ਨਿੱਜੀ ਸਕੂਲਾਂ ਵਲੋਂ ਕਿਤਾਬਾਂ ਅਤੇ ਫੰਡਾਂ ਦੇ ਨਾਂ ’ਤੇ ਕੀਤੀ ਜਾ ਰਹੀ ਲੁੱਟ ਖ਼ਿਲਾਫ਼ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ

04/02/2023 6:19:31 PM

ਚੰਡੀਗੜ੍ਹ (ਰਮਨਜੀਤ ਸਿੰਘ) : ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੰਜਾਬ ਰਾਜ ਦੇ ਨਿੱਜੀ ਸਕੂਲਾਂ ਵਲੋਂ ਕਿਤਾਬ ਅਤੇ ਫੰਡਾਂ ਦੇ ਨਾਂ ’ਤੇ ਕੀਤੀ ਜਾ ਰਹੀ ਲੁੱਟ ਦਾ ਸਖ਼ਤ ਨੋਟਿਸ ਲੈਂਦਿਆਂ ਇਸ ਨੂੰ ਰੋਕਣ ਲਈ ਸਿੱਖਿਆ ਮੰਤਰੀ ਟਾਸਕ ਫੋਰਸ ਦਾ ਗਠਨ ਕੀਤਾ ਹੈ। ਸਿੱਖਿਆ ਮੰਤਰੀ ਟਾਸਕ ਫੋਰਸ ਸੂਬੇ ਦੇ ਹਰੇਕ ਜ਼ਿਲ੍ਹੇ ਵਿਚ ਬਣਾਈ ਗਈ ਹੈ, ਜਿਸ ਵਿਚ ਉਸ ਜ਼ਿਲ੍ਹੇ ਦੇ ਤਿੰਨ-ਤਿੰਨ ਪ੍ਰਿੰਸੀਪਲਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਟਾਸਕ ਫੋਰਸ ਸਿੱਖਿਆ ਮੰਤਰੀ ਨੂੰ ਪ੍ਰਾਪਤ ਸ਼ਿਕਾਇਤ ਦੀ ਜਾਂਚ ਕਰਨ ਦਾ ਕੰਮ ਕਰੇਗੀ ਅਤੇ ਆਪਣੀ ਰਿਪੋਰਟ ਰੈਗੂਲੇਟਰੀ ਅਥਾਰਟੀ ਨੂੰ ਸੌਂਪੇਗੀ।

ਇਹ ਵੀ ਪੜ੍ਹੋ : ਪੰਜਾਬ ਵਿਚ ਭਾਰੀ ਮੀਂਹ ਦੀ ਚਿਤਾਵਨੀ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਇਸ ਫੈਂਸਲੇ ਸਬੰਧੀ ਇਕ ਵੀਡੀਓ ਸੰਦੇਸ਼ ਰਾਹੀਂ ਜਾਣਕਾਰੀ ਦਿੰਦਿਆਂ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਬੀਤੇ ਕਈ ਦਿਨਾਂ ਤੋਂ ਨਿੱਜੀ ਸਕੂਲਾਂ ਵਲੋਂ ਕਿਤਾਬਾਂ/ਕਾਪੀਆਂ ਅਤੇ ਵੱਖ-ਵੱਖ ਫੰਡਾਂ ਦੇ ਨਾਂ ’ਤੇ ਮਾਪਿਆਂ ਦੀ ਲੁੱਟ ਕਰਨ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਇਸ ਸਬੰਧੀ ਕੁਝ ਦਿਨ ਪਹਿਲਾਂ ਰਾਜ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਰਾਹੀਂ ਨਿੱਜੀ ਸਕੂਲਾਂ ਨੂੰ ਇਕ ਪੱਤਰ ਜਾਰੀ ਕਰਕੇ ਸਕੂਲ ਰੈਗੂਲੇਟਰੀ ਅਥਾਰਟੀ ਵਲੋਂ ਕਿਤਾਬਾਂ/ਕਾਪੀਆਂ ਅਤੇ ਫ਼ੀਸ/ਫੰਡਾਂ ਸਬੰਧੀ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਸੀ।

ਇਹ ਵੀ ਪੜ੍ਹੋ : ਡਰਾਈਵਿੰਗ ਲਾਇਸੈਂਸ ਬਣਾਉਣ ਵਾਲਿਆਂ ਲਈ ਜ਼ਰੂਰੀ ਖ਼ਬਰ, ਪੰਜਾਬ ਸਰਕਾਰ ਨੇ ਜਾਰੀ ਕੀਤੀ ਅਹਿਮ ਜਾਣਕਾਰੀ

