਕਸਬਾ ਕਲਾਨੌਰ ’ਚ ਅਕਾਲੀ ਦਲ ਬਾਦਲ ਵਲੋਂ 4 ਥਾਵਾਂ ’ਤੇ ਵੱਖ-ਵੱਖ ਥਾਂਈ ਧਰਨੇ ਦਿੱਤੇ ਗਏ। ਡੇਰਾ ਬਾਬਾ ਨਾਨਕ ’ਚ ਸਾਬਕਾ ਵਿਧਾਨ ਸਭਾ ਸਪੀਕਰ ਨਿਰਮਲ ਸਿੰਘ ਕਾਹਲੋਂ ਅਤੇ ਅਕਾਲੀ ਦਲ ਬਾਦਲ ਦੇ ਆਗੂ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਨੇ ਧਰਨੇ ਦਿੱਤੇ ਜਦਕਿ ਕਲਾਨੌਰ ’ਚ ਯੂਥ ਅਕਾਲੀ ਆਗੂ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਅਤੇ ਅਕਾਲੀ ਦਲ ਬਾਦਲ ਦੇ ਮੀਤ ਪ੍ਰਧਾਨ ਇੰਦਰਜੀਤ ਸਿੰਘ ਰੰਧਾਵਾ ਦੀ ਅਗਵਾਈ  ’ਚ ਮਹਿੰਗਾਈ, ਡੀਜ਼ਲ ਅਤੇ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਅਤੇ ਸਰਕਾਰ ਵਲੋਂ ਚੋਣ ਮੈਨੀਫੈਸਟੋ ’ਚ ਕੀਤੇ ਗਏ ਵਾਅਦਿਆਂ ਨੂੰ ਪੂਰਾ ਨਾ ਕਰਨ ਦੇ ਖ਼ਿਲਾਫ਼ ਧਰਨੇ ਦਿੱਤੇ ਗਏ। ਇਸ ਮੌਕੇ ਸਾਬਕਾ ਵਿਧਾਨ ਸਭਾ ਸਪੀਕਰ ਨਿਰਮਲ ਸਿੰਘ ਕਾਹਲੋਂ ਨੇ ਕਿਹਾ ਕਿ ਸਰਕਾਰ ਨੇ ਝੂਠੇ ਵਾਅਦੇ ਕਰਕੇ ਸਰਕਾਰ ਤਾਂ ਬਣਾ ਲਈ ਪਰ ਸੱਤਾ ਵਿਚ ਆਉਣ ਤੋਂ ਬਾਅਦ ਕੈਪਟਨ ਸਰਕਾਰ ਸਾਰੇ ਵਾਅਦੇ ਭੁੱਲ ਗਈ ਹੈ ਅਤੇ ਮਹਿੰਗਾਈ ਨੇ ਲੋਕਾਂ ਦਾ ਗੁਜ਼ਾਰਾ ਕਰਨਾ ਔਖਾ ਕਰ ਦਿੱਤਾ ਹੈ।

ਇਸੇ ਤਰ੍ਹਾਂ ਅਕਾਲੀ ਆਗੂ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਨੇ ਪੁਰਾਣਾ ਬਸ ਅੱਡਾ ਚੌਂਕ ਵਿਖੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੇਘਰੇ ਦਲਿਤਾਂ ਨੂੰ ਘਰ ਬਣਾਕੇ ਦੇਣ, ਐੱਸ. ਬੀ. ਦਲਿਤ ਵਿਦਿਆਰਥੀਆਂ ਨੂੰ ਵਜੀਫੇ ਤੁਰੰਤ ਜਾਰੀ ਕਰਨ ਅਤੇ ਵਧਦੀ ਮਹਿੰਗਾਈ ’ਤੇ ਕਾਬੂ ਪਾਉਣ ਵਿਚ ਸਰਕਾਰ ਬੁਰੀ ਤਰ੍ਹਾਂ ਨਾਲ ਅਸਫਲ ਹੋਈ ਹੈ। ਇਸ ਮੌਕੇ ਹਰਭਜਨ ਸਿੰਘ ਲੁਕਮਾਨੀਆ, ਪਲਵਿੰਦਰ ਸਿੰਘ ਮੱਲ੍ਹੀ, ਚੰਦਾ ਸਿੰਘ ਹਰੂਵਾਲ, ਹਰਭਜਨ ਸਿੰਘ ਵੜੈਚ, ਅਮਨਦੀਪ ਸਿੰਘ ਗਾਜ਼ੀਨੰਗਲ, ਨੰਬਰਦਾਰ ਗੁਰਬਖਸ਼ ਸਿੰਘ ਆਦਿ ਹਾਜ਼ਰ ਸਨ।


ਇਸੇ ਤਰ੍ਹਾਂ ਕਸਬਾ ਕਲਾਨੌਰ ਦੇ ਡਿਫੈਂਸ ਮਾਰਗ ’ਤੇ ਯੂਥ ਅਕਾਲੀ ਆਗੂ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਵਲੋਂ ਅਕਾਲੀ ਵਰਕਰਾਂ ਨਾਲ ਧਰਨਾ ਦਿੱਤਾ ਗਿਆ। ਸੋਨੂੰ ਲੰਗਾਹ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਝੂਠ ਦੇ ਸਹਾਰੇ ਪੰਜਾਬ ’ਚ ਸਰਕਾਰ ਬਣਾਈ ਹੈ ਅਤੇ ਸਾਰੇ ਚੋਣ ਵਾਅਦੇ ਭੁੱਲ ਕੇ ਲੋਕਾਂ ਨੂੰ ਮਹਿੰਗਾਈ ਵਿਚ ਧੱਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਜਟ ਸੈਸ਼ਨ ਦੌਰਾਨ ਵਿਰੋਧੀ ਧਿਰ ਦੇ ਆਵਾਜ਼ ਦਬਾਉਣ ਲਈ ਸਰਕਾਰ ਨੇ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਅਤੇ ਹੋਰਨਾ ਅਕਾਲੀ ਵਿਧਾਇਕਾਂ ਨੂੰ ਧੱਕੇਸ਼ਾਹੀ ਨਾਲ ਮੁਅੱਤਲ ਕਰ ਦਿੱਤਾ ਤਾਂਕਿ ਕੋਈ ਵੀ ਅਕਾਲੀ ਆਗੂ ਬਜ਼ਟ ਸੈਸ਼ਨ ਦੌਰਾਨ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਆਵਾਜ਼ ਨਾ ਉਠਾ ਸਕੇ।

ਇਸੇ ਤਰ੍ਹਾਂ ਕਲਾਨੌਰ ਦੀ ਦਾਣਾ ਮੰਡੀ ਵਿਖੇ ਅਕਾਲੀ ਦਲ ਬਾਦਲ ਦੇ ਮੀਤ ਪ੍ਰਧਾਨ ਇੰਦਰਜੀਤ ਸਿੰਘ ਰੰਧਾਵਾ ਦੀ ਅਗਵਾਈ ਵਿਚ ਅਕਾਲੀ ਦਲ ਬਾਦਲ ਨੇ ਕੈਪਟਨ ਸਰਕਾਰ ਦੇ ਖ਼ਿਲਾਫ਼ ਧਰਨਾ ਦਿੰਦਿਆਂ ਸਰਕਾਰ ਤੋਂ ਮਹਿੰਗਾਈ ’ਤੇ ਠੱਲ ਪਾਉਣ ਲਈ ਕਿਹਾ ਅਤੇ ਕਿਹਾ ਕਿ ਪੰਜਾਬ ਦਾ ਹਰ ਵਰਗ ਮਹਿੰਗਾਈ ਕਾਰਨ ਬੜੀ ਮੁਸ਼ਕਲ ਨਾਲ ਆਪਣਾ ਗੁਜ਼ਾਰਾ ਚਲਾ ਰਿਹਾ ਹੈ ਪਰ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ।

 

Anuradha

This news is Content Editor Anuradha