ਸਿੱਖਿਆ ਸਕੱਤਰ ਵਿਰੁੱਧ ਸਾਂਝਾ ਅਧਿਆਪਕ ਮੋਰਚਾ ਨੇ ਕੀਤਾ ਰਾਸ਼ਟਰੀ ਮਾਰਗ ਜਾਮ

01/20/2018 2:02:53 AM

ਫਾਜ਼ਿਲਕਾ(ਨਾਗਪਾਲ, ਲੀਲਾਧਰ)-ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਰਾਜ ਦੇ ਸਮੂਹ ਮਿਡਲ ਸਕੂਲਾਂ 'ਚੋਂ ਪੰਜਾਬੀ, ਹਿੰਦੀ, ਸਰੀਰਕ ਸਿੱਖਿਆ ਅਤੇ ਆਰਟ ਐਂਡ ਕਰਾਫਟ ਦੀਆਂ ਪੋਸਟਾਂ ਖਤਮ ਕਰਨ ਦੇ ਵਿਰੋਧ ਵਿਚ ਅਧਿਆਪਕ ਵਰਗ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਿੱਖਿਆ ਵਿਭਾਗ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਇਸ ਤੁਗਲਕੀ ਫਰਮਾਨ ਵਿਰੁੱਧ ਅਧਿਆਪਕ ਜਥੇਬੰਦੀਆਂ ਵੱਲੋਂ ਸੰਘਰਸ਼ ਸ਼ੁਰੂ ਕਰ ਦਿੱਤਾ ਗਿਆ ਹੈ। ਅੱਜ ਸਾਂਝਾ ਅਧਿਆਪਕ ਮੋਰਚਾ ਵੱਲੋਂ ਬਾਅਦ ਦੁਪਹਿਰ ਡਿਪਟੀ ਕਮਿਸ਼ਨਰ ਦਫਤਰ ਮੂਹਰੇ ਸੰਘਰਸ਼ ਕਰਦਿਆਂ ਰਾਸ਼ਟਰੀ ਮਾਰਗ ਵੀ ਬੰਦ ਕੀਤਾ ਗਿਆ। ਇਸ ਮੌਕੇ ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਦੇ ਨਾਲ-ਨਾਲ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀਆਂ ਮਨਮਰਜ਼ੀਆਂ ਤੇ ਤੁਗਲਕੀ ਫਰਮਾਨਾਂ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ। ਆਪਣੇ ਸੰਬੋਧਨ ਵਿਚ ਸਾਂਝਾ ਅਧਿਆਪਕ ਮੋਰਚਾ ਦੇ ਆਗੂਆਂ ਨੇ ਕਿਹਾ ਕਿ ਅਧਿਆਪਕ ਜਥੇਬੰਦੀਆਂ ਦੀ ਇਹ ਦਲੀਲ ਹੈ ਕਿ ਇਨ੍ਹਾਂ ਪੋਸਟਾਂ ਨੂੰ ਪਹਿਲਾਂ ਦੀ ਤਰ੍ਹਾਂ ਹੀ ਬਹਾਲ ਕੀਤਾ ਜਾਵੇ ਤਾਂ ਕਿ ਮਿਡਲ ਸਕੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਨਾ ਹੋ ਸਕੇ। ਜੇਕਰ ਵਿਭਾਗ ਇਨ੍ਹਾਂ ਵਿਸ਼ਿਆਂ ਦੀਆਂ ਆਸਾਮੀਆਂ ਖਤਮ ਕਰਨ ਦੇ ਹੁਕਮ ਵਾਪਸ ਨਹੀਂ ਲੈਂਦਾ ਤਾਂ ਸਮੂਹ ਅਧਿਆਪਕ ਜਥੇਬੰਦੀਆਂ ਸਰਕਾਰ ਖਿਲਾਫ ਸੜਕਾਂ 'ਤੇ ਉਤਰਨ ਲਈ ਮਜਬੂਰ ਹੋਣਗੀਆਂ, ਜਿਸ ਦੀ ਨਿਰੋਲ ਜ਼ਿੰਮੇਵਾਰੀ ਸਰਕਾਰ ਅਤੇ ਵਿਭਾਗ ਦੀ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਮਿੰਦਰ ਸਿੰਘ ਦੁਰੇਜਾ, ਕੁਲਦੀਪ ਗਰੋਵਰ, ਸੰਦੀਪ ਕਟਾਰੀਆ, ਭਗਵੰਤ ਭਠੇਜਾ, ਕੁਲਦੀਪ ਥਿੰਦ, ਧਰਮਿੰਦਰ ਗੁਪਤਾ, ਸੁਨੀਲ ਸਚਦੇਵਾ, ਆਕਾਸ਼ਦੀਪ ਡੋਡਾ, ਦਪਿੰਦਰ ਢਿੱਲੋਂ, ਕਮਲ ਗਰਗ, ਜਗਰੂਪ ਸਿੰਘ, ਨਿਸ਼ਾਂਤ ਅਗਰਵਾਲ, ਪਰਮਜੀਤ ਸਿੰਘ, ਰਵੀ ਵਧਵਾ, ਸੁਰਿੰਦਰ ਸਿੰਘ, ਅਸ਼ਵਨੀ, ਰਾਜੇਸ਼, ਗੁਰਬੀਰ ਸਿੰਘ, ਅਨਿਲ ਗਗਨੇਜਾ, ਰਾਜੀਵ ਚਗਤੀ, ਅਮਨਦੀਪ ਸਿੰਘ, ਸੰਦੀਪ ਕੁਮਾਰ, ਰਾਜੇਸ਼ ਧਵਨ, ਸੁਧੀਰ ਕਾਲੜਾ, ਗਗਨਦੀਪ, ਸਾਹਿਲ, ਅਸ਼ਵਨੀ ਖੁੰਗਰ ਤੇ ਦੁਸ਼ਯੰਤ ਕੁਮਾਰ ਆਦਿ ਹਾਜ਼ਰ ਸਨ।