ਕੇਂਦਰੀ ਜੇਲ ''ਚ ਮੋਬਾਇਲ ਦੇ ਇਸਤੇਮਾਲ ਨੂੰ ਲੈ ਕੇ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਰਹਿੰਦੇ ਹਨ ਕੈਦੀ

10/01/2017 6:45:16 AM

ਕਪੂਰਥਲਾ, (ਭੂਸ਼ਣ)- ਬੀਤੇ ਦਿਨੀਂ ਕਪੂਰਥਲਾ ਪੁਲਸ ਵੱਲੋਂ ਕੇਂਦਰੀ ਜੇਲ ਕੰੰਪਲੈਕਸ 'ਚ ਕੀਤੀ ਗਈ ਅਚਾਨਕ ਚੈਕਿੰਗ ਦੇ ਦੌਰਾਨ ਜੇਲ ਕੰੰਪਲੈਕਸ ਦੇ ਅੰਦਰ ਮੋਬਾਇਲ ਫੋਨ ਦੇ ਸਿਸਟਮ ਨੂੰ ਜਾਮ ਕਰਨ ਲਈ ਲਾਏ ਗਏ ਜੈਮਰ ਦੀ ਤੋੜਫ਼ੋੜ ਨੂੰ ਲੈ ਕੇ ਹੋਏ ਖੁਲਾਸਿਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜੇਲ ਕੰੰਪਲੈਕਸ ਦੇ ਅੰਦਰ ਬੰਦ ਕਈ ਖਤਰਨਾਕ ਕੈਦੀ ਇਸ ਕਦਰ ਮੋਬਾਇਲ ਫੋਨ ਦੇ ਇਸਤੇਮਾਲ ਨੂੰ ਲੈ ਕੇ ਤਿਆਰ ਰਹਿੰਦੇ ਹਨ ਕਿ ਉਨ੍ਹਾਂ ਲਈ ਸਰਕਾਰੀ ਸੰਪਤੀ ਦਾ ਨੁਕਸਾਨ ਵੀ ਕੋਈ ਮਾਇਨੇ ਨਹੀਂ ਰੱਖਦਾ। ਕਪੂਰਥਲਾ ਪੁਲਸ ਅਤੇ ਜੇਲ ਪ੍ਰਸ਼ਾਸਨ ਵੱਲੋਂ ਲਗਾਤਾਰ ਚੈਕਿੰਗ ਦੇ ਬਾਵਜੂਦ ਵੀ ਜੇਲ ਤੋਂ ਮੋਬਾਇਲ ਮਿਲਣਾ ਕਈ ਅਹਿਮ ਸਵਾਲ ਖੜ੍ਹੇ ਕਰਦਾ ਹੈ।  
ਬੀਤੇ ਦਿਨੀਂ ਅਚਾਨਕ ਚੈਕਿੰਗ ਦੇ ਦੌਰਾਨ ਹੋਇਆ ਸੀ ਜੈਮਰ ਨੂੰ ਨੁਕਸਾਨ 
ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ 'ਚ ਬੰਦ ਕਈ ਗੈਂਗਸਟਰਾਂ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਕਪੂਰਥਲਾ ਪੁਲਸ ਦੀ ਵਿਸ਼ੇਸ਼ ਟੀਮ ਨੇ ਜਦੋਂ ਗੈਂਗਸਟਰਾਂ ਲਈ ਬਣਾਈ ਗਈ ਵਿਸ਼ੇਸ਼ ਚੱਕੀਆਂ ਦੀ ਚੈਕਿੰਗ ਕੀਤੀ ਤਾਂ ਚੈਕਿੰਗ ਦੇ ਦੌਰਾਨ ਕਈ ਮੋਬਾਇਲ ਫੋਨ ਬਰਾਮਦ ਹੋਏ ਸਨ, ਜਿਸਦੇ ਦੌਰਾਨ ਪੁਲਸ ਨੇ ਕੁੱਝ ਗੈਂਗਸਟਰਾਂ ਦੇ ਖਿਲਾਫ ਥਾਣਾ ਕੋਤਵਾਲੀ 'ਚ ਮਾਮਲਾ ਵੀ ਦਰਜ ਕੀਤਾ ਸੀ। ਜਾਂਚ ਦੇ ਦੌਰਾਨ ਇਹ ਵੀ ਖੁਲਾਸਾ ਹੋਇਆ ਸੀ ਕਿ ਇਸ ਆਧੁਨਿਕ ਜੇਲ 'ਚ ਗੈਂਗਸਟਰਾਂ ਵਲੋਂ ਮੋਬਾਇਲ ਦੇ ਇਸਤੇਮਾਲ ਨੂੰ ਰੋਕਣ ਲਈ ਲਾਏ ਗਏ ਜੈਮਰ ਨੂੰ ਨੁਕਸਾਨ ਪਹੁੰਚਾਉਣ ਦਾ ਖੁਲਾਸਾ ਹੋਇਆ ਸੀ, ਜਿਸਦੇ ਕਾਰਨ ਹੀ ਜੈਮਰ ਲੱਗਣ ਦੇ ਬਾਵਜੂਦ ਜੇਲ ਕੰੰਪਲੈਕਸ ਦੇ ਵੱਡੇ ਹਿੱਸੇ 'ਚ ਮੋਬਾਇਲ ਨੈੱਟਵਰਕ ਚਲਣ ਨਾਲ ਕਈ ਕੈਦੀਆਂ ਦਾ ਬਾਹਰੀ ਦੁਨੀਆ ਨਾਲ ਸੰਪਰਕ ਹਾਲੇ ਵੀ ਜਾਰੀ ਹੈ। ਅਜਿਹੇ ਕੈਦੀਆਂ 'ਚ ਕਈ ਵੱਡੇ ਗੈਂਗਸਟਰ ਵੀ ਸ਼ਾਮਲ ਹਨ। ਦੱਸਿਆ ਜਾਂਦਾ ਹੈ ਕਿ ਇਨ੍ਹਾਂ 'ਚੋਂ ਕੁੱਝ ਗੈਂਗਸਟਰ ਤਾਂ ਮੋਬਾਇਲ ਫੋਨ ਦੀ ਮਦਦ ਨਾਲ ਹੀ ਆਪਣੇ ਬਾਹਰੀ ਦੁਨੀਆ 'ਚ ਘੁੰਮ ਰਹੇ ਸਾਥੀਆਂ ਨਾਲ ਸੰਪਰਕ ਕਰ ਰਹੇ ਹਨ।   
ਕਈ ਕੈਦੀ ਕਾਲ ਤੋਂ ਕਈ ਗੁਣਾ ਜ਼ਿਆਦਾ ਕੀਮਤ ਵਸੂਲ ਕਰ ਕਰਵਾਉਂਦੇ ਹਨ ਗੱਲ
ਕੇਂਦਰੀ ਜੇਲ 'ਚ ਕਈ ਅਜਿਹੇ ਕੈਦੀ ਵੀ ਬੰਦ ਹਨ, ਜੋ ਆਪਣੇ ਮੋਬਾਇਲ ਫੋਨ ਤੋਂ ਉਨ੍ਹਾਂ ਕੈਦੀਆਂ ਅਤੇ ਹਵਾਲਾਤੀਆਂ ਦੀ ਬਾਹਰੀ ਦੁਨੀਆ ਜਾਂ ਆਪਣੇ ਰਿਸ਼ਤੇਦਾਰਾਂ ਨਾਲ ਕਾਲ ਦੀ ਮੂਲ ਕੀਮਤ ਤੋਂ ਕਈ ਗੁਣਾ ਜ਼ਿਆਦਾ ਰਕਮ ਵਸੂਲ ਕੇ ਗੱਲ ਕਰਵਾ ਦਿੰਦੇ ਹਨ, ਜਿਨ੍ਹਾਂ ਦੇ ਕੋਲ ਮੋਬਾਇਲ ਫੋਨ ਨਹੀਂ ਹੁੰਦਾ। ਦੱਸਿਆ ਜਾਂਦਾ ਹੈ ਕਿ ਅਜਿਹੇ ਕੈਦੀਆਂ ਦੇ ਸਿਮ ਕਾਰਡ ਵੀ ਉਨ੍ਹਾਂ ਦੇ ਬਾਹਰ ਬੈਠੇ ਰਿਸ਼ਤੇਦਾਰ ਜਾਂ ਦੋਸਤ ਪੈਸੇ ਪਵਾ ਦਿੰਦੇ ਹਨ, ਜਿਸ ਦੀ ਮਦਦ ਨਾਲ ਉਹ ਮੋਟੀ ਰਕਮ ਕਮਾਉਂਦੇ ਹਨ। ਅਜਿਹੇ ਕੈਦੀ ਕਈ ਖਤਰਨਾਕ ਮਾਮਲਿਆਂ 'ਚ ਬੰਦ ਹਨ , ਜੋ ਪੁਲਸ ਅਤੇ ਜੇਲ ਪ੍ਰਸ਼ਾਸਨ ਵਲੋਂ ਸਰਚ ਮੁਹਿੰਮ ਦੇ ਦੌਰਾਨ ਆਪਣੇ ਮੋਬਾਇਲ ਫੋਨ ਨੂੰ ਗੁਪਤ ਸਥਾਨ 'ਤੇ ਲੁਕਾ ਦਿੰਦੇ ਹਨ। ਹੁਣ ਜੇਲ ਪ੍ਰਸ਼ਾਸਨ ਨੂੰ ਅਜਿਹੇ ਕੈਦੀਆਂ 'ਤੇ ਨਜ਼ਰ ਰੱਖਣ ਲਈ ਆਪਣੀ ਰਣਨੀਤੀ ਬਦਲਣੀ ਹੋਵੇਗੀ ।