ਪ੍ਰਾਇਮਰੀ ਅਧਿਆਪਕ 9ਵੇਂ ਦਿਨ ਵੀ ਭੁੱਖ ਹੜਤਾਲ ''ਤੇ

02/27/2018 7:11:38 AM

ਫਗਵਾੜਾ, (ਰੁਪਿੰਦਰ ਕੌਰ)- ਬਲਾਕ ਫਗਵਾੜਾ ਦੇ ਸਮੂਹ ਪ੍ਰਾਇਮਰੀ ਅਧਿਆਪਕਾਂ ਦੀਆਂ ਮੰਗਾਂ ਵੱਲ ਵਿਭਾਗ ਵੱਲੋਂ ਲਗਾਤਾਰ ਅਣਦੇਖੀ ਕਾਰਨ ਅਧਿਆਪਕਾਂ ਦੀ ਭੁੱਖ ਹੜਤਾਲ ਨੌਵੇਂ ਦਿਨ ਵੀ ਜਾਰੀ ਰਹੀ । ਜਿਸ 'ਚ ਪਰਮਿੰਦਰ ਪਾਲ ਕੌਰ, ਰੇਨੂੰ ਡੱਡਵਾਲ, ਗੁਰਪ੍ਰੀਤ ਕੌਰ, ਕਿਰਨ ਸ਼ਰਮਾ, ਪਰਮਜੀਤ ਕੌਰ ਭੁੱਖ ਹੜਤਾਲ 'ਤੇ ਬੈਠੇ ਰਹੇ । 
ਆਪਣੀਆਂ ਮੰਗਾਂ ਦੀ ਸੁਣਵਾਈ ਨਾ ਹੁੰਦੀ ਵੇਖ ਕੇ ਅਧਿਆਪਕ ਵਰਗ ਤਿੱਖਾ ਸੰਘਰਸ਼ ਕਰਨ ਦੇ ਰੌਂਅ 'ਚ ਹੈ । ਅਧਿਆਪਕ ਵਰਗ ਦੀਆਂ ਮੁੱਖ ਮੰਗਾਂ ਜਿਨ੍ਹਾਂ 'ਚ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਤਨਖਾਹਾਂ ਦਾ ਨਾ ਮਿਲਣਾ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਵਾਉਣਾ, ਬ੍ਰਿਜ ਕੋਰਸ ਪੱਤਰ ਵਾਪਸ ਕਰਵਾਉਣਾ, ਇਮਤਿਹਾਨਾਂ ਦੇ ਦਿਨਾਂ 'ਚ ਜ਼ਿਲਾ ਸਿੱਖਿਆ ਅਫਸਰਾਂ ਵੱਲੋਂ ਅਧਿਆਪਕਾਂ ਦੀਆਂ ਆਰਜ਼ੀ ਐਡਜਸਟਮੈਂਟਾਂ ਬੰਦ ਕਰਵਾਉਣਾ, ਸਕੂਲਾਂ 'ਚ ਬਿਜਲੀ ਦੇ ਬਿੱਲਾਂ ਤੇ ਸਫਾਈ ਸੇਵਕਾਂ ਦਾ ਢੁੱਕਵਾਂ ਹੱਲ ਕਰਵਾਉਣਾ, ਬੀ. ਐੱਲ. ਓ. ਡਿਊਟੀਆਂ ਦਾ ਕੰਮ ਪਹਿਲਾਂ ਦੀ ਤਰ੍ਹਾਂ ਦੂਸਰੇ ਵਿਭਾਗਾਂ ਤੋਂ ਕਰਵਾਉਣਾ ਆਦਿ ਹੈ । ਅੱਜ ਜ਼ਿਲਾ ਸਿੱਖਿਆ ਅਫਸਰ (ਐਲੀਮੈਂਟਰੀ) ਕਪੂਰਥਲਾ ਗੁਰਚਰਨ ਸਿੰਘ ਵੀ ਭੁੱਖ ਹੜਤਾਲ 'ਤੇ ਪਹੁੰਚੇ ਤੇ ਮੰਗ ਪੱਤਰ ਪ੍ਰਾਪਤ ਕੀਤਾ ਤੇ ਹਰ ਸਭੰਵ ਯੋਗ ਕਾਰਵਾਈ ਕਰਨ ਦਾ ਵਚਨ ਦਿੱਤਾ ।
ਅਧਿਆਪਕਾਂ ਦਾ ਕਹਿਣਾ ਹੈ ਕਿ ਮਿਡ-ਡੇ ਮੀਲ ਦੀ ਕੁਕਿੰਗ ਕਾਸਟ ਦੀ ਰਾਸ਼ੀ ਵੀ ਹੁਣ ਮਾਈਨਸ ਹੋ ਗਈ ਹੈ, ਜੇਕਰ 28 ਫਰਵਰੀ ਤਕ ਤਨਖਾਹਾਂ ਤੇ ਕੁਕਿੰਗ ਕਾਸਟ ਦੀ ਰਾਸ਼ੀ ਐਡਵਾਂਸ 'ਚ ਜਾਰੀ ਨਹੀਂ ਹੁੰਦੀ ਹੈ ਤਾਂ ਮਿਤੀ 1 ਮਾਰਚ ਤੋਂ ਸਮੂਹ ਸਕੂਲਾਂ 'ਚ ਮਿਡ-ਡੇ ਮੀਲ ਵੀ ਬੰਦ ਕਰ ਦਿੱਤਾ ਜਾਵੇਗਾ । ਇਸ ਤੋਂ ਇਲਾਵਾ ਸਥਾਨਕ ਪ੍ਰਸ਼ਾਸਨ ਨੂੰ ਨੀਂਦ ਤੋਂ ਜਗਾਉਣ ਲਈ ਮਿਤੀ 28 ਫਰਵਰੀ ਨੂੰ ਰੋਸ ਮਾਰਚ ਕਰਨ ਉਪਰੰਤ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਜਾਵੇਗਾ ਤੇ ਨਾਲ ਹੀ ਭੁੱਖ ਹੜਤਾਲ ਤੇ ਧਰਨਾ ਜਾਰੀ ਰਹੇਗਾ । 
ਇਸ ਮੌਕੇ ਸਤਨਾਮ ਗਿੱਲ, ਦਲਜੀਤ ਸੈਣੀ, ਅਜੈ ਕੁਮਾਰ, ਜਗਦੀਸ਼ ਸਿੰਘ, ਗੌਰਵ ਰਾਠੌਰ, ਜਸਵੀਰ ਸੈਣੀ, ਪਰਮਜੀਤ ਚੌਹਾਨ, ਸਤਨਾਮ ਸਿੰਘ, ਸਤਵੰਤ ਟੂਰਾ, ਸਾਧੂ ਸਿੰਘ ਜੱਸਲ, ਹੰਸ ਰਾਜ ਬੰਗੜ, ਗੁਰਮੁੱਖ ਲੋਕਪ੍ਰੇਮੀ, ਹਰਮੇਸ਼ ਪਾਠਕ, ਕੁਲਦੀਪ ਕੌੜਾ, ਪ੍ਰੇਮ ਖਲਵਾੜਾ, ਵਿਕਾਸਦੀਪ, ਹਰਜਿੰਦਰ, ਕੁਲਵਿੰਦਰ ਕੌਰ ਆਦਿ ਹਾਜ਼ਰ ਸਨ ।