ਬਰਨਾਲਾ : ਜੇਲ ''ਚ ਭਿੜੇ ਕੈਦੀ, ਚੱਲੇ ਹਥਿਆਰ

04/16/2018 7:13:13 PM

ਬਰਨਾਲਾ (ਵਿਵੇਕ ਸਿੰਧਵਾਨੀ,ਰਵੀ) : ਬਰਨਾਲਾ ਜ਼ਿਲਾ ਜੇਲ ਵਿਚ ਦੋ ਹਵਾਲਾਤੀ ਆਪਸ ਵਿਚ ਭਿੜ ਗਏ। ਦੋਵੇਂ ਹਵਾਲਾਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਵਿਚ ਭਰਤੀ ਕਰਵਾਇਆ ਗਿਆ ਹੈ। ਅੱਜ ਦੀ ਹੋਈ ਲੜਾਈ ਕਾਰਨ ਜੇਲ ਦੀ ਸਰੁੱਖਿਆ 'ਤੇ ਵੀ ਕਈ ਸਵਾਲ ਖੜ੍ਹੇ ਹੋ ਗਏ ਹਨ ਕਿ ਤਕੜੇ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਵੀ ਜੇਲ ਵਿਚ ਹਵਾਲਾਤੀਆਂ ਕੋਲ ਹਥਿਆਰ ਕਿਵੇਂ ਪੁੱਜ ਗਏ। ਜਿਸ ਸਮੇਂ ਦੋਵੇਂ ਹਵਾਲਾਤੀ ਹਸਪਤਾਲ ਵਿਚ ਆਪਣਾ ਇਲਾਜ ਕਰਵਾ ਰਹੇ ਸਨ ਤਾਂ ਉਨ੍ਹਾਂ ਦੇ ਹੱਥਾਂ ਵਿਚ ਹਥਕੜੀ ਲੱਗੀ ਹੋਈ ਸੀ।  
ਦੋਵੇਂ ਹਵਾਲਾਤੀਆਂ ਨੇ ਇਕ ਦੂਸਰੇ ਤੇ ਲਗਾਏ ਹਮਲਾ ਕਰਨ ਦੇ ਦੋਸ਼
ਸਿਵਲ ਹਸਪਤਾਲ ਵਿਚ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਹਵਾਲਾਤੀ ਦਵਿੰਦਰ ਸਿੰਘ ਨੇ ਕਿਹਾ ਕਿ ਮੇਰੇ ਉਪਰ ਬਲਪ੍ਰੀਤ ਸਿੰਘ ਨਾਮ ਦੇ ਹਵਾਲਾਤੀ ਨੇ ਸੱਬਲ ਨਾਲ ਹਮਲਾ ਕਰ ਦਿੱਤਾ। ਜਿਸ ਵੇਲੇ ਮੇਰੇ 'ਤੇ ਹਮਲਾ ਕੀਤਾ ਗਿਆ ਉਸ ਵੇਲੇ ਮੈਂ ਜੇਲ ਦੀ ਚੱਕੀ ਕੋਲ ਮੌਜੂਦ ਸੀ। ਸੱਬਲਾਂ ਨਾਲ ਮਾਰ-ਮਾਰ ਕੇ ਉਸਨੇ ਮੈਨੂੰ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ। ਬਲਪ੍ਰੀਤ ਸਿੰਘ ਪਹਿਲਾਂ ਵੀ ਜੇਲ ਵਿਚ ਹੋਰ ਕੈਦੀਆਂ ਨਾਲ ਲੜ ਚੁੱਕਾ ਹੈ। ਦੂਸਰੇ ਪਾਸੇ ਹਵਾਲਾਤੀ ਬਲਪ੍ਰੀਤ ਸਿੰਘ ਨੇ ਕਿਹਾ ਕਿ ਦਵਿੰਦਰ ਸਿੰਘ ਨੇ ਮੇਰੇ ਉਤੇ ਸਰੀਏ ਨਾਲ ਹਮਲਾ ਕੀਤਾ ਸੀ। ਮੈਂ ਆਪਣੇ ਬਚਾਅ ਲਈ ਆਪਣਾ ਹੱਥ ਅੱਗੇ ਕੀਤਾ ਤਾਂ ਸਰੀਆ ਮੇਰੀ ਉਂਗਲ ਤੇ ਆ ਵੱਜਾ।
