ਆਂਗਣਵਾੜੀ ਵਰਕਰਾਂ ਨੇ ਭੀਖ ਮੰਗ ਕੇ ਮੋਦੀ ਤੇ ਕੈਪਟਨ ਸਰਕਾਰ ਨੂੰ ਕੀਤਾ ਸ਼ਰਮਸਾਰ

10/28/2017 4:08:49 AM

ਲੁਧਿਆਣਾ(ਸਲੂਜਾ)-ਬਹੁਤ ਹੀ ਮਾਮੂਲੀ ਭੱਤੇ 'ਤੇ ਕੰਮ ਕਰ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਵਾਲੀਆਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਅੱਜ ਇਥੇ ਭੀਖ ਮੰਗ ਕੇ ਮੋਦੀ ਅਤੇ ਕੈਪਟਨ ਸਰਕਾਰ ਨੂੰ ਸ਼ਰਮਸਾਰ ਕਰ ਦਿੱਤਾ ਹੈ। ਜ਼ਿਲਾ ਪ੍ਰਧਾਨ ਸੁਭਾਸ਼ ਰਾਣੀ ਨੇ ਰੋਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਕ ਪਾਸੇ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਡੀਆ ਨੂੰ ਬਦਲਣ ਦੀਆਂ ਗੱਲਾਂ ਕਰਦੇ ਹਨ, ਜਦੋਂਕਿ ਦੂਜੇ ਪਾਸੇ ਆਂਗਣਵਾੜੀ ਸੈਂਟਰਾਂ ਨੂੰ ਬੰਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਘਰ-ਘਰ ਵਿਚ ਨੌਕਰੀ ਦੇਣ ਦੀਆਂ ਗੱਲਾਂ ਕਰਦੀ ਹੈ, ਜਦੋਂਕਿ ਦੂਜੇ ਪਾਸੇ ਚੱਲ ਰਹੇ ਆਂਗਣਵਾੜੀ ਸੈਂਟਰਾਂ ਨੂੰ ਕੋਈ ਵਿੱਤੀ ਸਹਾਇਤਾ ਅਤੇ ਬੁਨਿਆਦੀ ਸਹੂਲਤ ਦੇਣ ਦੀ ਜਗ੍ਹਾ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਬੇਰੁਜ਼ਗਾਰੀ ਦੀ ਦਲ-ਦਲ ਵਿਚ ਧੱਕਣ ਜਾ ਰਹੀ ਹੈ। ਯੂਨੀਅਨ ਤਾਂ ਸਿਰਫ ਇਹੀ ਮੰਗ ਕਰਦੀ ਆ ਰਹੀ ਹੈ ਕਿ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੇ ਭੱਤੇ ਵਿਚ ਵਾਧਾ ਕੀਤਾ ਜਾਵੇ। ਪੰਜਾਬ ਵਿਚ ਵੀ ਗੁਆਂਢੀ ਰਾਜਾਂ ਵਾਂਗ ਉਨ੍ਹਾਂ ਨੂੰ ਰੈਗੂਲਰ ਅਤੇ ਬਣਦੀਆਂ ਸਹੂਲਤਾਂ ਦਿੱਤੀਆਂ ਜਾਣ ਪਰ ਸਰਕਾਰ ਇਕ ਵੀ ਮੰਗ ਨੂੰ ਮੰਨ ਕੇ ਲਾਗੂ ਕਰਨ ਨੂੰ ਤਿਆਰ ਨਹੀਂ ਹੈ। ਸੁਭਾਸ਼ ਰਾਣੀ ਨੇ ਕਿਹਾ ਕਿ ਸਰਕਾਰਾਂ ਨੇ ਤਾਂ ਉਨ੍ਹਾਂ ਨੂੰ ਭਿਖਾਰੀ ਬਣਾਉਣ ਦੀ ਅੰਦਰਖਾਤੇ ਪੂਰੀ ਤਿਆਰੀ ਕਰ ਲਈ ਹੈ ਪਰ ਸਰਕਾਰ ਨੂੰ ਇਹ ਸਪੱਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਆਪਣੇ ਹੱਕ ਲੈ ਕੇ ਹੀ ਦਮ ਲਵਾਂਗੇ। ਨਾ ਪਹਿਲਾਂ ਪੁਲਸ ਦੀਆਂ ਡਾਂਗਾਂ ਤੋਂ ਡਰੇ ਅਤੇ ਨਾ ਹੀ ਜੇਲ ਜਾਣ ਤੋਂ ਕੋਈ ਪ੍ਰੇਸ਼ਾਨੀ ਹੈ। ਘੁੱਟ-ਘੁੱਟ ਕੇ ਮਰਨ ਨਾਲੋਂ ਤਾਂ ਚੰਗਾ ਹੈ ਕਿ ਸ਼ਹਾਦਤ ਦਾ ਜਾਮ ਪੀ ਕੇ ਹੀ ਮਰਿਆ ਜਾਵੇ। ਇਸ ਦੇ ਲਈ ਜੇਕਰ ਯੂਨੀਅਨ ਆਗੂਆਂ ਅਤੇ ਵਰਕਰਾਂ ਨੂੰ ਕੋਈ ਵੀ ਕੁਰਬਾਨੀ ਦੇਣੀ ਪਈ ਤਾਂ ਉਹ ਦੇਣਗੇ। ਜ਼ਿਕਰਯੋਗ ਹੈ ਕਿ ਬੀਤੇ ਦਿਨ ਪਟਿਆਲਾ ਵਿਚ ਮੋਤੀ ਮਹਿਲ ਦਾ ਘਿਰਾਓ ਕਰਨ ਜਾ ਰਹੀ ਯੂਨੀਅਨ ਦੀ ਜਿਨ੍ਹਾਂ ਆਗੂਆਂ ਅਤੇ ਵਰਕਰਾਂ ਨੂੰ ਪੁਲਸ ਨੇ ਸਰਕਾਰ ਦੀ ਸ਼ਹਿ 'ਤੇ ਕੇਸ ਦਰਜ ਕਰਨ ਤੋਂ ਬਾਅਦ ਜੇਲ ਭੇਜ ਦਿੱਤਾ ਸੀ, ਅੱਜ ਇਨ੍ਹਾਂ ਆਗੂਆਂ ਦੀ ਜੇਲ ਤੋਂ ਰਿਹਾਈ ਹੋਣ 'ਤੇ ਆਂਗਣਵਾੜੀ ਵਰਕਰਾਂ ਨੇ ਜ਼ੋਰਦਾਰ ਸਵਾਗਤ ਕੀਤਾ।