ਕਿਤਾਬਾਂ ਦੀ ਅਣਹੋਂਦ ਨਾਲ ਜੂਝ ਰਹੇ ਨੇ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀ

05/03/2018 7:01:36 AM

ਕਪੂਰਥਲਾ/ਸੁਲਤਾਨਪੁਰਲੋਧੀ, (ਮੱਲ੍ਹੀ/ਧੀਰ)— ਸਰਕਾਰੀ ਸਕੂਲਾਂ 'ਚ ਪੜ੍ਹਾਈ ਦਾ ਪੱਧਰ ਉੱਚਾ ਚੁੱਕਣ ਲਈ ਸਮੇਂ ਦੀ ਸਰਕਾਰ ਤੇ ਸਿੱਖਿਆ ਸਕੱਤਰ ਪੰਜਾਬ ਵੱਡੇ-ਵੱਡੇ ਡਰੀਮ ਪ੍ਰੋਜੈਕਟ ਸ਼ੁਰੂ ਕਰਨ ਦੇ ਦਮਗਜ਼ੇ ਮਾਰਦੇ ਨਾ ਥੱਕਦੇ ਹੋਣ ਪਰ ਤ੍ਰਾਸਦੀ ਇਹ ਹੈ ਕਿ ਵਿਦਿਅਕ ਸੈਸ਼ਨ 2018-19 ਸ਼ੁਰੂ ਹੋਏ ਨੂੰ ਇਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ, ਦੇ ਬਾਵਜੂਦ ਅੱਜ ਤਕ ਪ੍ਰਾਇਮਰੀ ਸਕੂਲਾਂ 'ਚ ਪੜ੍ਹਦੇ ਪਹਿਲੀ ਤੋਂ 5ਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਨੂੰ ਪੂਰੇ ਵਿਸ਼ਿਆਂ (ਖਾਸ ਕਰ ਕੇ ਮੁੱਖ ਵਿਸ਼ਿਆਂ) ਦੀਆਂ ਕਿਤਾਬਾਂ ਨਹੀਂ ਮਿਲੀਆਂ।ਕਿਤਾਬਾਂ ਦੀ ਅਣਹੋਂਦ ਨਾਲ ਜੂਝ ਰਹੇ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀ, ਅਧਿਆਪਕ ਤੇ ਮਾਪੇ ਬੱਚਿਆਂ ਦੀ ਪੜ੍ਹਾਈ ਦੇ ਹੋਰ ਨੁਕਸਾਨ ਤੋਂ ਚਿੰਤਤ ਹਨ। ਦੂਸਰੇ ਪਾਸੇ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੁੱਖ ਵਿਸ਼ਿਆਂ ਦੀਆਂ ਕਿਤਾਬਾਂ ਸਮੇਂ-ਸਿਰ ਮੁਹੱਈਆ ਕਰਾਉਣ ਦੀ ਥਾਂ ਸਮੇਂ ਦੀ ਸੂਬਾ ਸਰਕਾਰ, ਸਿੱਖਿਆ ਵਿਭਾਗ ਦੀ ਅਗਵਾਈ ਕਰ ਰਹੇ ਸਿੱਖਿਆ ਸਕੱਤਰ ਤੇ ਪੰਜਾਬ ਭਰ ਦੇ ਪ੍ਰਾਇਮਰੀ ਅਧਿਆਪਕ ਗੈਰ ਵਿਦਿਅਕ ਕੰਮਾਂ, ਪੜ੍ਹੋ ਪੰਜਾਬ ਪ੍ਰੋਜੈਕਟ ਨੇ ਨਵੀਂ ਤਬਾਦਲਾ ਨੀਤੀ ਨੂੰ ਲੈ ਕੇ ਆਪਸ 'ਚ ਉਲਝੇ ਪਏ ਹਨ ਤੇ ਸਥਿਤੀ ਤਣਾਅ ਪੂਰਨ ਬਣੀ ਹੋਈ ਹੈ।
ਕਿਹੜੇ ਵਿਸ਼ਿਆਂ ਦੀਆਂ ਨਹੀਂ ਮਿਲੀਆਂ ਕਿਤਾਬਾਂ 
ਵਿੱਦਿਅਕ ਸੈਸ਼ਨ 2018-19 ਦੌਰਾਨ ਪੰਜਾਬ ਸਰਕਾਰ ਵਲੋਂ ਪ੍ਰਾਇਮਰੀ  ਸਕੂਲਾਂ 'ਚ ਪੜ੍ਹਦੇ ਵਿਦਿਆਰਥੀਆਂ ਨੂੰ ਜਾਰੀ ਕੀਤੀਆਂ ਮੁਫਤ ਕਿਤਾਬਾਂ 'ਚ ਪਹਿਲੀ ਸ਼੍ਰੇਣੀ ਦੀ ਪੰਜਾਬੀ ਪਾਠ ਪੁਸਤਕ, ਦੂਸਰੀ ਸ਼੍ਰੇਣੀ ਦੀ ਕੋਈ ਵੀ ਪੁਸਤਕ ਜਾਰੀ ਨਹੀਂ ਹੋਈ। ਇਸੇ ਤਰ੍ਹਾਂ ਤੀਸਰੀ, ਚੌਥੀ ਤੇ ਪੰਜਵੀਂ ਸ਼੍ਰੇਣੀ ਦਾ ਗਣਿਤ ਜੋ ਅਹਿਮ ਕਿਤਾਬਾਂ ਦੀ ਅਣਹੋਂਦ ਵਿਸ਼ੇ ਮੰਨੇ ਜਾਂਦੇ ਹਨ ਸਕੂਲਾਂ 'ਚ ਨਹੀਂ ਪਹੁੰਚੇ ਜਦਕਿ ਪ੍ਰਾਇਮਰੀ ਸਕੂਲਾਂ 'ਚ 1 ਅਪ੍ਰੈਲ ਤੋਂ ਕਲਾਸਾਂ ਸ਼ੁਰੂ ਹਨ। 
ਬੀਤੇ ਵਰ੍ਹੇ ਵੀ ਵਿਦਿਆਰਥੀਆਂ ਨੂੰ ਪੁਰਾਣੀਆਂ ਕਿਤਾਬਾਂ ਨਾਲ ਸਾਰਨਾ ਪਿਆ ਸੀ ਬੁੱਤਾ
ਸਿੱਖਿਆ ਮਾਹਿਰ ਅਧਿਆਪਕ ਤੇ ਮਾਪੇ ਇਸ ਗੱਲ ਤੋਂ ਖਫਾ ਅਤੇ ਚਿੰਤਤ ਹਨ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਜਿਨ੍ਹਾਂ ਨੂੰ ਮੁੱਖ ਵਿਸ਼ਿਆਂ ਦੀਆਂ ਮਹੀਨਾ ਬੀਤ ਜਾਣ ਤੋਂ ਬਾਅਦ ਵੀ ਕਿਤਾਬਾਂ ਨਹੀਂ ਮਿਲੀਆਂ, ਉਹ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਪੱਖੋਂ ਮੁਕਾਬਲਾ ਕਿਵੇਂ ਕਰਨਗੇ ਕਿਉਂਕਿ ਮੋਟੀਆਂ ਫੀਸਾਂ ਵਸੂਲਣ ਵਾਲੇ ਪ੍ਰਾਈਵੇਟ ਸਕੂਲਾਂ ਵਾਲੇ ਪ੍ਰਬੰਧਕਾਂ ਵਲੋਂ ਤਾਂ ਨਵੀਂ ਕਲਾਸ ਸ਼ੁਰੂ ਕਰਨ ਲਈ ਦਾਖਲਾ ਫੀਸ ਲੈਣ ਦੇ ਨਾਲ ਹੀ ਮਾਪਿਆਂ ਨੂੰ ਕਿਤਾਬਾਂ ਦੇ ਸੈੱਟ ਸੌਂਪ ਦਿੰਦੇ ਹਨ।
