VIP ਕਲਚਰ ਤੋਂ ਬਾਅਦ ਸਰਕਾਰ ਦੇ ਮੰਤਰੀਆਂ ਦੀ ਦੂਜੀ ਵੱਡੀ ਪਹਿਲ ''ਭ੍ਰਿਸ਼ਟਾਚਾਰ ਨੂੰ ਰੋਕਣ ਲਈ ਗਿਫਟ ਕਲਚਰ ''ਤੇ ਪਾਬੰਦੀ''

10/16/2017 1:47:17 PM

ਬਠਿੰਡਾ (ਵਰਮਾ)-ਕੈਪਟਨ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਵੀ. ਆਈ. ਪੀ. ਕਲਚਰ ਖਤਮ ਕਰਨ ਦਾ ਜੋ ਵਾਅਦਾ ਕੀਤਾ ਸੀ ਉਸ 'ਤੇ ਸਰਕਾਰ ਖਰੀ ਉਤਰੀ। ਹੁਣ ਸਰਕਾਰ ਦੇ ਮੰਤਰੀਆਂ ਨੇ ਗਿਫਟ ਕਲਚਰ ਖਤਮ ਕਰਨ ਦਾ ਵੀ ਫੈਸਲਾ ਲਿਆ, ਜਿਸ ਨਾਲ ਭ੍ਰਿਸ਼ਟਾਚਾਰ 'ਤੇ ਰੋਕ ਲੱਗੇਗੀ। ਦੀਵਾਲੀ ਮੌਕੇ ਗਿਫਟ ਦੇ ਰੂਪ ਵਿਚ ਭ੍ਰਿਸ਼ਟਾਚਾਰ ਹੁੰਦਾ ਹੈ, ਜਿਸ ਨੂੰ ਰੋਕਣ ਲਈ ਪੰਜਾਬ ਦੇ ਦੋ ਮੰਤਰੀ ਰਣਜੀਤ ਸਿੰਘ ਚੰਨੀ ਤੇ ਮਨਪ੍ਰੀਤ ਸਿੰਘ ਬਾਦਲ ਨੇ ਸੰਕੇਤ ਦਿੱਤੇ ਕਿ ਦੀਵਾਲੀ 'ਤੇ ਅਫਸਰ ਤੇ ਆਗੂਆਂ ਨੂੰ ਕੋਈ ਵੀ ਗਿਫਟ ਨਾ ਵੰਡਿਆ ਜਾਵੇ।
ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਕੋਈ ਫੈਸਲਾ ਨਹੀਂ ਲਿਆ ਗਿਆ ਹੈ ਅਤੇ ਨਾ ਹੀ ਕੋਈ ਪੱਤਰ ਜਾਰੀ ਕੀਤਾ ਗਿਆ ਹੈ ਪਰ ਤਕਨੀਕੀ ਸਿੱਖਿਆ ਮੰਤਰੀ ਨੇ ਦੀਵਾਲੀ ਮੌਕੇ ਕੋਈ ਵੀ ਤੋਹਫਾ ਸਵੀਕਾਰ ਨਾ ਕਰਨ ਦਾ ਫੈਸਲਾ ਲਿਆ ਹੈ। ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਚੰਨੀ ਨੇ ਦੱਸਿਆ ਕਿ ਉਨ੍ਹਾਂ ਨੇ ਜ਼ੁਬਾਨੀ ਹਦਾਇਤਾਂ ਜਾਰੀ ਕਰ ਕੇ ਪੂਰੇ ਅਦਾਰੇ 'ਚ ਸੰਦੇਸ਼ ਦਿੱਤਾ ਹੈ ਕਿ ਦੀਵਾਲੀ ਮੌਕੇ ਕੋਈ ਵੀ ਤੋਹਫਾ ਲੈ ਕੇ ਉਨ੍ਹਾਂ ਦੇ ਘਰ ਜਾਂ ਦਫਤਰ ਨਾ ਆਉਣ। 
