30 ਸਤੰਬਰ ਤੱਕ ਪ੍ਰਾਪਰਟੀ ਟੈਕਸ ਭਰਨ ''ਤੇ ਮਿਲੇਗੀ 10 ਫੀਸਦੀ ਛੋਟ

09/25/2019 3:51:53 PM

ਮੋਹਾਲੀ (ਨਿਆਮੀਆਂ) : ਪੰਜਾਬ 'ਚ ਸਾਲ 2019-20 ਦਾ ਪ੍ਰਾਪਰਟੀ ਟੈਕਸ 10 ਫੀਸਦੀ ਛੋਟ (ਰਿਬੇਟ) ਨਾਲ ਅਦਾ ਕਰਨ ਦੀ ਤਰੀਕ 30 ਸਤੰਬਰ ਹੈ। ਇਹ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਕਮਿਸ਼ਨਰ ਭੁਪਿੰਦਰਪਾਲ ਸਿੰਘ ਨੇ ਦੱਸਿਆ ਕਿ 28 ਅਤੇ 29 ਸਤੰਬਰ ਨੂੰ ਸ਼ਨੀਵਾਰ ਅਤੇ ਐਤਵਾਰ ਦੀ ਸਰਕਾਰੀ ਛੁੱਟੀ ਹੈ ਪਰ ਸ਼ਹਿਰ ਵਾਸੀਆਂ ਦੀ ਸਹੂਲਤ ਅਤੇ ਉਨ੍ਹਾਂ ਨੂੰ 10 ਫੀਸਦੀ ਛੋਟ ਦਾ ਫਾਇਦਾ ਚੁੱਕਣ ਦਾ ਮੌਕਾ ਦੇਣ ਲਈ ਨਗਰ ਨਿਗਮ ਐੱਸ. ਏ. ਐੱਸ. ਨਗਰ ਵਲੋਂ ਇਨ੍ਹਾਂ ਦਿਨਾਂ ਨੂੰ ਪ੍ਰਾਪਰਟੀ ਟੈਕਸ ਭਰਨ ਲਈ ਦਫਤਰ ਖੁੱਲ੍ਹਾ ਰਹੇਗਾ।

ਕਮਿਸ਼ਨਰ ਨਗਰ ਨਿਗਮ ਨੇ ਦੱਸਿਆ ਕਿ ਕੋਈ ਵੀ ਸ਼ਹਿਰ ਵਾਸੀ ਆਮ ਦਿਨਾਂ ਵਾਂਗ 28 ਅਤੇ 29 ਸਤੰਬਰ ਨੂੰ ਛੁੱਟੀ ਵਾਲੇ ਦਿਨਾਂ 'ਚ ਵੀ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਨਗਰ ਨਿਗਮ ਦੇ ਦਫਤਰ ਮਿਊਂਸੀਪਲ ਭਵਨ, ਸੈਕਟਰ-68 ਵਿਖੇ ਪੁੱਜ ਕੇ ਆਪਣੀ ਪ੍ਰਾਪਰਟੀ ਦਾ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾ ਸਕਦਾ ਹੈ। 30 ਸਤੰਬਰ ਤੋਂ ਬਾਅਦ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਦੀ ਛੋਟ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 30 ਸਤੰਬਰ ਤੱਕ ਆਪਣੀ ਪ੍ਰਾਪਰਟੀ ਦਾ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾ ਕੇ 10 ਫੀਸਦੀ ਛੋਟ ਦਾ ਲਾਭ ਲੈਣ।

Babita

This news is Content Editor Babita