ਪੁਲਸ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ

11/19/2017 5:32:17 AM

ਅਜਨਾਲਾ,   (ਫਰਿਆਦ)-  ਸਥਾਨਕ ਸ਼ਹਿਰ ਅਜਨਾਲਾ ਦੀ ਪੁਲਸ ਚੌਕੀ ਅੱਗੇ ਆਲ ਇੰਡੀਆ ਕ੍ਰਿਸ਼ਚੀਅਨ ਕਮੇਟੀ ਦੇ ਸੂਬਾਈ ਆਗੂ ਰਾਜੂ ਭੱਟੀ ਉਮਰਪੁਰਾ ਦੀ ਅਗਵਾਈ 'ਚ ਸੰਦੀਪ ਮਸੀਹ ਪੰਡੋਰੀ ਤੇ ਸੁੱਖਾ ਸਿੰਘ 'ਤੇ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਕੁੱਟਮਾਰ ਤੋਂ ਪੀੜਤ ਔਰਤਾਂ ਨੇ ਪੁਲਸ ਥਾਣਾ ਅਜਨਾਲਾ ਦੇ ਅਧਿਕਾਰੀਆਂ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਰਾਜੂ ਭੱਟੀ ਉਮਰਪੁਰਾ ਦੀ ਹਾਜ਼ਰੀ 'ਚ ਸੰਦੀਪ ਮਸੀਹ ਪੰਡੋਰੀ ਤੇ ਸੁੱਖਾ ਸਿੰਘ ਨੇ ਆਪਣਾ ਦੁੱਖ ਬਿਆਨ ਕਰਦਿਆਂ ਦੱਸਿਆ ਕਿ ਉਹ 17 ਨਵੰਬਰ ਦੀ ਸ਼ਾਮ ਨੂੰ ਕਰੀਬ 6:30 ਵਜੇ ਰਣਜੀਤ ਐਵੀਨਿਊ ਅੰਮ੍ਰਿਤਸਰ ਵਿਖੇ ਹੋ ਰਹੇ ਮਸੀਹ ਸਤਿਸੰਗ 'ਚ ਪਿੰਡ ਪੰਡੋਰੀ ਤੋਂ ਸੰਗਤਾਂ ਨੂੰ ਨਾਲ ਲੈ ਕੇ ਛੋਟੇ ਹਾਥੀ 'ਚ ਸਵਾਰ ਹੋ ਕੇ ਜਾ ਸ਼ਾਮਲ ਹੋਣ ਜਾ ਰਹੇ ਸਨ ਤਾਂ ਅਚਨਚੇਤ ਉਨ੍ਹਾਂ ਦੇ ਪਿੰਡ ਦੇ ਹੀ ਕੁਝ ਸ਼ਰਾਰਤੀ ਅਨਸਰਾਂ ਜੋ ਉੱਚ ਜਾਤੀ ਦੇ ਹਨ, ਡਾ. ਹੈਪੀ ਨਾਲ ਹਮਸਲਾਹ ਹੋ ਕੇ ਉਨ੍ਹਾਂ ਦੇ ਵਾਹਨ ਦੀ ਭੰਨ-ਤੋੜ ਕਰਨ ਤੋਂ ਇਲਾਵਾ ਵਿਚ ਬੈਠੀਆਂ ਸੰਗਤਾਂ ਦੀ ਰਵਾਇਤੀ ਹਥਿਆਰਾਂ ਨਾਲ ਕੁੱਟਮਾਰ ਕਰਨ ਲੱਗ ਪਏ। ਇਸ ਦੌਰਾਨ ਬੀਬੀ ਕੁਲਵਿੰਦਰ, ਬੀਬੀ ਰਜਿੰਦਰ ਤੇ ਹੋਰ ਸੰਗਤਾਂ ਨੂੰ ਗੰਭੀਰ ਸੱਟਾਂ ਲੱਗੀਆਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਸਬੰਧੀ ਪੁਲਸ ਥਾਣਾ ਅਜਨਾਲਾ ਦੇ ਐੱਸ. ਐੱਚ. ਓ. ਪਰਮਵੀਰ ਸਿੰਘ ਸੈਣੀ ਨੂੰ ਲਿਖਤੀ ਦਰਖਾਸਤ ਵੀ ਦਿੱਤੀ ਗਈ ਪਰ ਪੁਲਸ ਵੱਲੋਂ ਕੋਈ ਕਾਰਵਾਈ ਹੋਂਦ 'ਚ ਨਹੀਂ ਲਿਆਂਦੀ ਗਈ।
ਉਧਰ ਇਸ ਸਬੰਧੀ ਪੁਲਸ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਚਿਤਾਵਨੀ ਦਿੰਦਿਆਂ ਰਾਜੂ ਭੱਟੀ ਉਮਰਪੁਰਾ ਨੇ ਕਿਹਾ ਕਿ ਜੇਕਰ 20 ਨਵੰਬਰ ਸੋਮਵਾਰ ਤੱਕ ਉਕਤ ਸ਼ਰਾਰਤੀ ਅਨਸਰਾਂ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਵੱਡੀ ਗਿਣਤੀ 'ਚ ਮਸੀਹ ਸੰਗਤਾਂ ਵੱਲੋਂ ਚੱਕਾ ਜਾਮ ਕਰ ਕੇ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ। ਜਦੋਂ ਇਸ ਸਬੰਧੀ ਐੱਸ. ਐੱਚ. ਓ. ਪਰਮਵੀਰ ਸਿੰਘ ਸੈਣੀ ਨੂੰ ਫੋਨ 'ਤੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ, ਤੁਸੀਂ ਏ. ਐੱਸ. ਆਈ. ਬਲਕਾਰ ਸਿੰਘ ਨੂੰ ਪੁੱਛੋ ਤਾਂ ਏ. ਐੱਸ. ਆਈ. ਬਲਕਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਪੜਤਾਲ ਕਰਨ ਦਾ ਹੁਕਮ ਨਹੀਂ ਮਿਲਿਆ।