ਅਧਿਆਪਕਾਂ ਚਿੰਤਾ ਪ੍ਰਗਟਾਈ ਕਿ ਵੱਡੇ-ਵੱਡੇ ਅਖਬਾਰੀ ਬਿਆਨ ਦੇਣ ਵਾਲੀ ਮੌਜੂਦਾ ਸਮੇਂ ਦੀ ਸਰਕਾਰ ਦੇ ਸ਼ਾਸਨ ਦੌਰਾਨ ਪਹਿਲੀ ਤੋਂ ਪੰਜਵੀਂ ਸ਼੍ਰੇਣੀ ਦੇ ਵਿਦਿਆਰਥੀ ਬੀਤੇ ਵਰ੍ਹੇ ਅਹਿੰਮ ਵਿਸ਼ਿਆਂ ਦੀਆਂ ਕਿਤਾਬਾਂ ਨੂੰ ਉਡੀਕਦੇ ਰਹੇ ਵਿਦਿਅਕ ਸੈਸ਼ਨ 2017-18 ਤਾਂ ਸੰਪੰਨ ਹੋ ਗਿਆ ਪਰ ਸਰਕਾਰ ਵਿਦਿਆਰਥੀਆਂ ਨੂੰ ਕਿਤਾਬਾਂ ਪਹੁੰਚਾਉਣ 'ਚ ਅਸਮਰਥ ਰਹੀ ਤੇ ਬੱਚਿਆਂ ਨੂੰ ਪੁਰਾਣੀਆਂ ਕਿਤਾਬਾਂ ਨਾਲ ਹੀ ਬੁੱਤਾ ਸਾਰਨਾ ਪਿਆ। 
ਜ਼ਿਕਰਯੋਗ ਹੈ ਕਿ ਇਸ ਵਾਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸਿੱਖਿਆ ਵਿਭਾਗ ਵਲੋਂ ਵਿਸ਼ਿਆਂ ਦੇ ਸਿਲੇਬਸ 'ਚ ਤਬਦੀਲੀ ਕੀਤੀ ਗਈ ਹੈ ਤੇ ਨਵੀਆਂ ਕਿਤਾਬਾਂ ਦੇ ਬੋਰਡ ਕੋਲ ਨਾ ਪਹੁੰਚਣ ਕਰਕੇ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀ ਪੁਰਾਣੀਆਂ ਕਿਤਾਬਾਂ ਤੋਂ ਵੀ ਨਹੀਂ ਪੜ੍ਹ ਸਕਦੇ।
ਕਿਤਾਬਾਂ ਛਪਾਈ ਲੇਟ ਹੋਣ ਕਾਰਨ ਹੋਈ ਦੇਰੀ, ਜਲਦ ਹੀ ਸਕੂਲਾਂ 'ਚ ਪਹੁੰਚਾ ਰਹੇ ਹਾਂ : ਡੀ. ਈ. ਓ.
ਜ਼ਿਲਾ ਸਿੱਖਿਆ ਅਧਿਕਾਰੀ (ਐਲੀ.) ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਪੜ੍ਹ ਰਹੇ ਵਿਦਿਆਰਥੀਆਂ ਜਿਨ੍ਹਾਂ ਨੂੰ ਪੰਜਾਬੀ, ਗਣਿਤ ਵਰਗੇ ਅਹਿਮ ਤੇ ਮੁੱਖ ਵਿਸ਼ਿਆਂ ਦੀਆਂ ਕਿਤਾਬਾਂ ਮਹੀਨਾ ਬੀਤਣ ਦੇ ਬਾਵਜੂਦ ਵੀ ਨਹੀਂ ਮਿਲ ਸਕੀਆਂ, ਸਬੰਧੀ ਜਦੋਂ ਜ਼ਿਲਾ ਸਿੱਖਿਆ ਅਧਿਕਾਰੀ (ਐਲੀ.) ਕਪੂਰਥਲਾ ਨਾਲ ਸੰਪਰਕ ਕੀਤਾ ਤਾਂ ਉਪ ਜ਼ਿਲਾ ਸਿੱਖਿਆ ਅਧਿਕਾਰੀ ਗੁਰਚਰਨ ਸਿੰਘ ਮੁਲਤਾਨੀ ਨੇ ਕਿਹਾ ਕਿ ਕੁਝ ਚੋਣਵੇਂ ਵਿਸ਼ਿਆਂ ਦੀਆਂ ਕਿਤਾਬਾਂ ਛਪਾਈ ਕਾਰਨ ਲੇਟ ਹੋ ਗਈਆਂ ਹਨ ਜੋ ਜਲਦ ਹੀ ਸਕੂਲਾਂ 'ਚ ਪਹੁੰਚਾ ਰਹੇ ਹਾਂ।