ਚੰਦੂਮਾਜਰਾ ਦਾ ਜਾਖੜ ਨੂੰ ਸਵਾਲ, 4100 ਕਰੋੜ ਰੁਪਏ ਦੇ ਘਪਲੇ ਬਾਰੇ ਚੁੱਪ ਕਿਉਂ ਨੇ

02/11/2020 12:58:04 PM

ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਕਾਂਗਰਸ ਮੁਖੀ ਸੁਨੀਲ ਜਾਖੜ ਨੂੰ ਕਿਹਾ ਹੈ ਕਿ ਉਹ ਤਲਵੰਡੀ ਸਾਬੋ ਥਰਮਲ ਪਲਾਂਟ ਵਲੋਂ ਕੀਤੇ ਜਾਂਦੇ ਪ੍ਰਦੂਸ਼ਣ ਬਾਰੇ ਚਿੰਤਾ ਜਤਾ ਕੇ ਲੋਕਾਂ ਨੂੰ ਮੂਰਖ ਨਾ ਬਣਾਉਣ, ਜਦੋਂਕਿ ਉਸ ਦੀ ਆਪਣੀ ਸਰਕਾਰ ਨੇ ਪ੍ਰਦੂਸ਼ਣ-ਰੋਕੂ ਯੰਤਰ ਲਾਉਣ ਦੀ ਸਿਫਾਰਿਸ਼ ਕਰ ਕੇ ਇਸ ਪਲਾਂਟ ਦੀ ਮਿਆਦ ਵਧਾਈ ਸੀ। ਇਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਸੀਨੀਅਰ ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਇਹ ਦੂਜੀ ਵਾਰ ਹੈ ਕਿ ਸੁਨੀਲ ਜਾਖੜ ਨੇ 4100 ਕਰੋੜ ਰੁਪਏ ਦੇ ਬਿਜਲੀ ਘਪਲੇ ਤੋਂ ਧਿਆਨ ਲਾਂਭੇ ਕਰਨ ਲਈ ਬੇਲੋੜੀ ਡਰਾਮੇਬਾਜ਼ੀ ਕੀਤੀ ਹੈ। ਇਸ ਘਪਲੇ 'ਚ ਕਾਂਗਰਸ ਸਰਕਾਰ ਨੇ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਹਿੱਤਾਂ ਦੀ ਰਾਖੀ ਲਈ ਬਹੁਤ ਜਲਦਬਾਜ਼ੀ ਦਿਖਾਈ ਗਈ ਸੀ। ਉਨ੍ਹਾਂ ਕਿਹਾ ਕਿ ਮੈਂ ਜਾਖੜ ਨੂੰ ਇਕ ਸੁਆਲ ਪੁੱਛਣਾ ਚਾਹੁੰਦਾ ਹਾਂ। ਉਹ 4100 ਕਰੋੜ ਰੁਪਏ ਦੇ ਬਿਜਲੀ ਘਪਲੇ ਬਾਰੇ ਕਿਉਂ ਚੁੱਪ ਹੈ? ਉਹ ਇਸ ਕੇਸ ਨੂੰ ਕਾਰਵਾਈ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਜਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਕੋਲ ਕਿਉਂ ਨਹੀਂ ਲੈ ਕੇ ਗਏ?

