ਕੀ ਢੀਂਡਸਾ ਤੋਂ ਬਾਅਦ ਅਗਲਾ ਨੰਬਰ ਚੰਦੂਮਾਜਰਾ ਦਾ ਹੋਵੇਗਾ?

01/18/2020 11:02:47 AM

ਜਲੰਧਰ (ਬੁਲੰਦ)— ਸ਼੍ਰੋਮਣੀ ਅਕਾਲੀ ਦਲ ਲਈ ਹਾਲਾਤ ਜ਼ਿਆਦਾ ਸੁਖਦਾਇਕ ਨਜ਼ਰ ਨਹੀਂ ਆ ਰਹੇ ਹਨ। ਪਾਰਟੀ ਦੇ ਵੱਡੇ ਆਗੂ ਪਾਰਟੀ ਨੂੰ ਅਲਵਿਦਾ ਕਹਿੰਦੇ ਜਾ ਰਹੇ ਹਨ ਅਤੇ ਨਵੇਂ ਆਗੂਆਂ 'ਤੇ ਉਸ ਪੱਧਰ ਦਾ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ, ਜੋ ਪੁਰਾਣੇ ਆਗੂਆਂ 'ਤੇ ਕੀਤਾ ਜਾਂਦਾ ਹੈ। ਢੀਂਡਸਾ ਤੋਂ ਬਾਅਦ ਅਗਲਾ ਨੰਬਰ ਕਿਸ ਦਾ ਹੋਵੇਗਾ ਇਸ ਬਾਰੇ ਅਜੇ ਲੋਕ ਸੋਚ ਹੀ ਰਹੇ ਸਨ ਕਿ ਬੀਤੇ ਦਿਨ ਸ਼ਾਇਦ ਦਿੱਲੀ ਤੋਂ ਕੱਢੇ ਗਏ ਅਤੇ ਅਕਾਲੀ ਦਲ ਦੇ ਵਿਰੋਧ 'ਚ ਖੜ੍ਹੇ ਮਨਜੀਤ ਸਿੰਘ ਜੀ. ਕੇ. ਦੀ ਇਕ ਤਸਵੀਰ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਦਿੱਲੀ ਨਿਵਾਸ 'ਤੇ ਉਨ੍ਹਾਂ ਨਾਲ ਸਾਹਮਣੇ ਆਈ।

ਜਿਸ ਤੋਂ ਬਾਅਦ ਇਹ ਚਰਚਾ ਹੋਰ ਤੇਜ਼ ਹੋ ਗਈ ਕਿ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿਣ ਦਾ ਅਗਲਾ ਮੌਕਾ ਚੰਦੂਮਾਜਰਾ ਨੂੰ ਮਿਲਿਆ ਪਰ ਮਾਮਲੇ ਬਾਰੇ ਚੰਦੂਮਾਜਰਾ ਦੇ ਲੜਕੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਚੰਦੂਮਾਜਰਾ ਪਰਿਵਾਰ ਅਕਾਲੀ ਦਲ ਦੇ ਨਾਲ ਹੈ ਅਤੇ ਹਮੇਸ਼ਾ ਰਹੇਗਾ। ਉਨ੍ਹਾਂ ਕਿਹਾ ਕਿ ਅਸਲ 'ਚ ਅਕਾਲੀ ਦਲ ਵਿਰੋਧ ਦਾ ਕੋਈ ਮੌਕਾ ਜਾਣ ਨਹੀਂ ਦੇਣਾ ਚਾਹੁੰਦੇ, ਜਿਸ ਕਾਰਨ ਉਹ ਪਾਰਟੀ ਨੂੰ ਬਦਨਾਮ ਕਰ ਸਕਣ। ਉਨ੍ਹਾਂ ਕਿਹਾ ਕਿ ਜੀ. ਕੇ. ਦੇ ਬਿਨ੍ਹਾਂ ਬੁਲਾਏ ਹੀ ਉਨ੍ਹਾਂ ਦੇ ਦਿੱਲੀ ਨਿਵਾਸ 'ਤੇ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਆਪਣੇ 18 ਤਰੀਕ ਦੇ ਪ੍ਰੋਗਰਾਮ 'ਚ ਸ਼ਾਮਲ ਹੋਣ ਦਾ ਸੱਦਾ ਦੇਣ ਪਹੁੰਚੇ ਸਨ। ਇਸ ਮੌਕੇ ਚੰਦੂਮਾਜਰਾ ਨੇ ਉਨ੍ਹਾਂ ਨੂੰ ਸਮਝਾਇਆ ਵੀ ਕਿ ਉਹ ਅਕਾਲੀ ਦਲ ਤੋਂ ਹੀ ਪਛਾਣ ਬਣਾ ਕੇ ਅੱਜ ਉਸ ਦਾ ਵਿਰੋਧ ਨਾ ਕਰਨ।

ਉਥੇ ਹੀ ਦੂਜੇ ਪਾਸੇ ਜੀ. ਕੇ. ਨੇ ਕਿਹਾ ਕਿ ਉਹ ਤਾਂ ਅਕਾਲੀ ਦਲ ਨੂੰ ਬਾਦਲਾਂ ਦੇ ਹੱਥੋਂ ਛਡਵਾਉਣ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਦਾ ਚੰਦੂਮਾਜਰਾ ਦੇ ਘਰ ਜਾਣ ਦਾ ਸਿਰਫ ਇਕ ਹੀ ਮਕਸਦ ਸੀ ਉਹ ਉਨ੍ਹਾਂ ਦੀ ਬੁੱਧੀ ਨੂੰ ਜਗਾਉਣ ਅਤੇ ਉਨ੍ਹਾਂ ਨੂੰ ਬਾਦਲਾਂ ਦੀ ਗੁਲਾਮੀ ਤੋਂ ਮੁਕਤ ਕਰਵਾਉਣ।

shivani attri

This news is Content Editor shivani attri