ਉੱਤਰ ਪ੍ਰਦੇਸ਼ ਕਾਂਗਰਸ ਨੂੰ ਮੁੜ-ਸੁਰਜੀਤ ਕਰਨ ਲਈ ਪ੍ਰਿਯੰਕਾ ਗਾਂਧੀ ਕਰ ਰਹੀ ਹੈ ਨਿੱਤ ਨਵੇਂ ਤਜ਼ਰਬੇ

11/05/2020 1:40:01 PM

ਜਲੰਧਰ (ਇੰਟ.) : ਉੱਤਰ ਪ੍ਰਦੇਸ਼ ਦੀ ਸੱਤਾ ਤੋਂ 2 ਦਹਾਕਿਆਂ ਤੋਂ ਵੱਧ ਸਮੇਂ ਤੋਂ ਦੂਰ ਰਹੀ ਕਾਂਗਰਸ ਆਪਣਾ ਪੁਰਾਣਾ ਵਜੂਦ ਹਾਸਲ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਹੁਣੇ ਜਿਹੇ ਯੂ. ਪੀ. ਕਾਂਗਰਸ ਦੇ ਸੀਨੀਅਰ ਨੇਤਾ ਸਲੀਮ ਸ਼ੇਰਵਾਨੀ, ਅਨੂ ਟੰਡਨ ਅਤ ਅੰਕਿਤ ਪਰਿਹਾਰ ਵਲੋਂ ਪਾਰਟੀ ਛੱਡ ਕੇ ਚਲੇ ਜਾਣ ਤੋਂ ਬਾਅਦ ਉੱਤਰ ਪ੍ਰਦੇਸ਼ ਕਾਂਗਰਸ ਦੀ ਵਰਕਿੰਗ ਕਮੇਟੀ 'ਤੇ ਕੁਝ ਸਵਾਲ ਜ਼ਰੂਰ ਖੜ੍ਹੇ ਹੋ ਰਹੇ ਹਨ ਕਿ ਆਖਿਰ ਕਿਉਂ ਪੁਰਾਣੇ ਦਿੱਗਜ ਹੁਣ ਕਾਂਗਰਸ ਤੋਂ ਦੂਰੀ ਬਣਾ ਰਹੇ ਹਨ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੇ ਹੱਥੋਂ ਚੁਣੀ ਗਈ ਸੂਬਾ ਕਾਂਗਰਸ ਕਮੇਟੀ ਦੀ ਟੀਮ ਸੂਬੇ 'ਚ ਜਿਸ ਢੰਗ ਨਾਲ ਪਾਰਟੀ ਨੂੰ ਸੰਗਠਤ ਕਰਨ ਦਾ ਕੰਮ ਕਰ ਰਹੀ ਹੈ, ਉਹ ਸਾਰਿਆਂ ਦੇ ਸਾਹਮਣੇ ਹੈ ਪਰ ਇਹ ਕੰਮ ਇੰਨਾ ਸੌਖਾ ਨਹੀਂ। ਤੁਸੀਂ ਇਸ ਨੂੰ ਉੱਤਰ ਪ੍ਰਦੇਸ਼ ਦੀ ਬੰਜਰ ਸਿਆਸੀ ਜ਼ਮੀਨ 'ਤੇ ਬੂਟੇ ਉਗਾਉਣ ਵਰਗਾ ਮੰਨ ਸਕਦੇ ਹੋ। ਕਾਂਗਰਸ ਦੇ ਕੁਝ ਨੇਤਾ ਨਿੱਜੀ ਤੌਰ 'ਤੇ ਮੰਨਦੇ ਹਨ ਕਿ ਪ੍ਰਿਯੰਕਾ ਗਾਂਧੀ ਯੂ. ਪੀ. 'ਚ ਲਗਾਤਾਰ ਸੰਗਠਨ ਦੀ ਮਜ਼ਬੂਤੀ ਅਤੇ ਤਿਆਰੀ ਲਈ ਕਾਫੀ ਸਮਾਂ ਦੇ ਰਹੀ ਹੈ। ਉਹ ਸਾਵਧਾਨੀ ਨਾਲ ਮੁੱਦਿਆਂ ਦੀ ਚੋਣ ਕਰਦੀ ਹੈ ਅਤੇ ਉਨ੍ਹਾਂ ਮੁੱਦਿਆਂ ਨੂੰ ਚੁੱਕਦੀ ਹੈ। ਪ੍ਰਿਯੰਕਾ ਦਾ ਪੂਰਾ ਧਿਆਨ ਹਰ ਰੋਜ਼ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਸਰਕਾਰ ਦੀ ਕਮਜ਼ੋਰ ਨਸ ਦਬਾਉਣ ਵੱਲ ਰਹਿੰਦਾ ਹੈ। ਬੀਤੇ ਦਿਨੀਂ ਪ੍ਰਿਯੰਕਾ ਨੇ ਆਪਣੇ ਭਰਾ ਰਾਹੁਲ ਗਾਂਧੀ ਦੀ ਪਿੱਠ ਥਾਪੜਨ ਦੇ ਨਾਲ ਹੀ ਪ੍ਰਵਾਸੀਆਂ ਦੇ ਮੁੱਦਿਆਂ 'ਤੇ ਚਾਨਣਾ ਪਾਇਆ। ਹੁਣੇ ਜਿਹੇ ਹਾਥਰਸ ਜਬਰ-ਜ਼ਨਾਹ ਮਾਮਲੇ 'ਤੇ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ। ਹਾਲਾਂਕਿ ਇਸ ਨਾਲ ਪਾਰਟੀ ਲਈ ਸਿਆਸੀ ਤੇ ਸੰਗਠਨਾਤਮਕ ਵਿਸ਼ਵਾਸ ਨਹੀਂ ਬਣ ਸਕਿਆ।

