ਪੰਜਾਬ ਰੋਡਵੇਜ਼ ਦਾ ਰਿਹਾ ਮੁਕੰਮਲ ਚੱਕਾ ਜਾਮ

02/22/2018 4:44:20 AM

ਲੁਧਿਆਣਾ(ਸਲੂਜਾ)-ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੀ ਸਾਂਝੀ ਕਮੇਟੀ ਦੇ ਸੱਦੇ 'ਤੇ ਅੱਜ ਰੋਡਵੇਜ਼ ਅਤੇ ਪਨਬੱਸ ਦੇ ਮੁਲਾਜ਼ਮਾਂ ਨੇ ਮੰਗਾਂ ਨੂੰ ਅਣਦੇਖਿਆ ਕੀਤੇ ਜਾਣ ਤੋਂ ਖਫਾ ਹੋ ਕੇ ਪੰਜਾਬ ਰੋਡਵੇਜ਼ ਅਤੇ ਪਨਬੱਸ ਦਾ ਚੱਕਾ ਜਾਮ ਕਰ ਦਿੱਤਾ, ਜਿਸ ਨਾਲ ਬੱਸ ਅੱਡੇ ਵਿਚ ਇਕਦਮ ਚੁੱਪ ਛਾ ਗਈ।  ਇਸ ਸੰਘਰਸ਼ ਨਾਲ ਮਹਾਨਗਰ ਲੁਧਿਆਣਾ ਦੀ ਆਵਾਜਾਈ ਲੜਖੜਾ ਕੇ ਰਹਿ ਗਈ। ਵੱਡੀ ਗਿਣਤੀ ਵਿਚ ਵਾਹਨ ਜਾਮ 'ਚ ਫਸ ਗਏ, ਜਿਸ ਨਾਲ ਜਨਤਾ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੁਲਾਜ਼ਮਾਂ ਨੇ ਬੱਸ ਅੱਡੇ ਦੇ ਮੁੱਖ ਗੇਟ ਨੂੰ ਬੰਦ ਕਰ ਕੇ ਪੰਜਾਬ ਦੀ ਕੈਪਟਨ ਸਰਕਾਰ ਦੀ ਵਾਅਦਾ ਖਿਲਾਫੀ ਦੇ ਵਿਰੋਧ ਵਿਚ ਧਰਨਾ ਦਿੰਦੇ ਹੋਏ ਰੋਸ ਪ੍ਰਦਰਸ਼ਨ ਕੀਤਾ।
ਆਰ-ਪਾਰ ਦੀ ਲੜਾਈ ਲੜਨ ਦੀ ਦਿੱਤੀ ਚਿਤਾਵਨੀ
ਪੰਜਾਬ ਰੋਡਵੇਜ਼ ਇੰਪਲਾਈਜ਼ ਯੂਨੀਅਨ ਆਜ਼ਾਦ ਦੇ ਚੇਅਰਮੈਨ ਮੱਖਣ ਸਿੰਘ, ਪ੍ਰਧਾਨ ਸਤਵਿੰਦਰ ਸਿੰਘ, ਕੁਲਜੀਤ ਸਿੰਘ ਸੋਢੀ, ਗੌਰਮੈਂਟ ਟ੍ਰਾਂਸਪੋਰਟ ਵਰਕਰ ਯੂਨੀਅਨ ਏਕਟ ਦੇ ਮਨਜੀਤ ਸਿੰਘ ਗਿੱਲ, ਪ੍ਰਧਾਨ ਹਰਬੰਸ ਪੰਧੇਰ, ਜਨਰਲ ਸਕੱਤਰ ਕਿਰਨਦੀਪ ਸਿੰਘ, ਡਰਾਈਵਰ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਅਤੇ ਗੁਰਪਾਲ ਸਿੰਘ ਗਿੱਲ, ਵਰਕਸ਼ਾਪ ਯੂਨੀਅਨ ਦੇ ਕੁਲਦੀਪ ਸਿੰਘ, ਇੰਟਕ ਦੇ ਗੁਰਮੇਲ ਸਿੰਘ, ਬੂਟਾ ਸਿੰਘ, ਲਖਬੀਰ ਸਿੰਘ, ਕੰਟ੍ਰੈਕਟ ਵਰਕ ਯੂਨੀਅਨ ਦੇ ਸਤਨਾਮ ਸਿੰਘ, ਭਗਤ ਸਿੰਘ ਅਤੇ ਅਮਰਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਮੁਲਾਜ਼ਮਾਂ ਨੂੰ ਮਨਾਉਣ ਦੀ ਜਗ੍ਹਾ ਲੰਬੇ ਸਮੇਂ ਤੋਂ ਹੀ ਟਾਲਮਟੋਲ ਦੀ ਨੀਤੀ ਆਪਣਾਉਂਦੀ ਆ ਰਹੀ ਹੈ। ਅੱਜ ਸਰਕਾਰ ਅਤੇ ਟ੍ਰਾਂਸਪੋਰਟ ਵਿਭਾਗ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ 24 ਘੰਟੇ ਦੀ ਹੜਤਾਲ ਕੀਤੀ ਗਈ। ਇਸ ਦੌਰਾਨ ਚਿਤਾਵਨੀ ਦਿੱਤੀ ਗਈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਦਾ ਨਿਪਟਾਰਾ ਨਾ ਕੀਤਾ ਗਿਆ ਤਾਂ ਫਿਰ ਆਰ-ਪਾਰ ਦੀ ਲੜਾਈ ਦਾ ਬਿਗੁਲ ਵਜਾ ਦਿੱਤਾ ਜਾਵੇਗਾ।
ਬੱਸਾਂ ਦੀ 1 ਦਿਨ ਦੀ ਹੜਤਾਲ ਨਾਲ ਲੱਖਾਂ ਰੁਪਏ ਦਾ ਨੁਕਸਾਨ
ਪੰਜਾਬ ਰੋਡਵੇਜ਼ ਅਤੇ ਪਨਬੱਸ ਦੀ ਇਕ ਦਿਨ ਦੀ ਹੜਤਾਲ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਲਗਭਗ 300 ਬੱਸਾਂ ਲੁਧਿਆਣਾ ਬੱਸ ਸਟੈਂਡ ਤੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅਤੇ ਨਾਲ ਲਗਦੇ ਗੁਆਂਢੀ ਰਾਜਾਂ 'ਚ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਲੈ ਕੇ ਜਾਂਦੀਆਂ ਹਨ। ਹੜਤਾਲ ਨਾਲ ਪ੍ਰਾਈਵੇਟ ਬੱਸ ਆਪ੍ਰੇਟਰਾਂ ਅਤੇ ਆਟੋ ਚਾਲਕਾਂ ਦੀ ਚਾਂਦੀ ਰਹੀ। ਇਨ੍ਹਾਂ ਨੇ ਨਿਸ਼ਚਿਤ ਕਿਰਾਏ ਤੋਂ ਦੁੱਗਣੇ ਰੇਟ ਵਸੂਲ ਕੇ ਯਾਤਰੀਆਂ ਨੂੰ ਲੁੱਟਣ ਦਾ ਕੰਮ ਕੀਤਾ। ਬੱਸਾਂ ਦੀ ਹੜਤਾਲ ਦੀ ਵਜ੍ਹਾ ਨਾਲ ਅੱਜ ਦਿਨਾਂ ਦੀ ਤੁਲਨਾ 'ਚ ਟਰੇਨਾਂ 'ਚ ਜ਼ਿਆਦਾ ਭੀੜ ਰਹੀ। ਇਹ ਵੀ ਪਤਾ ਲੱਗਾ ਕਿ ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਅਤੇ ਸਰਕਾਰ ਨਾਲ ਗੱਲਬਾਤ ਦਾ ਦੌਰ ਸ਼ੁਰੂ ਹੋਣ ਨਾਲ ਫਿਲਹਾਲ ਹੜਤਾਲ ਨੂੰ ਵਾਪਸ ਲੈ ਲਿਆ ਗਿਆ ਹੈ।