ਕਰਮਚਾਰੀਆਂ ਵੱਲੋਂ ਸਿਟੀ ਬੱਸਾਂ ਨੂੰ ਲੈ ਕੇ ਜਤਾਇਆ ਰੋਸ

09/23/2017 1:52:51 AM

ਬਠਿੰਡਾ(ਸੁਖਵਿੰਦਰ)- ਮਿੰਨੀ ਬੱਸਾਂ ਦੇ ਛੋਟੇ ਰੂਟਾਂ ਨੂੰ ਲੈ ਕੇ ਪੀ. ਆਰ. ਟੀ. ਸੀ. ਕਰਮਚਾਰੀਆਂ ਅਤੇ ਨਿੱਜੀ ਬੱਸ ਆਪ੍ਰੇਟਰਾਂ ਦਰਮਿਆਨ ਚੱਲ ਰਹੇ ਵਿਵਾਦ ਕਾਰਨ ਕਰਮਚਾਰੀਆਂ ਨੇ ਸਿਟੀ ਬੱਸਾਂ ਨੂੰ ਰੋਸ ਵਜੋਂ ਪੂਰਾ ਦਿਨ ਬੰਦ ਰੱਖਿਆ। ਸਿਟੀ ਬੱਸਾਂ ਦੇ ਬੰਦ ਹੋਣ ਕਾਰਨ ਜਿੱਥੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਉਥੇ ਸਿਟੀ ਬੱਸਾਂ ਦੇ ਨਾ ਚੱਲਣ ਕਾਰਨ ਵਿਭਾਗ ਨੂੰ ਲਗਭਗ 60-70 ਹਜ਼ਾਰ ਦਾ ਘਾਟਾ ਸਹਿਣਾ ਪਿਆ। ਜਾਣਕਾਰੀ ਦਿੰਦਿਆਂ ਐਕਸ਼ਨ ਕਮੇਟੀ ਦੇ ਕਨਵੀਨਰ ਰਾਮ ਸਿੰਘ ਨੇ ਕਿਹਾ ਕਿ ਨਿੱਜੀ ਆਪ੍ਰੇਟਰਾਂ ਦੀਆਂ ਧੱਕੇਸ਼ਾਹੀਆਂ ਕਾਰਨ ਮਜਬੂਰਨ ਉਨ੍ਹਾਂ ਉਕਤ ਫੈਸਲਾ ਲਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਰੋਸ ਵਜੋਂ ਲਗਭਗ 20 ਸਿਟੀ ਬੱਸਾਂ ਬੰਦ ਰਹੀਆਂ, ਜੋ ਮੰਗਾਂ ਪੂਰੀਆਂ ਹੋਣ ਤੱਕ ਬੰਦ ਰਹਿਣਗੀਆਂ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਵੱਲੋਂ ਪ੍ਰਸ਼ਾਸਨ ਨੂੰ ਪਹਿਲਾਂ ਇਸ ਉਕਤ ਐਕਸ਼ਨ ਤੋਂ ਜਾਣੂ ਕਰਵਾਇਆ ਜਾ ਚੁੱਕਾ ਹੈ ਅਤੇ ਜਦੋਂ ਤੱਕ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਮਨਜ਼ੂਰ ਨਹੀਂ ਕੀਤਾ ਜਾਵੇਗਾ, ਉਦੋਂ ਤੱਕ ਉਨ੍ਹਾਂ ਦਾ ਰੋਸ ਜਾਰੀ ਰਹੇਗਾ। ਸਿਟੀ ਬੱਸਾਂ ਦੇ ਬੰਦ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਆਟੋ ਚਾਲਕਾਂ ਵੱਲੋਂ ਮੋਟੀ ਕਮਾਈ ਕੀਤੀ ਗਈ।