ਉਨ੍ਹਾਂ ਦੱਸਿਆ ਸਕੂਲਾਂ ਵਲੋਂ ਕੀਤੀ ਜਾ ਰਹੀ ਲੁੱਟ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਸ਼ਿਕਾਇਤਾਂ ਮਿਲੀਆਂ ਹਨ, ਜਿਨ੍ਹਾਂ ਦਾ ਮੁੱਖ ਮੰਤਰੀ ਨੇ ਗੰਭੀਰ ਨੋਟਿਸ ਲੈਂਦਿਆਂ ਹਦਾਇਤ ਕੀਤੀ ਕੀ ਮਹਿੰਗੇ ਪ੍ਰਕਾਸ਼ਕਾਂ ਦੀਆਂ ਕਿਤਾਬਾਂ ਲਗਾ ਕੇ ਨਿੱਜੀ ਸਕੂਲਾਂ ਵਲੋਂ ਕੀਤੀ ਜਾਂਦੀ ਲੁੱਟ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਬੈਂਸ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਬਹੁਤ ਹੈਰਾਨੀ ਹੋਈ ਹੈ ਕਿ ਨਿੱਜੀ ਸਕੂਲਾਂ ਵਲੋਂ ਇਕ ਕਲਾਸ ਦੀਆਂ ਕਿਤਾਬਾਂ ਹੀ 7000 ਰੁਪਏ ਦੀ ਵੇਚੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿਚ ਪਹਿਲੀ ਜਮਾਤ ਦੇ ਗਣਿਤ ਵਿਸ਼ੇ ਦੀ ਕਿਤਾਬ ਹੀ 600 ਰੁਪਏ ਦੀ ਹੈ। ਸਕੂਲ ਸਿੱਖਿਆ ਮੰਤਰੀ ਨੇ ਨਿੱਜੀ ਸਕੂਲਾਂ ਦੇ ਮਾਲਕਾਂ ਅਤੇ ਮੈਨੇਜਮੈਂਟਾਂ ਨੂੰ ਹਦਾਇਤ ਕੀਤੀ ਕਿ ਉਹ ਸਕੂਲਾਂ ਵਿਚ ਸਿਰਫ਼ ਐੱਨ. ਸੀ. ਈ. ਆਰ. ਟੀ. ਦੀਆਂ ਹੀ ਕਿਤਾਬਾਂ ਲਗਾਉਣ। ਬੈਂਸ ਨੇ ਕਿਹਾ ਕਿ ਨਿਯਮਾਂ ਅਨੁਸਾਰ ਛੋਟੇ ਸ਼ਹਿਰਾਂ ਵਿਚ ਸਥਿਤ ਸਕੂਲ ਨੂੰ ਤਿੰਨ ਤੋਂ ਪੰਜ ਦੁਕਾਨਾਂ ਦੇ ਨਾਂ ਸਕੂਲ ਦੇ ਬਾਹਰ ਲਿਖ ਕੇ ਲਗਾਉਣੇ ਹੁੰਦੇ ਹਨ ਅਤੇ ਵੱਡੇ ਸ਼ਹਿਰਾਂ, ਜਿਵੇਂ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਆਦਿ ਵਿਚ ਵੀ 20-20 ਦੁਕਾਨਾਂ ਦੀ ਲਿਸਟ ਸਕੂਲ ਬਾਹਰ ਲਗਾਉਣੀ ਹੁੰਦੀ ਹੈ, ਜਿੱਥੋਂ ਵਿਦਿਆਰਥੀ ਕਿਤਾਬਾਂ ਖਰੀਦ ਸਕਣ।

ਇਹ ਵੀ ਪੜ੍ਹੋ : ਪ੍ਰਾਈਵੇਟ ਸਕੂਲਾਂ ਦੀ ਮਨਮਰਜ਼ੀ ਖ਼ਿਲਾਫ਼ ਪੰਜਾਬ ਸਰਕਾਰ ਦਾ ਵੱਡਾ ਕਦਮ, ਜਾਰੀ ਕੀਤਾ ਸਖ਼ਤ ਫ਼ਰਮਾਨ

ਉਨ੍ਹਾਂ ਇਸ ਮੌਕੇ ਈ . ਐੱਮ. ਆਫ਼ਿਸ. ਪੰਜਾਬ ਜੀਮੇਲਡਾਟਕਾਮ ਈਮੇਲ ਵੀ ਜਾਰੀ ਕੀਤੀ, ਜਿਸ ਰਾਹੀਂ ਵਿਦਿਆਰਥੀ ਅਤੇ ਮਾਪੇ ਨਿੱਜੀ ਸਕੂਲਾਂ ਵਲੋਂ ਕੀਤੀ ਜਾ ਰਹੀ ਲੁੱਟ ਦੀ ਸ਼ਿਕਾਇਤ ਸਿੱਧੇ ਤੌਰ ’ਤੇ ਸਿੱਖਿਆ ਮੰਤਰੀ ਨੂੰ ਕਰ ਸਕਦੇ ਹਨ। ਉਨ੍ਹਾਂ ਨੇ ਸਮੂਹ ਨਿੱਜੀ ਸਕੂਲਾਂ ਦੇ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਕਿ ਉਹ 30 ਅਪ੍ਰੈਲ, 2023 ਤੱਕ ਨਿਯਮਾਂ ਅਨੁਸਾਰ ਸਕੂਲ ਵਲੋਂ ਕੀਤੇ ਗਏ ਫੀਸ/ਫੰਡਾਂ ਦੇ ਵਾਧੇ, ਸਕੂਲ ਦੇ ਇਨਫ੍ਰਾਸਟ੍ਰਕਚਰ ਸਬੰਧੀ ਜਾਣਕਾਰੀ ਭਰ ਕੇ ਜਮ੍ਹਾ ਕਰਵਾਉਣ। ਉਨ੍ਹਾਂ ਇਹ ਵੀ ਕਿਹਾ ਨਿੱਜੀ ਸਕੂਲਾਂ ਵਲੋਂ ਜਮ੍ਹਾ ਕਰਵਾਈ ਗਈ ਜਾਣਕਾਰੀ ਸਬੰਧੀ ਅਚਨਚੇਤੀ ਚੈਕਿੰਗ ਦੀ ਜਾਂਚ ਵੀ ਕਰਵਾਈ ਜਾਵੇਗੀ। 

ਇਹ ਵੀ ਪੜ੍ਹੋ : ਧਰੀਆਂ-ਧਰਾਈਆਂ ਰਹਿ ਗਈਆਂ ਵਿਆਹ ਦੀਆਂ ਤਿਆਰੀਆਂ, ਪੁਲਸ ਨੇ ਲਾੜਾ ਪਰਿਵਾਰ ਕੀਤਾ ਗ੍ਰਿਫ਼ਤਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

Gurminder Singh

This news is Content Editor Gurminder Singh