ਸ਼ਹਿਰ ’ਚ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਜਿਉਂ ਦੀ ਤਿਉਂ

08/21/2018 1:38:27 AM

ਫ਼ਰੀਦਕੋਟ, (ਹਾਲੀ)-ਇਸ ਹਫ਼ਤੇ ਦੌਰਾਨ ਬੇਸਹਾਰਾ ਪਸ਼ੂਆਂ ਕਾਰਨ ਵਾਪਰੇ 3 ਵੱਡੇ ਹਾਦਸਿਆਂ ਵਿਚ ਭਾਵੇਂ ਕਾਫ਼ੀ ਮਨੁੱਖੀ ਜਾਨਾਂ ਦਾ ਨੁਕਸਾਨ ਹੋਇਆ ਪਰ ਇਹ ਸਮੱਸਿਆ ਸ਼ਹਿਰ ਭਰ ’ਚ ਜਿਉਂ ਦੀ ਤਿਉਂ ਹੀ ਹੈ ਅਤੇ ਸ਼ਹਿਰ ’ਚ ਇਨ੍ਹਾਂ ਪਸ਼ੂਆਂ ਦੀ ਗਿਣਤੀ ਘੱਟਣ ਦੀ ਬਜਾਏ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸ਼ਹਿਰ ਦੀਆਂ ਮੁੱਖ ਥਾਵਾਂ ਆਰਾ ਮਾਰਕੀਟ ਰੋਡ, ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ (ਲਡ਼ਕੇ), ਸਰਕੂਲਰ ਰੋਡ, ਕੰਮੇਆਣਾ ਚੌਕ, ਤਲਵੰਡੀ ਰੋਡ, ਫ਼ਰੀਦਕੋਟ-ਕੋਟਕਪੂਰਾ ਰੋਡ ਆਦਿ ਬੇਸਹਾਰਾ ਪਸ਼ੂਆਂ ਦਾ ਕੇਂਦਰ ਬਿੰਦੂ ਬਣਦੀਆਂ ਜਾ ਰਹੀਆਂ ਹਨ, ਜਿਸ ਕਾਰਨ ਇੱਥੇ ਰਹਿਣ ਵਾਲੇ ਲੋਕਾਂ, ਦੁਕਾਨਦਾਰਾਂ ਤੋਂ ਇਲਾਵਾ ਰਾਹਗੀਰਾਂ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮਾਮਲੇ ਦਾ ਇਕ ਅਹਿਮ ਪਹਿਲੂ ਇਹ ਵੀ ਹੈ ਕਿ ਸ਼ਹਿਰ ਵਿਚ ਦੋ ਮੁੱਖ ਗਊਸ਼ਾਲਾਵਾਂ ਹੋਣ ਦੇ ਬਾਵਜੂਦ ਇਨ੍ਹਾਂ ਪਸ਼ੂਆਂ ਦੀ ਸਮੱਸਿਆ ਦਾ ਹੱਲ ਕਰਨ ਵਿਚ ਪ੍ਰਸ਼ਾਸਨ ਅਸਫਲ ਰਿਹਾ ਹੈ, ਜਦਕਿ ਇਨ੍ਹਾਂ ਗਊਸ਼ਾਲਾਵਾਂ ਵਿਚ ਵੱਡੀ ਗਿਣਤੀ ’ਚ ਪਸ਼ੂਆਂ ਦੇ ਰੱਖਣ ਅਤੇ ਚਾਰੇ ਦੀ ਵਿਵਸਥਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਡੇਢ ਮਹੀਨੇ ਤੋਂ ਫਰੀਦਕੋਟ ਦੀ ਇਕ ਸਮਾਜ ਸੇਵੀ ਸੰਸਥਾ ਨੇ 100 ਤੋਂ ਵੱਧ ਬੇਸਹਾਰਾ ਪਸ਼ੂਆਂ ਨੂੰ ਫਡ਼ ਕੇ ਗਊਸ਼ਾਲਾਵਾਂ ਵਿਚ ਪਹੁੰਚਾਇਆ ਹੈ ਪਰ ਇਸ ਦੇ ਬਾਵਜੂਦ ਇਨ੍ਹਾਂ ਪਸ਼ੂਆਂ ਕਾਰਨ ਲਾਗਤਾਰ ਹਾਦਸੇ ਹੋ ਰਹੇ ਹਨ। ਇਸ ਹਫ਼ਤੇ ਪਸ਼ੂਆਂ ਕਾਰਨ ਹੋਏ 3 ਵੱਡੇ ਹਾਦਸਿਆਂ ਵਿਚ ਦੋ ਮਨੁੱਖੀ ਜਾਨਾਂ ਚਲੀਆਂ ਗਈਆਂ ਅਤੇ ਪੰਜ ਵਿਅਕਤੀ ਜ਼ਖ਼ਮੀ ਹੋ ਗਏ। ਦਿਨ ਵੇਲੇ ਤਾਂ ਸਡ਼ਕਾਂ ਦੇ ਵਿਚਕਾਰ ਖਡ਼੍ਹੇ ਇਹ ਪਸ਼ੂ ਦਿਖਾਈ ਦੇ ਜਾਂਦੇ ਹਨ ਪਰ ਰਾਤ ਸਮੇਂ ਇਹ ਬਿਲਕੁਲ ਦਿਖਾਈ ਨਹੀਂ ਦਿੰਦੇ, ਜਿਸ ਕਾਰਨ ਹਾਦਸੇ ਵਾਪਰ ਰਹੇ ਹਨ। ਜ਼ਿਕਰਯੋਗ ਹੈ ਕਿ ਬੀਤੇ ਸਮੇਂ ਜ਼ਿਲਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਪਸ਼ੂਆਂ ਨੂੰ ਕਾਬੂ ਕਰਨ ਸਬੰਧੀ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ, ਜਿਸ ਦੇ ਮੱਦੇਨਜ਼ਰ ਕਾਬੂ ਕੀਤੇ ਗਏ ਪਸ਼ੂ ਸ਼ਹਿਰ ਅਤੇ ਆਸ-ਪਾਸ ਦੀਆਂ ਗਊਸ਼ਾਲਾਵਾਂ ’ਚ ਯੋਗ ਸੰਭਾਲ ਲਈ ਭੇਜ ਦਿੱਤੇ ਗਏ ਸਨ ਪਰ ਇਸ ਉਪਰੰਤ ਗਊਸ਼ਾਲਾਵਾਂ ’ਚ ਦੁੱਧ ਨਾ ਦੇਣ ਵਾਲੀਅਾਂ ਗਊਅਾਂ ਦੀ ਸੰਭਾਲ ਪ੍ਰਤੀ ਅਪਣਾਏ ਗਏ ਨਾਂਹ-ਪੱਖੀ ਰਵੱਈਏ ਨੇ ਇਨ੍ਹਾਂ ਦੀ ਗਿਣਤੀ ਵਿਚ ਫ਼ਿਰ ਵਾਧਾ ਕਰ ਦਿੱਤਾ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਇਨ੍ਹਾਂ ਪਸ਼ੂਆਂ ਨੂੰ ਤੁਰੰਤ ਗਊਸ਼ਾਲਾਵਾਂ ਵਿਚ ਪਹੁੰਚਾਇਆ ਜਾਵੇ। 
ਕੀ ਕਹਿੰਦੇ ਨੇ ਕਾਰਜਸਾਧਕ ਅਫ਼ਸਰ
ਇਸ ਮਾਮਲੇ ਸਬੰਧੀ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਗੰਭੀਰ ਸਮੱਸਿਆ ਦੇ ਹੱਲ ਲਈ ਪ੍ਰਸ਼ਾਸਨ ਵੱਲੋਂ ਪਹਿਲਕਦਮੀ ਕੀਤੀ ਜਾ ਰਹੀ ਹੈ ਕਿਉਂਕਿ ਇਸ ਸਬੰਧੀ ਗਊਸ਼ਾਲਾਵਾਂ ਨੂੰ ਹਦਾਇਤਾਂ ਕਰਨ ਦਾ ਅਧਿਕਾਰ ਪ੍ਰਸ਼ਾਸਨ ਕੋਲ ਹੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਮੁੱਖ ਸਡ਼ਕਾਂ ’ਤੇ ਘੁੰਮ ਰਹੇ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਦਾ ਹੱਲ ਲਈ ਸਮਾਜ ਸੇਵੀ ਸੰਸਥਾਵਾਂ ਵੀ ਆਪਣੇ ਤੌਰ ’ਤੇ ਕੰਮ ਕਰ ਰਹੀਆਂ ਹਨ।