ਬਿਜਲੀ ਬਿੱਲਾਂ ''ਚ ਕੀਤੇ ਵਾਧੇ ਦੇ ਵਿਰੋਧ ''ਚ ਰੋਸ ਧਰਨਾ

09/21/2017 7:00:25 AM

ਅਲੀਵਾਲ/ਜੈਂਤੀਪੁਰ/ਬਟਾਲਾ, (ਸ਼ਰਮਾ/ਹਰਬੰਸ/ਬੇਰੀ)- ਦਿਹਾਤੀ ਮਜ਼ਦੂਰ ਸਭਾ ਦੇ ਆਗੂਆਂ ਵੱਲੋਂ ਸ਼ਿੰਦਾ ਛਿੱਤ ਤੇ ਸੁਖਵੰਤ ਸਿੰਘ ਸੰਦਲਪੁਰ ਦੀ ਅਗਵਾਈ ਹੇਠ ਸਬ-ਡਵੀਜ਼ਨ ਦਫਤਰ ਅਲੀਵਾਲ ਦੇ ਬਾਹਰ ਐੱਸ. ਸੀ./ਬੀ. ਸੀ. ਖਪਤਕਾਰਾਂ ਦੇ ਬਿਜਲੀ ਬਿੱਲਾਂ 'ਚ ਹੋਏ ਵਾਧੇ ਦੇ ਵਿਰੋਧ 'ਚ ਰੋਸ ਧਰਨਾ ਦਿੱਤਾ ਗਿਆ, ਜਿਸ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਗੁਰਦਿਆਲ ਸਿੰਘ ਘੁਮਾਣ ਅਤੇ ਜਨਵਾਦੀ ਇਸਤਰੀ ਸਭਾ ਦੀ ਸੂਬਾਈ ਜਨਰਲ ਸਕੱਤਰ ਨੀਲਮ ਘੁਮਾਣ ਨੇ ਕਿਹਾ ਕਿ ਕਾਂਗਰਸ ਨੇ ਦਲਿਤ ਤੇ ਗਰੀਬ ਵਰਗ ਦੇ ਬਿਜਲੀ ਬਿੱਲਾਂ 'ਚ ਵਾਧਾ ਕਰ ਕੇ ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ ਤੋਂ ਕਿਨਾਰਾ ਕਰਦਿਆਂ ਗਰੀਬ ਵਰਗ ਦੇ ਲੋਕਾਂ ਨਾਲ ਦਗਾ ਕਮਾਇਆ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜਲਦ ਹੀ ਵਾਧਾ ਵਾਪਸ ਨਾ ਲਿਆ ਗਿਆ ਤਾਂ ਜਥੇਬੰਦੀ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਪਾਵਰਕਾਮ ਮੈਨੇਜਮੈਂਟ ਦੀ ਹੋਵੇਗੀ।
ਇਸ ਸਮੇਂ ਗੁਰਨਾਮ ਸਿੰਘ ਬਟਾਲਾ, ਮੁਖਤਾਰ ਸਿੰਘ ਭਾਗੋਵਾਲ, ਬਚਨ ਕੌਰ, ਰਛਪਾਲ ਕੌਰ, ਸੁਖਵਿੰਦਰ ਸਿੰਘ, ਨਾਨਕ ਸਿੰਘ, ਅਵਤਾਰ ਸਿੰਘ, ਅਜੀਤ ਸਿੰਘ ਘਸੀਟਪੁਰਾ, ਚੈਨ ਸਿੰਘ ਘਸੀਟਪੁਰਾ ਆਦਿ ਹਾਜ਼ਰ ਸਨ। 
ਬਟਾਲਾ, (ਸੈਂਡੀ)- ਅੱਜ ਅੱਡਾ ਕੋਟਲੀ ਸੂਰਤ ਮੱਲ੍ਹੀ ਵਿਖੇ ਪੰਜਾਬ ਸਟੇਟ ਕਾਰਪੋਰੇਸ਼ਨ ਦਾ ਪਿੰਡ ਬਿਜਲੀਵਾਲ ਦੇ ਵੱਡੀ ਗਿਣਤੀ 'ਚ ਲੋਕਾਂ ਨੇ ਪਾਵਰਕਾਮ ਦੇ ਦਫ਼ਤਰ ਵਿਖੇ ਪਿੱਟ ਸਿਆਪਾ ਕੀਤਾ ਹੈ। ਇਸ ਸਬੰਧੀ ਹਰਪਾਲ ਸਿੰਘ, ਤਾਰਾ ਸਿੰਘ, ਯੁੱਧਵੀਰ ਸਿੰਘ, ਸਤਨਾਮ ਸਿੰਘ, ਕਿਰਪਾਲ ਸਿੰਘ, ਰਵੇਲ ਸਿੰਘ, ਦਰਸ਼ਨ ਲਾਲ, ਜਸਵੰਤ ਸਿੰਘ, ਬਲਵੰਤ ਰਾਮ, ਮੱਖਣ ਸਿੰਘ, ਰੂਪ ਸਿੰਘ, ਜਗੀਰ ਸਿੰਘ, ਰਾਜਵਿੰਦਰ ਕੌਰ, ਸੁੱਚਾ ਸਿੰਘ, ਸਾਹਿਬ ਸਿੰਘ, ਜਸਵੰਤ ਕੌਰ, ਰਮਨਦੀਪ ਕੌਰ ਆਦਿ ਨੇ ਦੱਸਿਆ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਐੱਸ. ਸੀ./ਬੀ. ਸੀ./ਬੀ. ਪੀ. ਐੱਲ. ਲੋਕਾਂ ਦੇ ਬਿਜਲੀ ਦੇ 200 ਯੂਨਿਟ ਮੁਆਫ਼ ਕੀਤੇ ਸਨ ਪਰ ਕਾਂਗਰਸ ਸਰਕਾਰ ਨੇ ਆਉਂਦਿਆਂ ਹੀ ਸਾਡੀ ਇਹ ਸਹੂਲਤ ਬੰਦ ਕਰ ਕੇ ਗਰੀਬਾਂ 'ਤੇ ਬੇਲੋੜਾ ਬੋਝ ਪਾ ਦਿੱਤਾ ਹੈ। ਇਸ ਲਈ ਅਸੀਂ ਅੱਜ ਸਾਰੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਪਾਵਰਕਾਮ ਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਹੈ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਸਾਡੀ 200 ਯੂਨਿਟ ਮੁੜ ਤੋਂ ਮੁਆਫ਼ ਨਾ ਕੀਤੇ ਤਾਂ ਅਸੀਂ ਸੜਕਾਂ 'ਤੇ ਉਤਰਾਂਗੇ ਤੇ ਪਾਵਰਕਾਮ ਤੇ ਸਰਕਾਰ ਖਿਲਾਫ਼ ਵੱਡਾ ਸੰਘਰਸ਼ ਕਰਾਂਗੇ।