ਮਰੀਜ਼ ਦੇ ਪਰਿਵਾਰਕ ਮੈਂਬਰਾਂ ਵੱਲੋਂ ਹਸਪਤਾਲ ''ਚ ਹੰਗਾਮਾ

09/24/2017 7:04:24 AM

ਤਪਾ ਮੰਡੀ(ਮੇਸ਼ੀ)—ਇਕ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਸਿੱਧੂ ਮਲਟੀਸਪੈਸ਼ਲਿਟੀ ਹਸਪਤਾਲ 'ਤੇ ਇਲਾਜ 'ਚ ਲਾਪ੍ਰਵਾਹੀ ਵਰਤਣ ਦੇ ਦੋਸ਼ ਲਾ ਕੇ ਹੰਗਾਮਾ ਕੀਤਾ। ਜਾਣਕਾਰੀ ਅਨੁਸਾਰ ਪਿੰਡ ਘੜੈਲਾ ਤੋਂ ਮਰੀਜ਼ ਪਰਮਜੀਤ ਕੌਰ ਪਤਨੀ ਰਾਜਿੰਦਰ ਸਿੰਘ ਪੇਟ ਦੇ ਦਰਦ ਕਾਰਨ ਉਕਤ ਹਸਪਤਾਲ ਬੀਤੇ ਹਫਤੇ ਤੋਂ ਜ਼ੇਰੇ ਇਲਾਜ ਸੀ। ਹਾਲਤ 'ਚ ਸੁਧਾਰ ਹੁੰਦਾ ਨਾ ਦੇਖ ਕੇ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਜਦੋਂ ਡਾਕਟਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਪਰਿਵਾਰਕ ਮੈਂਬਰਾਂ ਨੂੰ ਕਿਸੇ ਹੋਰ ਹਸਪਤਾਲ ਵਿਚ ਮਰੀਜ਼ ਨੂੰ ਲੈ ਕੇ ਜਾਣ ਲਈ ਕਿਹਾ। ਉਕਤ ਮਰੀਜ਼ ਦੇ ਪੁੱਤਰ ਕੁਲਦੀਪ ਸਿੰਘ ਅਤੇ ਪੁੱਤਰੀ ਸੁਖਦੀਪ ਕੌਰ ਨੇ ਡਾਕਟਰ 'ਤੇ ਆਪਣੀ ਮਾਂ ਦੇ ਇਲਾਜ 'ਚ ਲਾਪ੍ਰਵਾਹੀ ਵਰਤਣ ਦੇ ਕਥਿਤ ਦੋਸ਼ ਲਾਏ ਅਤੇ ਕਿਹਾ ਕਿ ਹਸਪਤਾਲ ਵਿਚ ਨਾਬਾਲਿਗ ਬੱਚਿਆਂ ਨੂੰ ਹੈਲਪਰ ਵਜੋਂ ਰੱਖਿਆ ਹੋਇਆ ਹੈ, ਜਿਨ੍ਹਾਂ ਵੱਲੋਂ ਉਸਦੀ ਮਾਂ ਦੇ ਇਲਾਜ ਮੌਕੇ ਟੀਕਾਕਰਨ ਅਤੇ ਹੋਰ ਦਵਾਈਆਂ ਦਿੱਤੀਆਂ ਜਾ ਰਹੀਆਂ ਸਨ। ਡਾਕਟਰ ਜੀ. ਐੱਸ. ਸਿੱਧੂ ਨੇ ਇਲਾਜ ਦੌਰਾਨ ਉਨ੍ਹਾਂ ਤੋਂ ਕਰੀਬ 45 ਹਜ਼ਾਰ ਰੁਪਏ ਲੈ ਲਏ ਪਰ ਹਾਲਤ ਵਿਚ ਕੋਈ ਵੀ ਸੁਧਾਰ ਨਾ ਹੋਣ ਕਾਰਨ ਅੱਜ ਜਵਾਬ ਦੇ ਦਿੱਤਾ। ਇਸ ਧੱਕੇ ਖਿਲਾਫ ਰੌਲਾ ਪਾਉਣ 'ਤੇ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਤਪਾ ਪੁਲਸ ਦੇ ਏ. ਐੱਸ. ਆਈ. ਗੁਰਸੇਵਕ ਸਿੰਘ ਅਤੇ ਹੌਲਦਾਰ ਦਰਸੇਮ ਸਿੰਘ ਨੇ ਇਸ ਮਾਮਲੇ ਨੂੰ ਸ਼ਾਂਤ ਕਰਵਾ ਕੇ ਮਰੀਜ਼ ਨੂੰ ਕਿਸੇ ਹੋਰ ਹਸਪਤਾਲ ਤੁਰੰਤ ਭੇਜਣ ਦਾ ਇੰਤਜ਼ਾਮ ਕੀਤਾ। ਜਦੋਂ ਇਸ ਸਬੰਧੀ ਹਸਪਤਾਲ ਦੇ ਡਾਕਟਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਕਤ ਮਰੀਜ਼ ਦੇ ਪੇਟ ਵਿਚ ਹਰਨੀਆਂ ਦੀ ਸ਼ਿਕਾਇਤ ਹੈ, ਜਿਸ ਦੇ ਆਪ੍ਰੇਸ਼ਨ ਕਰਨ ਵਿਚ ਘੱਟੋ ਘੱਟ 10 ਦਿਨ ਲੱਗਣਗੇ। ਮਰੀਜ਼ ਦੇ ਪਰਿਵਾਰਕ ਮੈਂਬਰਾਂ ਵੱਲੋਂ ਅੱਜ ਹੀ ਆਪ੍ਰੇਸ਼ਨ ਕਰਨ ਦੀ ਜ਼ਿੱਦ ਕੀਤੀ ਜਾ ਰਹੀ ਸੀ, ਜਿਸ ਕਾਰਨ ਉਹ ਇਹ ਖਤਰਾ ਨਹੀਂ ਲੈਣਾ ਚਾਹੁੰਦੇ ਸਨ ਅਤੇ ਉਨ੍ਹਾਂ ਮਰੀਜ਼ ਨੂੰ ਹੋਰ ਕਿਸੇ ਹਸਪਤਾਲ ਲਿਜਾਣ ਲਈ ਕਹਿ ਦਿੱਤਾ। ਇਸ 'ਤੇ ਇਨ੍ਹਾਂ ਨੇ ਹਸਪਤਾਲ ਵਿਚ ਹੰਗਾਮਾ ਸ਼ੁਰੂ ਕਰ ਦਿੱਤਾ। ਜਦੋਂ ਪ੍ਰੈੱਸ ਵੱਲੋਂ ਨਾਬਾਲਿਗ ਹੈਲਪਰਾਂ ਵੱਲੋਂ ਇਲਾਜ ਕਰਨ ਦੀ ਗੱਲ ਆਖੀ ਗਈ ਤਾਂ ਉਨ੍ਹਾਂ ਕਿਹਾ ਕਿ ਅਜਿਹਾ ਕੁਝ ਨਹੀਂ ਹੈ। ਇਹ ਸਭ ਝੂਠੇ ਦੋਸ਼ ਲਾਏ ਜਾ ਰਹੇ ਹਨ।