ਮਾਲਵੇ ਦੀਆਂ 78 ਫੀਸਦੀ ਗਰਭਵਤੀ ਔਰਤਾਂ 'ਚ ਖੂਨ ਦੀ ਘਾਟ

09/17/2018 3:53:54 PM

ਫਰੀਦਕੋਟ— ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ , ਹਸਪਤਾਲ, ਫਰੀਦਕੋਟ ਅਤੇ ਦਿ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ (ਪੀ.ਐੱਸ.ਸੀ.ਐੱਸ.ਟੀ.) ਵਲੋਂ ਗਰਭਵਤੀ ਔਰਤਾਂ 'ਤੇ ਕੀਤੇ ਗਏ ਸਰਵੇ 'ਤੇ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਇਸ ਸਰਵੇ ਮੁਤਾਬਕ 500 ਔਰਤਾਂ ਦੀ ਜਾਂਚ ਕੀਤੀ ਗਈ, ਜਿਸ ਦੌਰਾਨ ਪਤਾ ਚੱਲਿਆ ਕਿ ਦੂਸ਼ਿਤ ਪਾਣੀ ਕਾਰਨ ਉਨ੍ਹਾਂ ਨੂੰ ਖੂਨ ਦੀ ਘਾਟ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਤੀਜੇ ਵਜੋਂ ਅਜਿਹੀਆਂ ਔਰਤਾਂ ਦੀ ਜਿੱਥੇ ਲਾਲ ਸੈੱਲਾਂ ਦੀ ਗਿਣਤੀ ਘੱਟ ਜਾਂਦੀ ਹੈ ਉੱਥੇ ਉਨ੍ਹਾਂ 'ਚ ਹੀਮੋਗਲੋਬਿਨ (ਖੂਨ ਦੇ ਪੱਧਰ) ਦੀ ਵੀ ਘਾਟ ਹੋ ਜਾਂਦੀ ਹੈ। ਅਧਿਐਨ 'ਚ ਸ਼ਾਮਲ ਜ਼ਿਆਦਾਤਰ ਔਰਤਾਂ ਪੰਜਾਬ ਦੇ ਪੇਂਡੂ ਖੇਤਰਾਂ ਨਾਲ ਸਬੰਧਿਤ ਹਨ, ਇਨ੍ਹਾਂ ਔਰਤਾਂ 'ਚ ਫਲੋਰਾਈਡ ਦਾ ਪੱਧਰ ਆਮ ਨਾਲੋਂ ਵੱਧ  ਪਾਇਆ ਗਿਆ ਅਤੇ ਇਸ ਦਾ ਮੂਲ ਰੂਪ 'ਚ ਕਾਰਨ ਪਾਣੀ ਦਾ ਦੂਸ਼ਿਤ ਹੋਣਾ ਹੈ। ਮਾਲਵੇ ਦੇ ਪਾਣੀ 'ਚ ਫਲੋਰਾਈਡ ਦਾ ਪੱਧਰ ਵੱਧ ਹੈ। ਖੂਨ ਦੀ ਘਾਟ ਕਾਰਨ ਬਹੁਤ ਸਾਰੀਆਂ ਗਰਭਵਤੀ ਔਰਤਾਂ ਦਾ ਗਰਭਪਾਤ ਵੀ ਹੋ ਜਾਂਦਾ ਹੈ।