ਕਿਸਾਨ ਅੰਦੋਲਨ : ''ਬੰਦ'' ਦੀ ਕਾਲ ਕਾਰਨ ਨਿੱਜੀ ਸਕੂਲ ਰਹਿਣਗੇ ਬੰਦ, ਪ੍ਰੀਖਿਆਵਾਂ ਵੀ ਰੱਦ

12/08/2020 10:45:02 AM

ਲੁਧਿਆਣਾ (ਵਿੱਕੀ) : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਸਬੰਧਿਤ ਕਾਨੂੰਨਾਂ ਨੂੰ ਲੈ ਕੇ ਕਿਸਾਨ ਹੁਣ ਆਰ-ਪਾਰ ਦੀ ਪੜਾਈ ਲੜਨ ਦੇ ਮੂਡ 'ਚ ਹਨ। ਦਿੱਲੀ 'ਚ ਪਿਛਲੇ 12 ਦਿਨਾਂ ਤੋਂ ਕਿਸਾਨ ਧਰਨੇ-ਪ੍ਰਦਰਸ਼ਨ ਕਰ ਰਹੇ ਹਨ। ਆਪਣੇ ਰੋਸ ਪ੍ਰਦਰਸ਼ਨ ਦੌਰਾਨ ਕਿਸਾਨਾਂ ਵੱਲੋਂ ਅੱਜ ਦੇਸ਼ ਭਰ 'ਚ ਬੰਦ ਦਾ ਸੱਦਾ ਦਿੱਤਾ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਵੱਖ-ਵੱਖ ਨਿੱਜੀ ਸਕੂਲਾਂ ਵੱਲੋਂ ਆਪਣੇ ਸਕੂਲਾਂ ਨੂੰ ਬੰਦ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਦੌਰਾਨ ਸਕੂਲਾਂ ’ਚ ਚੱਲ ਰਹੀਆਂ ਦਸੰਬਰ ਪ੍ਰੀਖਿਆਵਾਂ 'ਚ ਅੱਜ ਦੀ ਪ੍ਰੀਖਿਆ ਵੀ ਰੱਦ ਕਰ ਦਿੱਤੀ ਗਈ ਹੈ। ਉੱਥੇ ਸਰਕਾਰੀ ਸਕੂਲਾਂ 'ਚ ਵੀ ਹੋਣ ਵਾਲੀਆਂ ਪ੍ਰੀਖਿਆਵਾਂ ਸਰਕਾਰ ਵੱਲੋਂ ਰੱਦ ਕਰ ਦਿੱਤੀਆਂ ਗਈਆਂ ਹਨ।
ਅਸੀਂ ਨਹੀਂ ਚਾਹੁੰਦੇ ਕਿਸੇ ਨੂੰ ਪਰੇਸ਼ਾਨੀ ਹੋਵੇ
ਜਦ ਇਸ ਸਬੰਧ ਵਿਚ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਕੂਲ 'ਚ ਮਿਡ-ਟਰਮ ਪ੍ਰੀਖਿਆਵਾਂ ਚੱਲ ਰਹੀਆਂ ਹਨ, ਉਥੇ 9ਵੀਂ ਤੋਂ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਸਕੂਲ 'ਚ ਆਉਣ ਦੀ ਮਨਜ਼ੂਰੀ ਹੈ ਪਰ ਕਿਸਾਨ ਅੰਦੋਲਨ ਕਾਰਨ ਅੱਜ ਦੇਸ਼ ਵਿਆਪੀ ਬੰਦ ਹੋਣ ਕਾਰਨ ਉਹ ਨਹੀਂ ਚਾਹੁੰਦੇ ਕਿ ਕਿਸੇ ਵੀ ਵਿਦਿਆਰਥੀ ਜਾਂ ਸਕੂਲ ਸਟਾਫ਼ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ। ਇਸ ਲਈ ਅੱਜ ਉਨ੍ਹਾਂ ਨੇ ਸਕੂਲ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ, ਸਕੂਲ 'ਚ ਦਸੰਬਰ ਪ੍ਰੀਖਿਆਵਾਂ ਚੱਲ ਰਹੀਆਂ ਹਨ ਪਰ ਅੱਜ ਦੇ ਬੰਦ ਨੂੰ ਦੇਖਦਿਆਂ ਸਿਰਫ ਅੱਜ ਦੀ ਪ੍ਰੀਖਿਆ ਨੂੰ ਰੱਦ ਕੀਤਾ ਗਿਆ ਹੈ, ਬਾਕੀ ਪ੍ਰੀਖਿਆ ਸ਼ੈਡਿਊਲ ਪਹਿਲਾਂ ਦੀ ਤਰ੍ਹਾਂ ਹੀ ਰਹੇਗਾ। ਇਸ ਬਾਰੇ ਗੁਰੂ ਨਾਨਕ ਪਬਲਿਕ ਸਕੂਲ, ਮਾਡਲ ਟਾਊਨ ਐਕਸਟੈਂਸ਼ਨ ਦੇ ਪ੍ਰਿੰਸੀਪਲ ਮੋਨਾ ਸਿੰਘ ਦਾ ਕਹਿਣਾ ਹੈ ਕਿ ਕਿਸਾਨ ਸੰਘਰਸ਼ ਕਾਰਨ ਅੱਜ ਕਿਸਾਨ ਸੰਗਠਨਾਂ ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ਕਾਰਨ ਅਸੀਂ ਸਕੂਲ ਨੂੰ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ। ਕਿਸਾਨ ਸੰਘਰਸ਼ ਦੇ ਸਮਰਥਨ ਦੇ ਰੂਪ 'ਚ ਅੱਜ ਲੱਗਣ ਵਾਲੀ ਨਰਸਰੀ ਤੋਂ 8ਵੀਂ ਕਲਾਸ ਦੀ ਆਲਲਾਈਨ ਕਲਾਸ ਵੀ ਨਹੀਂ ਲੱਗੇਗੀ।

Babita

This news is Content Editor Babita