ਪੰਜਾਬੀ ਯੂਨੀਵਰਸਿਟੀ 'ਚ ਗੁਰਦਾਸ ਮਾਨ ਦਾ ਭਾਰੀ ਵਿਰੋਧ, ਡੀ-ਲਿੱਟ ਦੀ ਡਿਗਰੀ ਵਾਪਸ ਲੈਣ ਦੀ ਮੰਗ

08/28/2021 11:46:22 AM

ਪਟਿਆਲਾ (ਮਨਦੀਪ ਜੋਸਨ) : ਪਿਛਲੇ ਦਿਨੀਂ ਪੰਜਾਬੀ ਗਾਇਕ ਗੁਰਦਾਸ ਮਾਨ ਵੱਲੋਂ ਸਾਂਈ ਲਾਡੀ ਸ਼ਾਹ ਨੂੰ ਸ੍ਰੀ ਗੁਰੂ ਅਮਰਦਾਸ ਜੀ ਦਾ ਵੰਸ਼ ਦੱਸੇ ਜਾਣ 'ਤੇ ਭੜਕੇ ਵਿਦਿਆਰਥੀਆਂ ਨੇ ਪੰਜਾਬੀ ਯੂਨੀਵਰਸਿਟੀ ਵਿਖੇ ਗੁਰਦਾਸ ਮਾਨ ਦਾ ਪੁਤਲਾ ਸਾੜਿਆ। ਵਿਦਿਆਰਥੀਆਂ ਨੇ ਵਾਈਸ ਚਾਂਸਲਰ ਤੋਂ ਮੰਗ ਕੀਤੀ ਕਿ ਗੁਰਦਾਸ ਮਾਨ ਤੋਂ ਤੁਰੰਤ ਡੀ-ਲਿੱਟ ਦੀ ਡਿਗਰੀ ਵਾਪਸ ਲਈ ਜਾਵੇ ਕਿਉਂਕਿ ਇਸ ਹਰਕਤ ਨਾਲ ਦੇਸ਼ ਤੇ ਵਿਦੇਸ਼ਾਂ ’ਚ ਵਸਦੇ ਕਰੋੜਾਂ ਸਿੱਖਾਂ ਦੇ ਹਿਰਦਿਆਂ ਨੂੰ ਵੱਡੀ ਠੇਸ ਪੁੱਜੀ ਹੈ। ਜ਼ਿਕਰਯੋਗ ਹੈ ਕਿ ਲੋਕਾਂ ਦੇ ਵਿਰੋਧ ਕਰਨ ’ਤੇ ਗੁਰਦਾਸ ਮਾਨ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ’ਤੇ ਪਰਚਾ ਦਰਜ ਹੋ ਚੁੱਕਾ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਨਸ਼ਾ ਤਸਕਰੀ ਦੇ ਮਾਮਲੇ 'ਚ ਜਨਤਕ ਨਹੀਂ ਹੋ ਸਕੀ SIT ਦੀ ਰਿਪੋਰਟ, ਮਾਮਲਾ ਮੁਲਤਵੀ

ਪੰਜਾਬੀ ਯੂਨੀਵਰਸਿਟੀ ਵਿਖੇ ਸੈਕੂਲਰ ਯੂਥ ਫੈੱਡਰੇਸ਼ਨ ਆਫ ਇੰਡੀਆ ਦੇ ਨੁਮਾਇੰਦਿਆਂ ਨੇ ਭਾਈ ਕਾਹਨ ਸਿੰਘ ਨਾਭਾ ਲਾਇਬ੍ਰੇਰੀ ਦੇ ਸਾਹਮਣੇ ਗੁਰਦਾਸ ਮਾਨ ਦਾ ਪੁਤਲਾ ਫੂਕਿਆ। ਇਸੇ ਮੌਕੇ ਸੈਫੀ ਇਕਾਈ ਦੇ ਪ੍ਰਧਾਨ ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਗੁਰਦਾਸ ਮਾਨ ਦੀ ਇਸ ਟਿੱਪਣੀ ਨੇ ਵਿਸ਼ਵ ਭਰ ਦੀਆਂ ਸਿੱਖ ਸੰਗਤਾਂ ਦੇ ਮਨਾਂ ਨੂੰ ਠੇਸ ਪਹੁੰਚਾਈ ਹੈ ਅਤੇ ਇਹ ਪਹਿਲੀ ਵਾਰ ਨਹੀਂ। ਗੁਰਦਾਸ ਮਾਨ ਨੇ 2019 ’ਚ ਪੰਜਾਬੀ ਭਾਸ਼ਾ ਪ੍ਰਤੀ ਨਾਕਾਰਤਮਿਕ ਭੂਮਿਕਾ ਨਿਭਾਈ ਸੀ।

ਇਹ ਵੀ ਪੜ੍ਹੋ : ਜਗਰਾਓਂ 'ਚ ਦਿਲ ਕੰਬਾਅ ਦੇਣ ਵਾਲੀ ਘਟਨਾ, ਧੀ ਨੂੰ ਫ਼ਾਹੇ 'ਤੇ ਲਟਕਾ ਪਿਤਾ ਨੇ ਵੀ ਕੀਤੀ ਖ਼ੁਦਕੁਸ਼ੀ

ਉਨ੍ਹਾਂ ਦੇ ਕੈਨੇਡਾ ’ਚ ਚੱਲਦੇ ਸ਼ੋਅ ਦੌਰਾਨ ਜਦੋਂ ਚਰਨਜੀਤ ਸਿੰਘ ਸੂਜੋ ਵੱਲੋਂ ਵਿਰੋਧ ਕੀਤਾ ਗਿਆ ਤਾਂ ਗੁਰਦਾਸ ਮਾਨ ਨੇ ਉਨ੍ਹਾਂ ਪ੍ਰਤੀ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ। ਸੈਫੀ ਪਾਰਟੀ ਨੇ ਵਾਈਸ ਚਾਂਸਲਰ ਸਾਹਿਬ ਨੂੰ ਇਕ ਮੰਗ-ਪੱਤਰ ਦਿੱਤਾ ਕਿ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੇ ਗੁਰਦਾਸ ਮਾਨ ਦੀ ਡੀ-ਲਿੱਟ ਦੀ ਡਿਗਰੀ ਨੂੰ ਤੁਰੰਤ ਵਾਪਸ ਲਿਆ ਜਾਵੇ।

ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਦੇ ਕਲੇਸ਼ ਦੌਰਾਨ ਸੋਨੀਆ-ਰਾਹੁਲ ਨਾਲ ਮੁਲਾਕਾਤ ਕਰਨਗੇ 'ਹਰੀਸ਼ ਰਾਵਤ'

ਜੱਥੇਬੰਦੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਾਹਿਬ ਨੂੰ ਵੀ ਪੱਤਰ ਲਿਖਦਿਆਂ ਧਾਰਮਿਕ ਨਿਯਮਾਂ ਅਨੁਸਾਰ ਗੁਰਦਾਸ ਮਾਨ ਪ੍ਰਤੀ ਕਾਰਵਾਈ ਕਰਨ ਲਈ ਕਿਹਾ। ਇਸ ਮੌਕੇ ਹਰਵਿੰਦਰ ਸੰਧੂ, ਖਲੀਲ ਖਾਨ, ਪ੍ਰਿਤਪਾਲ ਸਿੰਘ, ਬਲਜੀਤ ਸਿੰਘ, ਮਨਜਿੰਦਰ ਬਿੱਲਾ, ਮਨਪਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਆਦਿ ਮੌਜੂਦ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita