ਮੋਦੀ ਤੋਂ ਪਹਿਲਾਂ ਬਾਦਲ ਵੀ ਚੋਣਾਂ ਦੌਰਾਨ ਵਰਕਰਾਂ ਨੂੰ ਕਰ ਚੁੱਕੇ ਹਨ ਫੋਨ ਕਾਲਜ਼

10/28/2017 12:53:50 PM

ਬਠਿੰਡਾ (ਪਰਮਿੰਦਰ) — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਗੁਜਰਾਤ ਦੇ ਇਕ ਪਾਰਟੀ ਵਰਕਰ ਨੂੰ ਫੋਨ ਕਰਕੇ ਦੀਵਾਲੀ ਦੀ ਵਧਾਈ ਦੇਣ ਦੀ ਇਕ ਆਡੀਓ ਰਿਕਾਡਿੰਗ ਵਾਇਰਲ ਹੋ ਰਹੀ ਹੈ, ਜਿਸ ਨੇ ਪੰਜਾਬ 'ਚ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵਾਇਰਲ ਹੋਈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਇਕ ਵਰਕਰ ਦੀ ਆਡੀਓ-ਰਿਕਾਡਿੰਗ ਦੀ ਯਾਦ ਦਿਵਾ ਦਿੱਤੀ।
ਦੋਨਾਂ ਆਗੂਆਂ ਦਾ ਚੋਣਾਂ ਤੋਂ ਐਨ ਪਹਿਲਾਂ ਇਸ ਤਰ੍ਹਾਂ ਵਰਕਰਾਂ ਨੂੰ ਫੋਨ ਕਰਕੇ ਗੱਲਬਾਤ ਕਰਨਾ ਤੇ ਦੋਨਾਂ ਦੀਆਂ ਫੋਨ ਕਾਲਜ਼ ਦੀ ਰਿਕਾਡਿੰਗ ਦਾ ਵਾਇਰਲ ਹੋਣਾ ਇਕ ਇਤਫਾਕ ਹੀ ਮੰਨਿਆ ਜਾ ਰਿਹਾ ਹੈ। ਇਹ ਗੱਲ ਵੱਖ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੀਵਾਲੀ ਦੀ ਵਧਾਈ ਦੇਣ ਲਈ ਇਕ ਪਾਰਟੀ ਵਰਕਰ ਨੂੰ ਫੋਨ ਕੀਤਾ ਸੀ ਪਰ ਦੋਨਾਂ ਵਿਚਾਲੇ ਜ਼ਿਆਦਾਤਰ ਗੱਲਬਾਤ ਗੁਜਰਾਤ ਦੀ ਸਿਆਸਤ ਨਾਲ ਸੰਬੰਧਿਤ ਹੀ ਹੋਈ।
ਪ੍ਰਧਾਨ ਮੰਤਰੀ ਨੇ ਗੁਜਰਾਤ 'ਚ ਹੋਣ ਵਾਲੀਆਂ ਚੋਣਾਂ ਨੂੰ ਦੇਖਦੇ ਹੋਏ ਸੰਬੰਧਿਤ ਵਰਕਰ 'ਚ ਜੋਸ਼ ਭਰਨ ਦੀ ਕੋਸ਼ਿਸ਼ ਕੀਤੀ। ਅਜਿਹੇ 'ਚ ਉਕਤ ਫੋਨ ਕਾਲ ਨੂੰ ਦੀਵਾਲੀ ਦੀ ਵਧਾਈ ਦੇ ਨਾਲ-ਨਾਲ ਚੋਣ ਰਣਨੀਤੀ ਦੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ ਕਿਉਂਕਿ ਉਕਤ ਕਾਲ ਵੀ ਗੁਜਰਾਤ ਚੋਣ ਤੋਂ ਐਨ ਪਹਿਲਾਂ ਹੀ ਕੀਤੀ ਗਈ ਹੈ ਦੂਜੇ ਪਾਸੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ 2017 ਵੋਟਾਂ ਤੋਂ ਐਨ ਪਹਿਲਾਂ ਅਕਾਲੀ-ਭਾਜਪਾ ਸਰਕਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਵਰਕਰਾਂ ਦਾ ਸਮਰਥਨ ਹਾਂਸਲ ਕਰਨ ਲਈ ਫੋਨ ਕਾਲਜ਼ ਕੀਤੀਆਂ ਗਈਆਂ ਸਨ।