4100 ਕਰੋੜ ਰੁਪਏ ਦੇ ਬਿਜਲੀ ਘਪਲੇ ਦੀ ਜਾਂਚ ਕਰਵਾਈ ਜਾਵੇ
ਅਕਾਲੀ ਆਗੂ ਨੇ ਕਿਹਾ ਕਿ ਪ੍ਰਦੇਸ਼ ਕਾਂਗਰਸ ਮੁਖੀ ਸਿਰਫ਼ ਕਾਂਗਰਸ ਪਾਰਟੀ ਦੇ ਭ੍ਰਿਸ਼ਟ ਸੌਦਿਆਂ ਤੋਂ ਧਿਆਨ ਲਾਂਭੇ ਕਰਨ ਲਈ ਇਹ ਡਰਾਮੇਬਾਜ਼ੀ ਕਰ ਰਿਹਾ ਹੈ, ਜਦਕਿ ਕਾਂਗਰਸ ਦੀਆਂ ਹੇਰਾਫੇਰੀਆਂ ਹੀ ਵਾਰ-ਵਾਰ ਵਧ ਰਹੀਆਂ ਬਿਜਲੀ ਦਰਾਂ ਦੀ ਅਸਲੀ ਵਜ੍ਹਾ ਹਨ। ਉੁਨ੍ਹਾਂ ਕਿਹਾ ਕਿ ਜੇਕਰ ਜਾਖੜ ਇਸ ਮਸਲੇ ਬਾਰੇ ਸਚਮੁੱਚ ਸੰਜੀਦਾ ਹੁੰਦਾ ਤਾਂ ਉਸ ਨੇ 4100 ਕਰੋੜ ਰੁਪਏ ਦੇ ਬਿਜਲੀ ਘਪਲੇ ਦੀ ਇਕ ਸੁਤੰਤਰ ਜਾਂਚ ਕਰਵਾਉਣੀ ਸੀ ਜਾਂ ਸੂਬਾ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਪ੍ਰਦੂਸ਼ਣ ਰੋਕੂ ਯੰਤਰ ਨਾ ਲਾਉਣ ਲਈ ਸਾਰੇ ਪ੍ਰਾਈਵੇਟ ਥਰਮਲ ਪਲਾਂਟ ਬੰਦ ਕਰਾਉਣ ਦਾ ਨਿਰਦੇਸ਼ ਦੇਣਾ ਸੀ। ਸੱਚਾਈ ਇਹ ਹੈ ਕਿ ਕਾਂਗਰਸ ਪਾਰਟੀ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਪ੍ਰਬੰਧਕਾਂ ਨਾਲ ਮਿਲੀ ਹੋਈ ਹੈ ਅਤੇ ਜਾਖੜ ਸਰਕਾਰ ਨੂੰ ਨੁਕਤਾਚੀਨੀ ਤੋਂ ਬਚਾਉਣ ਲਈ ਘਟੀਆ ਹਥਕੰਡੇ ਵਰਤ ਰਹੇ ਹਨ।

ਪ੍ਰੋ. ਚੰਦੂਮਾਜਰਾ ਨੇ ਪੀ. ਪੀ. ਸੀ. ਸੀ. ਮੁਖੀ ਨੂੰ ਇਹ ਵੀ ਮਸ਼ਵਰਾ ਦਿੱਤਾ ਕਿ ਜੇਕਰ ਉਹ ਸਚਮੁੱਚ ਪੰਜਾਬ ਦੇ ਲੋਕਾਂ ਨੂੰ ਇਨਸਾਫ਼ ਦਿਵਾਉਣਾ ਚਾਹੁੰਦੇ ਹਨ ਤਾਂ ਉਸ ਨੂੰ ਮੁੱਖ ਮੰਤਰੀ ਕੋਲੋਂ ਜੁਆਬ ਮੰਗਣੇ ਚਾਹੀਦੇ ਹਨ ਅਤੇ ਜੇਕਰ ਕੈਪਟਨ ਉਸ ਨੂੰ ਮਿਲਣ ਤੋਂ ਇਨਕਾਰ ਕਰਦਾ ਹੈ, ਜਿਸ ਤਰ੍ਹਾਂ ਕਿ ਪਹਿਲਾਂ ਵੀ ਵਾਪਰ ਚੁੱਕਿਆ ਹੈ ਤਾਂ ਉਸ ਨੂੰ ਸੋਨੀਆ ਗਾਂਧੀ ਕੋਲ ਪਹੁੰਚ ਕਰਨੀ ਚਾਹੀਦੀ ਹੈ।

Anuradha

This news is Content Editor Anuradha