ਪਿੰਡ ਵਾਸੀਆਂ ਤੇ ਕਲੱਬ ਵਾਲੰਟੀਅਰਾਂ ਨੇ ਸੜਕ ਜਾਮ ਕਰ ਕੇ ਕੀਤਾ ਮਿੰਨੀ ਬੱਸਾਂ ਦਾ ਘਿਰਾਓ

07/23/2017 1:57:24 AM

ਸੰਗਤ ਮੰਡੀ(ਮਨਜੀਤ)-ਪਿੰਡ ਜੈ ਸਿੰਘ ਵਾਲਾ ਵਿਖੇ ਸਿਟੀ ਬੱਸ ਬੰਦ ਕਰਨ ਨੂੰ ਲੈ ਕੇ ਪਿੰਡ ਵਾਸੀਆਂ ਤੇ ਕਲੱਬ ਵਾਲੰਟੀਅਰਾਂ ਵੱਲੋਂ ਸੜਕ ਜਾਮ ਕਰ ਕੇ ਮਿੰਨੀ ਬੱਸਾਂ ਦਾ ਘਿਰਾਓ ਕਰ ਕੇ ਮਿੰਨੀ ਬੱਸ ਮਾਲਕਾਂ ਵਿਰੁੱਧ ਆਪਣੀ ਭੜਾਸ ਕੱਢੀ ਗਈ। ਸ਼ਹੀਦ ਭਗਤ ਸਿੰਘ ਵੈੱਲਫੇਅਰ ਕਲੱਬ ਦੇ ਚੇਅਰਮੈਨ ਵੀਰਦਵਿੰਦਰ ਸ਼ਰਮਾ ਤੇ ਕਲੱਬ ਪ੍ਰਧਾਨ ਜਗਤਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿੰਨੀ ਬੱਸਾਂ ਵਾਲਿਆਂ ਵੱਲੋਂ ਆਪਣੀ ਮਨਮਰਜ਼ੀ ਨਾਲ ਬੱਸਾਂ ਦੇ ਟਾਈਮ ਚਲਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਕੱਲ ਵੀ ਮਿੰਨੀ ਬੱਸ ਚਾਲਕਾਂ ਨੇ ਸਿਟੀ ਬੱਸ ਦੇ ਡਰਾਈਵਰਾਂ ਨਾਲ ਇਹ ਰੂਟ ਨੂੰ ਲੈ ਕੇ ਝਗੜਾ ਕੀਤਾ ਸੀ। ਉਨ੍ਹਾਂ ਕਿਹਾ ਕਿ ਅੱਜ ਵੀ ਸਿਟੀ ਬੱਸ ਵੱਲੋਂ ਸਵੇਰੇ ਇਕ ਟਾਈਮ ਪਿੰਡ ਆਇਆ ਗਿਆ ਅਤੇ ਬਾਅਦ 'ਚ ਉਨ੍ਹਾਂ ਨੂੰ ਪਤਾ ਲੱਗਾ ਕਿ ਬੱਸ ਨੂੰ ਬੰਦ ਕਰ ਦਿੱਤਾ ਗਿਆ। 
ਪਿੰਡ ਵਾਸੀ ਹਰਨੇਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਹਿਲਾਂ ਹੀ ਮਿੰਨੀ ਬੱਸਾਂ ਦੀ ਮਨਮਰਜ਼ੀ ਕਰਨ 'ਤੇ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਇਕ ਲੋਕ ਅਦਾਲਤ 'ਚ ਕੇਸ ਲਾਇਆ ਹੋਇਆ ਹੈ, ਜੋ ਕਿ ਪਿਛਲੇ 19 ਮਹੀਨਿਆਂ ਤੋਂ ਚੱਲ ਰਿਹਾ ਅਤੇ ਹੁਣ 25 ਜੁਲਾਈ ਨੂੰ ਤਰੀਕ ਹੈ। ਉਨ੍ਹਾਂ ਕਿਹਾ ਕਿ ਵੈਸੇ ਤਾਂ ਸਰਕਾਰ ਜਾਅਲੀ ਚੱਲ ਰਹੀਆਂ ਬੱਸਾਂ ਬੰਦ ਕਰਨ ਦੇ ਲਈ ਕਹਿ ਰਹੀ ਹੈ ਪਰ ਇਸ ਰੂਟ 'ਤੇ ਚੱਲ ਰਹੀਆਂ ਬੱਸਾਂ 'ਚੋਂ ਕੁਝ ਕੋਲ ਰੂਟ ਦੇ ਪਰਮਿਟ ਵੀ ਨਹੀਂ ਹਨ। ਉਨ੍ਹਾਂ ਕਿਹਾ ਕਿ ਜੇਕਰ ਮਿੰਨੀ ਬੱਸ ਆਪਰੇਟਰ ਆਪਣੇ ਸਾਰੇ ਟਾਈਮ ਚਲਾਉਣ ਤਾਂ ਉਨ੍ਹਾਂ ਨੂੰ ਸਿਟੀ ਬੱਸ ਦੀ ਜ਼ਰੂਰਤ ਹੀ ਨਹੀਂ ਪੈਂਦੀ ਪਰ ਇਹ ਬੱਸਾਂ ਵਾਲੇ ਨਾ ਤਾਂ ਆਪਣੇ ਟਾਈਮ ਪੂਰੇ ਚਲਾ ਰਹੇ ਹਨ ਅਤੇ ਨਾ ਹੀ ਸਿਟੀ ਬੱਸ ਨੂੰ ਚੱਲਣ ਦੇ ਰਹੇ ਹਨ। ਪਿੰਡ ਵਾਸੀਆਂ ਵੱਲੋਂ ਬੱਸਾਂ ਦਾ ਘਿਰਾਓ ਕਰਨ ਦਾ ਪਤਾ ਲਗਦਿਆਂ ਹੀ ਥਾਣਾ ਸੰਗਤ ਦੇ ਮੁਖੀ ਪਰਮਜੀਤ ਸਿੰਘ ਡੋਡ ਮੌਕੇ 'ਤੇ ਪਹੁੰਚੇ ਤੇ ਉਨ੍ਹਾਂ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਧਰਨਾਕਾਰੀਆਂ ਨੂੰ ਸੋਮਵਾਰ ਨੂੰ ਇਸ ਮਾਮਲੇ ਸਬੰਧੀ ਐੱਸ. ਡੀ. ਐੱਮ. ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿਵਾਏ ਜਾਣ ਤੋਂ ਬਾਅਦ ਧਰਨਾ ਸਮਾਪਤ ਕਰਵਾਇਆ। ਕਲੱਬ ਦੇ ਚੇਅਰਮੈਨ ਵੀਰਦਵਿੰਦਰ ਸ਼ਰਮਾ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਸਿਟੀ ਬੱਸ ਨੂੰ ਦੁਬਾਰਾ ਚਾਲੂ ਨਾ ਕੀਤਾ ਗਿਆ ਤਾਂ ਉਹ ਵਿਭਾਗ ਤੇ ਮਿੰਨੀ ਬੱਸ ਮਾਲਕਾਂ ਵਿਰੁੱਧ ਵੱਡਾ ਸੰਘਰਸ਼ ਵਿੱਢਣਗੇ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਇਕ ਪਿੰਡ ਵਾਸੀ ਨੇ ਬੱਸਾਂ ਵਿਚ ਚੱਲਦੇ ਗਾਣੇ ਬੰਦ ਕਰਵਾਉਣ ਲਈ ਥਾਣਾ ਮੁਖੀ ਨੂੰ ਬੇਨਤੀ ਕੀਤੀ, ਜਿਸ 'ਤੇ ਉਨ੍ਹਾਂ ਖੁਦ ਬੱਸਾਂ 'ਚ ਡੈੱਕ ਚੈੱਕ ਕੀਤੇ ਅਤੇ ਅੱਗੇ ਤੋਂ ਗਾਣੇ ਬੰਦ ਨਾ ਕਰਨ 'ਤੇ ਕਾਰਵਾਈ ਕਰਨ ਦੀ ਗੱਲ ਆਖੀ।