ਦੂਜੇ ਪਾਸੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਕਰੀਬੀ ਰਿਸ਼ਤੇਦਾਰ ਜੈਜੀਤ ਜੌਹਲ ਦਾ ਕਹਿਣ ਹੈ ਕਿ ਮਨਪ੍ਰੀਤ ਸਿੰਘ ਬਾਦਲ ਨੇ ਪਹਿਲਾਂ ਵੀ ਬਤੌਰ ਵਿੱਤ ਮੰਤਰੀ ਸਾਰਿਆਂ ਨੂੰ ਮਨ੍ਹਾ ਕੀਤਾ ਹੋਇਆ ਸੀ ਕਿ ਕੋਈ ਵੀ ਦੀਵਾਲੀ ਮੌਕੇ ਤੋਹਫਾ ਲੈ ਕੇ ਉਨ੍ਹਾਂ ਦੇ ਘਰ ਦਾਖਲ ਨਾ ਹੋਣ ਅਤੇ ਹੁਣ ਉਹ ਵੀ ਆਪਣੇ ਮਿਸ਼ਨ 'ਤੇ ਪਹਿਰਾ ਦੇਣਗੇ।
ਇਸ ਦੌਰਾਨ 'ਆਪ' ਆਗੂਆਂ ਨੇ ਕੈਪਟਨ ਸਰਕਾਰ 'ਤੇ ਇਸ ਮਾਮਲੇ ਨੂੰ ਲੈ ਕੇ ਉਂਗਲੀ ਉਠਾਈ ਹੈ ਅਤੇ ਕਿਹਾ ਹੈ ਕਿ ਸਰਕਾਰ ਨੇ ਆਪਣਾ ਸਟੈਂਡ ਸਪੱਸ਼ਟ ਨਹੀਂ ਕੀਤਾ ਹੈ। ਆਪ ਦੇ ਕਨਵੀਨਰ ਅਤੇ ਐੱਮ. ਪੀ. ਭਗਵੰਤ ਮਾਨ ਦਾ ਕਹਿਣਾ ਸੀ ਕਿ ਦਿੱਲੀ 'ਚ ਕੇਜਰੀਵਾਲ ਸਰਕਾਰ ਦੇ ਹਰ ਮੰਤਰੀ ਵੱਲੋਂ ਦੀਵਾਲੀ ਮੌਕੇ ਦਫਤਰਾਂ 'ਚ ਬਾਕਾਇਦਾ ਨੋਟਿਸ ਚਿਪਕਾਏ ਜਾਂਦੇ ਹਨ ਕਿ ਕੋਈ ਵੀ ਤੋਹਫਾ ਸਵੀਕਾਰ ਨਹੀਂ ਕੀਤਾ ਜਾਵੇਗਾ। ਐੱਮ. ਪੀ. ਮਾਨ ਨੇ ਕਿਹਾ ਕਿ ਡਾਇਰੈਕਟਲੀ ਦੀਵਾਲੀ ਮੌਕੇ ਮਿਲਦੇ ਤੋਹਫੇ ਵੀ ਰਿਸ਼ਵਤ ਹੀ ਹਨ, ਜਿਸ ਬਾਰੇ ਕੈਪਟਨ ਸਰਕਾਰ ਆਪਣਾ ਸਟੈਂਡ ਸਪੱਸ਼ਟ ਕਰੇ। ਉਨ੍ਹਾਂ ਕਿਹਾ ਕਿ ਆਪ ਪੂਰੀ ਤਰ੍ਹਾਂ ਤੋਹਫਾ ਕਲਚਰ ਖਿਲਾਫ ਹੈ ਜੋ ਕਿ ਪੰਜਾਬ 'ਚ ਬੰਦ ਹੋਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਇਸ ਵਾਰ ਕਾਂਗਰਸੀ ਵਿਧਾਇਕਾਂ ਨੂੰ ਦਸ ਸਾਲਾਂ ਬਾਅਦ ਹਕੂਮਤੀ ਦੀਵਾਲੀ ਮਨਾਉਣ ਦਾ ਮੌਕਾ ਮਿਲਿਆ ਹੈ। ਦੂਜੇ ਪਾਸੇ ਗਠਜੋੜ ਦੇ ਆਗੂਆਂ ਦੀ ਇਸ ਵਾਰ ਦੀਵਾਲੀ ਸੁੱਕੀ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਵਿਜੀਲੈਂਸ ਰੇਂਜ ਬਠਿੰਡਾ ਦੇ ਐੱਸ. ਐੱਸ. ਪੀ. ਨੇ ਵੀ ਇਹ ਪਹਿਲ ਕੀਤੀ ਹੈ ਅਤੇ ਰੇਂਜ ਦੇ ਅਫਸਰਾਂ ਅਤੇ ਮੁਲਾਜ਼ਮਾਂ ਨੂੰ ਦੀਵਾਲੀ ਮੌਕੇ 'ਤੋਹਫਾ ਕਲਚਰ' ਤੋਂ ਦੂਰ ਰਹਿਣ ਦੇ ਹੁਕਮ ਦਿੱਤੇ ਹਨ। 
ਬਠਿੰਡਾ ਰੇਂਜ ਦੇ ਐੱਸ. ਐੱਸ. ਪੀ. ਵਿਜੀਲੈਂਸ ਜਗਜੀਤ ਸਿੰਘ ਭਗਤਾਨਾ ਨੇ ਅਪੀਲ ਕੀਤੀ ਕਿ ਕੋਈ ਅਧਿਕਾਰੀ ਜਾਂ ਕਰਮਚਾਰੀ ਤੋਹਫਾ ਕਲਚਰ ਵਿਚ ਨਾ ਉਲਝੇ, ਜੇਕਰ ਕੋਈ ਮਠਿਆਈ ਦੀ ਦਫਤਰ ਵਿਚ ਪੇਸ਼ਕਸ਼ ਕਰਦਾ ਹੈ ਤਾਂ ਉਹ ਮਠਿਆਈ ਦਫਤਰ ਵਿਚ ਹੀ ਸਾਰੇ ਦੂਜੇ ਕਰਮਚਾਰੀਆਂ ਨੂੰ ਵੰਡ ਦਿੱਤੀ ਜਾਵੇ। ਪੱਤਾ ਲੱਗਾ ਹੈ ਕਿ ਆਈ. ਪੀ. ਐੱਸ. ਅਧਿਕਾਰੀ ਡਾ. ਜਤਿੰਦਰ ਜੈਨ, ਈਸ਼ਵਰ ਸਿੰਘ ਅਤੇ ਗੌਰਵ ਯਾਦਵ ਬਤੌਰ ਐੱਸ. ਐੱਸ. ਪੀ. ਤਾਇਨਾਤੀ ਦੌਰਾਨ ਦੀਵਾਲੀ ਮੌਕੇ ਤੋਹਫੇ ਨਾ ਲਏ ਜਾਣ ਦਾ ਸੰਦੇਸ਼ ਪੂਰੇ ਜ਼ਿਲੇ ਵਿਚ ਦਿੰਦੇ ਰਹੇ ਹਨ। ਸੀਨੀਅਰ ਐਡਵੋਕੇਟ ਕੁਲਦੀਪ ਸਿੰਘ ਬੰਗੀ ਕਹਿੰਦੇ ਹਨ ਕਿ ਮਨਪ੍ਰੀਤ ਅਤੇ ਚੰਨੀ ਦੀ ਕੋਸ਼ਿਸ਼ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਐੱਸ. ਐੱਸ. ਪੀ. ਵਿਜੀਲੈਂਸ ਵੀ ਨਵੀਂ ਮਿਸਾਲ ਪੇਸ਼ ਕਰ ਰਹੇ ਹਨ।