ਆਈ. ਟੀ. ਆਈ. ਐਸੋਸੀਏਸ਼ਨ ਨੇ ਪਾਵਰਕਾਮ ਮੈਨੇਜਮੈਂਟ ਦੀ ਫੂਕੀ ਅਰਥੀ

08/22/2018 12:32:50 AM

ਕੋਟਕਪੂਰਾ, (ਨਰਿੰਦਰ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਆਈ. ਟੀ. ਆਈ. ਐਸੋਸੀਏਸ਼ਨ ਡਵੀਜ਼ਨ ਕੋਟਕਪੂਰਾ ਵਿਖੇ ਵੱਲੋਂ ਜ਼ਿਲਾ ਸਕੱਤਰ ਗੁਰਪ੍ਰੀਤ ਸਿੰਘ ਤੇ ਡਵੀਜ਼ਨ ਪ੍ਰਧਾਨ ਹਰਜਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਪਾਵਰਕਾਮ ਮੈਨੇਜਮੈਂਟ ਦੀ ਅਰਥੀ ਫੂਕੀ ਗਈ। ਇਸ ਦੌਰਾਨ ਬੁਲਰਿਆਂ ਨੇ ਦੱਸਿਆ ਕਿ ਯੂਨੀਅਨ ਵੱਲੋਂ 16 ਤੋਂ 22 ਅਗਸਤ ਤੱਕ ਡਵੀਜ਼ਨ ਪੱਧਰੀ ਮੈਨੇਜਮੈਂਟ ਦੀਆਂ ਅਰਥੀਆਂ ਸਾਡ਼ਨ ਦਾ ਪ੍ਰੋਗਰਾਮ ਅਤੇ 24 ਅਗਸਤ ਨੂੰ ਹੈੱਡ ਆਫਿਸ ਪਟਿਆਲਾ ਵਿਖੇ ਧਰਨਾ ਦਿੱਤਾ ਜਾ ਰਿਹਾ ਹੈ। ਪਾਵਰਕਾਮ ਮੈਨੇਜਮੈਂਟ ਮੀਟਿੰਗ ਵਿਚ ਮੰਗਾਂ ਨੂੰ ਮੰਨ ਕੇ ਲਾਗੂ ਨਹੀਂ ਕਰ ਰਹੀ, ਇਸ ਲਈ ਮੁਲਾਜ਼ਮਾਂ ਵੱਲੋਂ ਸੰਘਰਸ਼ ਦਾ ਰਸਤਾ ਅਖਤਿਆਰ ਕਰ ਕੇ ਮੈਨੇਜਮੈਂਟ ਦਾ ਪਿੱਟ-ਸਿਆਪਾ ਕੀਤਾ ਜਾ ਰਿਹਾ ਹੈ। ਇਸ ਸਮੇਂ ਉਨ੍ਹਾਂ  ਮੰਗ ਕੀਤੀ ਕਿ 23 ਸਾਲਾ ਸਕੇਲ ਹਰੇਕ ਮੁਲਾਜ਼ਮ ਨੂੰ ਮਿਲੇ, ਪੰਜਾਬ ਸਰਕਾਰ  ਦੀ ਤਰ੍ਹਾਂ ਪੇਅ ਬੈਂਡ ਪਾਵਰਕਾਮ ਮੁਲਾਜ਼ਮਾਂ ਨੂੰ ਵੀ 01-12-11 ਤੋਂ ਦਿੱਤਾ ਜਾਵੇ, ਸੁਪਰੀਮ ਕੋਰਟ ਦਾ ਫੈਸਲਾ ‘ਬਰਾਬਰ ਕੰਮ-ਬਰਾਬਰ ਤਨਖਾਹ’ ਲਾਗੂ ਕੀਤਾ ਜਾਵੇ,  ਵਿਭਾਗੀ ਟੈਸਟ ਹਰ ਹਾਲਤ ’ਚ ਚਾਲੂ ਹੋਵੇ, ਥਰਮਲ ਪਲਾਂਟਾਂ ’ਤੇ ਟਰਾਂਸਫਾਰਮਰ ਰਿਪੇਅਰ ਵਰਕਸ਼ਾਪਾਂ ਨੂੰ ਚਾਲੂ ਰੱਖਿਆ ਜਾਵੇ, ਸੀ. ਆਰ. ਏ.  281/13 ਵਾਲੇ ਐੱਸ. ਐੱਸ. ਏ. ਨੂੰ 2 ਸਾਲ ਦਾ ਸਮਾਂ ਪੂਰਾ ਹੋਣ ’ਤੇ ਰੈਗੂਲਰ ਕੀਤਾ ਜਾਵੇ ਆਦਿ। ਇਸ ਮੌਕੇ ਡਵੀਜ਼ਨ ਮੀਤ ਪ੍ਰਧਾਨ ਜਰਨੈਲ ਸਿੰਘ, ਸਕੱਤਰ ਮੰਦਰ ਸਿੰਘ, ਕੈਸ਼ੀਅਰ ਆਤਮਾ ਸਿੰਘ, ਉਪ ਪ੍ਰਧਾਨ ਇੰਦਰਜੀਤ ਸਿੰਘ, ਕੁਲਵੀਰ ਸਿੰਘ, ਨਰਿੰਦਰ ਸਿੰਘ ਆਦਿ ਮੌਜੂਦ ਸਨ।