ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ ਲਈ ਥਾਣੇ ਅੱਗੇ ਰੋਸ ਧਰਨਾ ਸ਼ੁਰੂ

08/29/2018 2:17:34 AM

 ਬੁਢਲਾਡਾ, (ਮਨਜੀਤ, ਗਰਗ, ਆਨੰਦ)- ਨਗਰ ਕੌਂਸਲ ਬੁਢਲਾਡਾ ਦੇ ਪ੍ਰਧਾਨ ਹਰਵਿੰਦਰ ਸਿੰਘ ਬੰਟੀ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਨੂੰ ਗ੍ਰਿਫਤਾਰ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨੇ ਬੁਢਲਾਡਾ ਥਾਣੇ ਅੱਗੇ ਅਣਮਿੱਥੇ ਸਮੇਂ ਲਈ ਰੋਸ ਧਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦ ਬੇਨਕਾਬ ਕਰ ਕੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਦੱਸਣਯੋਗ ਹੈ ਕਿ ਸ਼ਹਿਰ  ਦੇ ਵਿਕਾਸ ਨੂੰ ਲੈ ਕੇ ਸ਼ਹਿਰ ਵਾਸੀਆਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਨੇ ਉਸ ਸਮੇਂ ਦੁਖਦਾਈ ਰੂਪ ਧਾਰਨ ਕਰ ਲਿਆ, ਜਦੋਂ ਨਗਰ ਕੌਂਸਲ ਪ੍ਰਧਾਨ ਹਰਵਿੰਦਰ ਸਿੰਘ (ਬੰਟੀ) ਨੇ ਕੋਈ ਜ਼ਹਿਰੀਲਾ ਪਦਾਰਥ  ਿਨਗਲ ਕੇ ਖੁਦਕੁਸ਼ੀ ਕਰ ਲਈ। ਇਸ ਮੌਕੇ ਅਕਾਲੀ ਦਲ ਦੇ ਬੁਲਾਰਿਆਂ ਨੇ ਦੋਸ਼ ਲਾਇਆ ਕਿ ਹਰਵਿੰਦਰ ਸਿੰਘ ਬੰਟੀ ’ਤੇ ਝੂਠੇ ਦੋਸ਼ ਲਾ ਕੇ ਉਸਨੂੰ ਆਤਮਹੱਤਿਆ ਕਰਨ ਲਈ ਮਜਬੂਰ ਕੀਤਾ ਗਿਆ ਹੈ। ਇਸ ਦੁਖਦਾਈ ਘਟਨਾ ਤੋਂ ਬਾਅਦ ਸ਼ਹਿਰ ਦਾ ਮਾਹੌਲ ਤਨਾਅਪੂਰਨ ਬਣਿਆ ਹੋਇਆ ਹੈ ਅਤੇ ਦੂਸਰੀ ਤਰਫ਼ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਪੁਲਸ  ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਜ਼ਿਲਾ ਪੁਲਸ ਮੁਖੀ  ਮਨਧੀਰ ਸਿੰਘ ਨੇ ਸਥਿਤੀ ਦਾ ਜਾਇਜ਼ਾ ਲੈਣ ਲਈ ਪੁਲਸ ਅਧਿਕਾਰੀਅਾਂ ਨਾਲ ਸ਼ਹਿਰ ਦਾ ਦੌਰਾ ਕੀਤਾ ਅਤੇ ਲੋਕਲ ਅਧਿਕਾਰੀਆਂ ਤੋਂ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਗੁਰਮੇਲ ਸਿੰਘ ਫਫਡ਼ੇ, ਸ਼ਹਿਰੀ ਜ਼ਿਲਾ ਪ੍ਰਧਾਨ ਪ੍ਰੇਮ ਅਰੋਡ਼ਾ, ਹਲਕਾ ਇੰਚਾਰਜ ਡਾ.  ਨਿਸ਼ਾਨ ਸਿੰਘ, ਸਿਮਰਨਜੀਤ ਕੌਰ ਸਿੰਮੀ ਤੇ ਗੁਰਮੇਲ ਸਿੰਘ ਠੇਕੇਦਾਰ ਆਦਿ ਆਗੂਆਂ ਨੇ ਕਿਹਾ ਕਿ ਸਰਕਾਰ ਦੀ ਲਾਪਰਵਾਹੀ ਕਾਰਨ ਸ਼ਹਿਰ ਦਾ ਮਾਮਲਾ ਭਖਦਾ ਗਿਆ, ਜਿਸ ਕਾਰਨ ਇਹ ਦੁਖਦਾਈ ਘਟਨਾ ਵਾਪਰੀ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਬੰਟੀ ਦਾ ਪੋਸਟਮਾਰਟਮ ਨਹੀਂ ਕੀਤਾ ਗਿਆ। ਉਸ ਦੀ ਮ੍ਰਿਤਕ ਦੇਹ ਨੂੰ ਮਾਨਸਾ ਹਸਪਤਾਲ ’ਚ ਰੱਖਿਅਾ  ਗਿਅਾ ਹੈ। ਇਸ ਸਬੰਧੀ ਥਾਣਾ ਸ਼ਹਿਰੀ ਦੇ ਐੱਸ. ਐੱਚ. ਓ. ਨਾਲ ਫੋਨ ’ਤੇ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ।