ਪਾਦਰੀ ਦੀ ਹੱਤਿਆ ਦੇ ਰੋਸ ''ਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ

07/19/2017 1:38:19 AM

ਲਹਿਰਾਗਾਗਾ(ਜਿੰਦਲ,ਗਰਗ)— ਲੁਧਿਆਣਾ ਵਿਖੇ ਪਿਛਲੇ ਦਿਨੀਂ ਚਰਚ ਦੇ ਬਾਹਰ ਪਾਦਰੀ ਦੀ ਗੋਲੀਆਂ ਮਾਰ ਕੇ ਕੀਤੀ ਗਈ ਹੱਤਿਆ ਦੇ ਰੋਸ ਵਜੋਂ ਮੰਗਲਵਾਰ ਨੂੰ ਸ਼ਹਿਰ 'ਚ ਸ਼ਿਵ ਭੋਲੇ ਲੰਗਰ ਕਮੇਟੀ ਦੇ ਸਰਪ੍ਰਸਤ ਪ੍ਰਗਟ ਸਿੰਘ ਗਾਗਾ ਦੀ ਅਗਵਾਈ ਵਿਚ ਸੁਨਾਮ ਰੋਡ ਤੋਂ ਲੈ ਕੇ ਘੱਗਰ ਬ੍ਰਾਂਚ ਤੱਕ ਰੋਸ ਮਾਰਚ ਕਰਦੇ ਹੋਏ ਨਾਅਰੇਬਾਜ਼ੀ ਕੀਤੀ ਗਈ ਅਤੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਗਿਆ।
ਇਸ ਮੌਕੇ ਪ੍ਰਗਟ ਸਿੰਘ ਗਾਗਾ ਅਤੇ ਪਾਸਟਰ ਹਿਜ਼ਕੀਅਲ ਨੇ ਕਿਹਾ ਕਿ ਇਸ ਘਟਨਾ ਕਾਰਨ ਈਸਾਈ ਭਾਈਚਾਰੇ ਵਿਚ ਰੋਸ ਪਾਇਆ ਜਾ ਰਿਹਾ ਹੈ। ਪੰਜਾਬ ਦੇ ਸ਼ਾਂਤ ਮਾਹੌਲ ਨੂੰ ਸ਼ਰਾਰਤੀ ਅਨਸਰ ਮੁੜ ਖਰਾਬ ਕਰਨਾ ਚਾਹੁੰਦੇ ਹਨ। ਉਨ੍ਹਾਂ ਨਾਲ ਹੀ ਅਮਰਨਾਥ ਬੱਸ ਯਾਤਰੀਆਂ 'ਤੇ ਹੋਏ ਹਮਲੇ ਦੀ ਵੀ ਨਿੰਦਾ ਕੀਤੀ। ਉਨ੍ਹਾਂ ਨੇ ਕਿਹਾ ਕਿ ਲਗਾਤਾਰ ਪੰਜਾਬ ਵਿਚ ਅਜਿਹੀਆਂ ਘਟਨਾਵਾਂ ਵਿਚ ਵਾਧਾ ਹੋ ਰਿਹਾ ਹੈ। ਸਰਕਾਰ ਅਜਿਹੀਆਂ ਘਟਨਾਵਾਂ ਨੂੰ ਸਖਤੀ ਨਾਲ ਰੋਕੇ। ਇਸ ਮੌਕੇ ਪਾਸਟਰ ਹਿਜ਼ਕੀਅਲ  ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕੇ ਪਾਦਰੀ ਦੇ ਪਰਿਵਾਰ ਦੇ ਇਕ ਬੱਚੇ ਨੂੰ ਸਰਕਾਰੀ ਨੌਕਰੀ ਅਤੇ ਪੀੜਤ ਪਰਿਵਾਰ ਨੂੰ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ ਅਤੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰ ਕੇ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਪ੍ਰਕਾਸ਼ ਸਿੰਘ ਖਾਲਸਾ, ਬੰਤ ਸਿੰਘ ਗਾਗਾ ਤੇ ਮਨਸਾ ਸਿੰਘ ਆਦਿ ਹਾਜ਼ਰ ਸਨ।