ਇਹ ਵੀ ਪੜ੍ਹੋ :ਸੂਬਾ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਹਰ ਵਰਗ ਦੁਖੀ: ਬੀਬੀ ਜਗੀਰ ਕੌਰ

ਸੋਨੀਆ ਗਾਧੀ ਨੂੰ ਚਿੱਠੀ ਲਿਖ ਕੇ ਜ਼ਾਹਿਰ ਕੀਤੀ ਸੀ ਚਿੰਤਾ
ਸਾਬਕਾ ਸੰਸਦ ਮੈਬਰ ਸੰਤੋਸ਼ ਸਿੰਘ, ਸਾਬਕਾ ਮੰਤਰੀ ਸਤਯਦੇਵ ਤ੍ਰਿਪਾਠੀ, ਪਾਰਟੀ ਦੇ ਸਾਬਕਾ ਵਿਧਾਇਕ ਸਿਰਾਜ ਮਹਿੰਦੀ, ਨਾਰਾਇਣ ਮਿਸ਼ਰ, ਵਿਨੋਦ ਚੌਧਰੀ, ਨੇਕ ਚੰਦ ਪਾਂਡੇ ਅਤੇ ਸਾਬਕਾ ਅਹੁਦੇਦਾਰ ਸਵੈਮ ਪ੍ਰਕਾਸ਼ ਗੋਸਵਾਮੀ, ਰਜਿੰਦਰ ਸਿੰਘ ਸੋਲੰਕੀ ਅਤੇ ਸੰਜੀਵ ਸਿੰਘ ਸਮੇਤ ਕਈ ਪੁਰਾਣੇ ਯੂ. ਪੀ. ਕਾਂਗਰਸ ਦੇ ਨੇਤਾਵਾਂ ਜਿਨ੍ਹਾਂ ਨੂੰ ਯੂ. ਪੀ. ਸੀ. ਸੀ. ਵਲੋਂ ਬਾਹਰ ਕੀਤਾ ਗਿਆ ਸੀ, ਉਨ੍ਹਾਂ ਸਤੰਬਰ ਦੇ ਸ਼ੁਰੂ ਵਿਚ ਸੋਨੀਆ ਗਾਂਧੀ ਨੂੰ ਇਕ ਸਾਂਝੀ ਚਿੱਠੀ ਲਿਖੀ ਸੀ। ਇਸ ਵਿਚ ਉਨ੍ਹਾਂ ਪਰਿਵਾਰ ਲਈ ਪਿਆਰ ਤੋਂ ਉੱਪਰ ਉੱਠਣ ਅਤੇ ਆਪਸੀ ਵਿਸ਼ਵਾਸ ਕਾਇਮ ਕਰ ਕੇ, ਸੰਵਿਧਾਨਕ ਤੇ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਬਹਾਲ ਕਰ ਕੇ ਸੰਗਠਨ ਚਲਾਉਣ ਦੀ ਅਪੀਲ ਕੀਤੀ ਸੀ। ਨਾਲ ਹੀ ਅਜਿਹਾ ਨਾ ਹੋਣ 'ਤੇ ਕਿਹਾ ਸੀ ਕਿ ਕਾਂਗਰਸ ਬੀਤੇ ਸਮੇਂ ਦੀ ਗੱਲ ਬਣ ਕੇ ਰਹਿ ਜਾਵੇਗੀ।

ਇਹ ਵੀ ਪੜ੍ਹੋ :ਆਗਾਮੀ ਵਿਧਾਨ ਸਭਾ ਚੋਣਾਂ 'ਤੇ ਭਾਜਪਾ ਨੇਤਾ ਦਾ ਵੱਡਾ ਬਿਆਨ

Anuradha

This news is Content Editor Anuradha