ਮਹਿੰਗੇ ਭਾਅ ਵਿਚ ਮਿਲਦਾ ਹੈ ਜੇਲ ਵਿਚ ਨਸ਼ਾ
ਜਦੋਂ ਹਵਾਲਾਤੀ ਦਵਿੰਦਰ ਸਿੰਘ ਤੋਂ ਪੁੱਛਿਆ ਗਿਆ ਕਿ ਜੇਲ ਵਿਚ ਹਥਿਆਰ ਕਿਥੋਂ ਆ ਗਏ ਤਾਂ ਉਸਨੇ ਕਿਹਾ ਕਿ ਹਥਿਆਰਾਂ ਦੀ ਗੱਲ ਤਾਂ ਛੱਡੋ ਪੈਸੇ ਨਾਲ ਜੇਲ ਵਿਚ ਹਰ ਚੀਜ਼ ਮੁਹੱਈਆ ਹੋ ਜਾਂਦੀ ਹੈ। ਨਸ਼ੇ ਦੀ ਇਕ ਗੋਲੀ ਜੇਲ ਵਿਚ 500 ਰੁਪਏ ਦੀ ਮਿਲਦੀ ਹੈ। ਇਸੇ ਤਰ੍ਹਾਂ ਨਾਲ ਜਰਦੇ ਦੀ ਪੁੜੀ ਵੀ 500 ਰੁਪਏ ਦੀ ਮਿਲਦੀ ਹੈ। ਅਫੀਮ ਭੁੱਕੀ ਵੀ ਜੇਲ ਵਿਚ ਹੀ ਉਪਲੱਬਧ ਹੋ ਜਾਂਦੀ ਹੈ। ਜਦੋਂ ਇਸ ਸਬੰਧੀ ਦੂਸਰੇ ਹਵਾਲਾਤੀ ਬਲਪ੍ਰੀਤ ਸਿੰਘ ਤੋਂ ਪੁੱਛਿਆ ਗਿਆ ਤਾਂ ਉਸਨੇ ਕਿਹਾ ਮਿਲ ਤਾਂ ਸਾਰਾ ਕੁਝ ਜਾਂਦਾ ਹੈ ਪਰ ਮੈਂ ਨਸ਼ਾ ਨਹੀਂ ਕਰਦਾ। ਇਸ ਲਈ ਮੈਨੂੰ ਗੋਲੀਆਂ ਲੈਣ ਦੀ ਲੋੜ ਨਹੀਂ ਪੈਂਦੀ।
ਕੀ ਕਹਿਣਾ ਹੈ ਜੇਲ ਸੁਪਰਡੈਂਟ
ਜਦੋਂ ਇਸ ਸਬੰਧੀ ਜੇਲ ਸੁਪਰਡੈਂਟ ਗੁਰਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅੱਜ ਮੈਂ ਛੁੱਟੀ 'ਤੇ ਹਾਂ ਇਸ ਲਈ ਮੈਂ ਘਟਨਾ ਸਬੰਧੀ ਕੁਝ ਨਹੀਂ ਕਹਿ ਸਕਦਾ। ਛੁੱਟੀ ਮਗਰੋਂ ਆਉਣ ਤੋਂ ਬਾਅਦ ਮੈਂ ਇਸ ਘਟਨਾ ਦੀ ਜਾਂਚ ਕਰਾਂਗਾ। ਜਦੋਂ ਉਨ੍ਹਾਂ ਤੋਂ ਜੇਲ ਵਿਚ ਨਸ਼ਾ ਵਿਕਣ ਸਬੰਧੀ ਪੁੱਛਿਆ ਤਾਂ ਉਹ ਇਸ ਗੱਲ ਦਾ ਕੋਈ ਢੁੱਕਵਾਂ ਜਵਾਬ ਨਹੀਂ ਦੇ ਸਕੇ।